ਚੰਡੀਗੜ੍ਹ, 29 ਦਸੰਬਰ, Gee98 news service
-ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਸਬੰਧੀ ਮਾਨਯੋਗ ਸੁਪਰੀਮ ਕੋਰਟ ਦੇ ਜੱਜਾਂ ਵੱਲੋਂ ਕੀਤੀਆਂ ਟਿੱਪਣੀਆਂ ਭਖਵੀਂ ਚਰਚਾ ਦਾ ਵਿਸ਼ਾ ਬਣ ਗਈਆਂ ਹਨ। ਸੁਪਰੀਮ ਕੋਰਟ ਦੇ ਮਾਨਯੋਗ ਜਸਟਿਸ ਸੂਰਿਆ ਕਾਂਤ ਤੇ ਜਸਟਿਸ ਸੁਧਾਂਸ਼ੂ ਧੂਲੀਆ ਨੇ ਜਿਹੜੇ ਲਹਿਜ਼ੇ ਅਤੇ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਐਡਵੋਕੇਟ ਜਨਰਲ ਅਤੇ ਪੰਜਾਬ ਦੇ ਮੁੱਖ ਸਕੱਤਰ ਨੂੰ ਸਖ਼ਤ ਗੱਲਾਂ ਆਖੀਆਂ, ਉਹਨਾਂ ਗੱਲਾਂ ਦੇ ਮੱਦੇਨਜ਼ਰ ਸਪੱਸ਼ਟ ਹੈ ਕਿ ਪੰਜਾਬ ਦੇ ਇਹਨਾਂ ਦੋ ਚੋਟੀ ਦੇ ਅਫ਼ਸਰਾਂ ਨੂੰ ਸੁਪਰੀਮ ਕੋਰਟ ਦੀ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਸੁਣਵਾਈ ਦੌਰਾਨ ਮਾਨਯੋਗ ਜੱਜਾਂ ਨੇ ਦੋਵੇਂ ਅਫ਼ਸਰਾਂ ਨੂੰ ਚਿਤਾਵਨੀ ਦੇ ਦਿੱਤੀ ਕਿ 31 ਦਸੰਬਰ ਤੱਕ ਡੱਲੇਵਾਲ ਨੂੰ ਹਸਪਤਾਲ ਦਾਖਲ ਕਰਵਾਓ ਨਹੀਂ ਸਖ਼ਤ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹੋ। ਸੁਪਰੀਮ ਕੋਰਟ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਵਾਲੇ ਸਥਾਨ ‘ਤੇ ਹਾਜ਼ਰ ਕੁਝ ਵੱਡੇ ਕਿਸਾਨ ਆਗੂਆਂ ਪ੍ਰਤੀ ਵੀ ਵੱਡੀ ਟਿੱਪਣੀ ਕਰਦੇ ਹੋਏ ਕਿਹਾ ਕਿ ” ਉਸ ਨੂੰ ਕੁਝ ਕਿਸਾਨ ਆਗੂਆਂ ਦੇ ਇਰਾਦਿਆਂ ਉੱਤੇ ਵੀ ਸ਼ੱਕ ਹੈ, ਜੋ ਡੱਲੇਵਾਲ ਤੱਕ ਮੈਡੀਕਲ ਸਹਾਇਤਾ ਪੁੱਜਦੀ ਕਰਨ ਵਿਚ ਅੜਿੱਕਾ ਬਣ ਰਹੇ ਹਨ। ਕੋਰਟ ਨੇ ਕਿਹਾ ਕਿ ਅਜਿਹੇ ਲੋਕ ਡੱਲੇਵਾਲ ਦੇ ਖੈਰ-ਖਵਾਹ ਨਹੀਂ ਹੋ ਸਕਦੇ ਤੇ ਉਹ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਫੌਜਦਾਰੀ ਅਪਰਾਧ ਵਿਚ ਸ਼ਾਮਲ ਹਨ”। ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਆਗੂ ਨੂੰ ਜੇ ਜਬਰੀ ਚੁੱਕਦੇ ਹਾਂ ਤਾਂ ਉਥੇ ਕਿਸਾਨਾਂ ਤੇ ਪੁਲੀਸ ਦਰਮਿਆਨ ਟਕਰਾਅ ਦੀ ਸਥਿਤੀ ਵਿਚ ਦੋਵਾਂ ਧਿਰਾਂ ਦਾ ਨੁਕਸਾਨ ਹੋ ਸਕਦਾ ਹੈ। ਐਡਵੋਕੇਟ ਸਿੰਘ ਦੇ ਇਸ ਜਵਾਬ ‘ਤੇ ਸੁਪਰੀਮ ਕੋਰਟ ਨੇ ਤਲਖ਼ੀ ਨਾਲ ਕਿਹਾ ਕਿ ”ਇਸ ਸਭ ਹੋਣ ਦੀ ਇਜਾਜ਼ਤ ਕਿਸ ਨੇ ਦਿੱਤੀ? ਇਹ ਕਿਲ੍ਹੇਬੰਦੀ ਕਿਸ ਨੇ ਹੋਣ ਦਿੱਤੀ? ਕਿਸਾਨ ਇੰਨੀ ਵੱਡੀ ਗਿਣਤੀ ਵਿਚ ਮੋਰਚੇ ਵਾਲੀ ਥਾਂ ਕਿਵੇਂ ਪਹੁੰਚੇ? ਅਸੀਂ ਜ਼ਿਆਦਾ ਕੁੁਝ ਨਹੀਂ ਕਹਿਣਾ ਚਾਹੁੰਦੇ ਕਿਉਂਕਿ ਇਹ ਹਾਲਾਤ ਨੂੰ ਹੋਰ ਵਿਗਾੜ ਦੇਵੇਗਾ।” ਜਸਟਿਸ ਸੂਰਿਆ ਕਾਂਤ ਨੇ ਕਿਹਾ, ”ਮੰਗਾਂ ਲਈ ਸ਼ਾਂਤੀਪੂਰਨ ਅੰਦੋਲਨ ਦਾ ਮੰਤਵ ਤੇ ਜਮਹੂਰੀ ਢੰਗ ਨਾਲ ਆਪਣੀ ਆਵਾਜ਼ ਚੁੱਕਣੀ ਤਾਂ ਸਮਝ ਆਉਂਦਾ ਹੈ। ਪਰ ਇਕ ਵਿਅਕਤੀ, ਜਿਸ ਨੂੰ ਫੌਰੀ ਮੈਡੀਕਲ ਸਹਾਇਤਾ ਦੀ ਲੋੜ ਹੈ, ਨੂੰ ਹਸਪਤਾਲ ਵਿਚ ਸ਼ਿਫਟ ਕਰਨ ਤੋਂ ਰੋਕਣ ਲਈ ਕਿਸਾਨਾਂ ਦਾ ਇਕੱਠੇ ਹੋਣਾ, ਇਹ ਪਹਿਲਾਂ ਕਦੇ ਨਹੀਂ ਸੁਣਿਆ।” ਜਸਟਿਸ ਸੂਰਿਆ ਕਾਂਤ ਨੇ ਕਿਹਾ ਕਿ ਕੋਰਟ ਨੂੰ ਇੰਝ ਲੱਗਦਾ ਹੈ ਕਿ ਸੂਬਾ ਸਰਕਾਰ ਵੀ ਨਹੀਂ ਚਾਹੁੰਦੀ ਕਿ ਡੱਲੇਵਾਲ ਨੂੰ ਕਿਸੇ ਤਰ੍ਹਾਂ ਦੀ ਮੈਡੀਕਲ ਸਹਾਇਤਾ ਮਿਲੇ। ਉਨ੍ਹਾਂ ਕਿਹਾ, ”ਜੇ ਕਾਨੂੰਨੀ ਕਾਰਵਾਈ ਦੇ ਰਾਹ ਵਿਚ ਕੋਈ ਅੜਿੱਕਾ ਬਣਦਾ ਹੈ ਤਾਂ ਤੁਸੀਂ ਉਸੇ ਤਰੀਕੇ ਨਾਲ ਸਿੱਝੋ ਜਿਵੇਂ ਕਾਨੂੰਨ ਏਜੰਸੀਆਂ ਆਮ ਤੌਰ ‘ਤੇ ਸਿੱਝਦੀਆਂ ਹਨ। ਮੌਜੂਦਾ ਤਸਵੀਰ ਤੋਂ ਇੰਝ ਲੱਗਦਾ ਹੈ ਕਿ ਡੱਲੇਵਾਲ ਇਸ ਤੱਥ ਦੇ ਬਾਵਜੂਦ ਕਿ ਉਨ੍ਹਾਂ ਦੀ ਸਿਹਤ ਉਨ੍ਹਾਂ ਦਾ ਸਾਥ ਨਹੀਂ ਦੇ ਰਹੀ ਕਿਸੇ ਤਰ੍ਹਾਂ ਦੇ ਦਬਾਅ ਕਰਕੇ ਮਰਨ ਵਰਤ ਛੱਡਣ ਤੋਂ ਨਾਂਹ ਕਰ ਰਹੇ ਹਨ। ਜਸਟਿਸ ਕਾਂਤ ਨੇ ਕਿਹਾ, ”ਕੁਝ ਕਿਸਾਨ ਆਗੂ ਹਨ, ਅਸੀਂ ਉਨ੍ਹਾਂ ਦੇ ਵਤੀਰੇ ਬਾਰੇ ਟਿੱਪਣੀ ਨਹੀਂ ਕਰਨਾ ਚਾਹੁੰਦੇ। ਜੇ ਉਹ ਡੱਲੇਵਾਲ ਨੂੰ ਉਥੇ ਮਰਨ ਦੀ ਇਜਾਜ਼ਤ ਦੇ ਰਹੇ ਹਨ ਤਾਂ ਉਹ ਕਿਸ ਤਰ੍ਹਾਂ ਦੇ ਆਗੂ ਹਨ? ਕ੍ਰਿਪਾ ਕਰਕੇ ਇਸ ਨੂੰ ਸਮਝਣ ਦੀ ਕੋੋਸ਼ਿਸ਼ ਕਰੋ। ਇਹ ਕੌਣ ਲੋਕ ਹਨ? ਕੀ ਉਹ ਡੱਲੇਵਾਲ ਦੀ ਜ਼ਿੰਦਗੀ ਵਿਚ ਦਿਲਚਸਪੀ ਰੱਖਦੇ ਹਨ ਜਾਂ ਫਿਰ ਉਹ ਚਾਹੁੰਦੇ ਹਨ ਕਿ ਡੱਲੇਵਾਲ ਦੀ ਧਰਨੇ ਵਾਲੀ ਥਾਂ ਮੌਤ ਹੋ ਜਾਵੇ? ਉਨ੍ਹਾਂ ਦੇ ਇਰਾਦੇ ਸ਼ੱਕੀ ਹਨ।” ਬੈਂਚ ਨੇ ਸਿੰਘ ਨੂੰ ਕਿਹਾ, ”ਡੱਲੇਵਾਲ ਨੂੰ ਇਸ ਗੱਲ ਲਈ ਰਾਜ਼ੀ ਕਰੋ ਕਿ ਜੇ ਤੁਸੀਂ ਉਨ੍ਹਾਂ ਨੂੰ ਹਸਪਤਾਲ ਵਿਚ ਤਬਦੀਲ ਕਰਦੇ ਹੋ, ਤੁਸੀਂ ਉਨ੍ਹਾਂ ਦਾ ਮਰਨ ਵਰਤ ਨਹੀਂ ਟੁੱਟਣ ਦੇਵੋਗੇ।”










