ਚੰਡੀਗੜ੍ਹ, 29 ਦਸੰਬਰ, Gee98 news service
-ਮੇਨ ਹਾਈਵੇ ‘ਤੇ ਲੋਕਾਂ ਨੂੰ ਘੇਰ ਕੇ ਲੁੱਟਣ ਵਾਲੇ ਇੱਕ ਲੁਟੇਰਾ ਗਿਰੋਹ ਨੂੰ ਮੋਗਾ ਦੇ ਕਸਬਾ ਬੱਧਨੀ ਕਲਾਂ ਦੀ ਪੁਲਿਸ ਨੇ ਕਾਬੂ ਕੀਤਾ ਹੈ। ਪੁਲਿਸ ਵੱਲੋਂ ਕਾਬੂ ਕੀਤੇ ਇਸ ਗਿਰੋਹ ਦਾ ਇੱਕ ਮੈਂਬਰ ਪੰਜਾਬ ਪੁਲਿਸ ਦਾ ਸਿਪਾਹੀ ਹੀ ਨਿਕਲਿਆ, ਜਿਸਦੀ ਡਿਊਟੀ ਬਠਿੰਡਾ ਦੀ ਜੇਲ੍ਹ ਵਿੱਚ ਸੀ। ਮੁਲਜ਼ਮ ਸਿਪਾਹੀ ਵਿਭਾਗੀ ਡਿਊਟੀ ਤੋਂ ਦੋ ਮਹੀਨਿਆਂ ਤੋਂ ਗੈਰਹਾਜ਼ਰ ਹੈ ਤੇ ਕੁਝ ਦਿਨ ਪਹਿਲਾਂ ਹੀ ਉਸ ਨੂੰ ਵਿਭਾਗ ਨੇ ਮੁਅੱਤਲ ਕੀਤਾ ਹੈ। ਡੀਐੱਸਪੀ (ਨਿਹਾਲ ਸਿਘ ਵਾਲਾ) ਅਨਵਰ ਅਲੀ, ਥਾਣਾ ਬੱਧਨੀ ਕਲਾਂ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਚਹਿਲ ਤੇ ਲੋਪੋ ਪੁਲੀਸ ਚੌਕੀ ਇੰਚਾਰਜ ਏਐੱਸਆਈ ਜਸਵੰਤ ਸਿੰਘ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਪੰਜ ਮੈਂਬਰੀ ਹਾਈਵੇਅ ਲੁਟੇਰਾ ਗਰੋਹ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਖ਼ਬਰ ਦੀ ਸੂਚਨਾ ਸੀ ਕਿ ਮੁਲਜ਼ਮ ਨਸ਼ੇ ਦੀ ਪੂਰਤੀ ਲਈ ਹਾਈਵੇਅ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਕੁਲਦੀਪ ਸਿੰਘ ਉਰਫ ਅਕਾਸ਼, ਗੁਰਮੁੱਖ ਸਿੰਘ ਉਰਫ ਭੋਲਾ, ਰਵਿੰਦਰ ਸਿੰਘ ਉਰਫ ਘੋੜਾ, ਹਰਪ੍ਰੀਤ ਸਿੰਘ ਉਰਫ ਹੈਪੀ ਅਤੇ ਕਮਲਪ੍ਰੀਤ ਸਿੰਘ ਉਰਫ ਕੇਪੀ ਸਾਰੇ ਵਾਸੀ ਪਿੰਡ ਦੌਧਰ ਸ਼ਰਕੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕਮਲਪ੍ਰੀਤ ਸਿੰਘ ਉਰਫ ਕੇਪੀ ਨੂੰ ਉਸ ਦੇ ਪਿਤਾ ਦੀ ਥਾਂ ਤਰਸ ਦੇ ਆਧਾਰ ਉੱਤੇ ਪੰਜਾਬ ਪੁਲੀਸ ਵਿੱਚ ਨੌਕਰੀ ਮਿਲੀ ਸੀ। ਹੁਣ ਉਸ ਦੀ ਡਿਊਟੀ ਕੇਂਦਰੀ ਜੇਲ੍ਹ ਬਠਿੰਡਾ ‘ਚ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਤੋਂ ਪੁੱਛ-ਪੜਤਾਲ ਦੌਰਾਨ ਪਤਾ ਲੱਗਾ ਉਹ ਵਿਭਾਗੀ ਡਿਊਟੀ ਤੋਂ ਦੋ ਮਹੀਨਿਆਂ ਤੋਂ ਗੈਰਹਾਜ਼ਰ ਹੈ ਅਤੇ ਵਿਭਾਗ ਨੇ ਉਸ ਨੂੰ ਮੁਅੱਤਲ ਕਰ ਦਿੱਤਾ ਹੈ। ਮੁਲਜ਼ਮਾਂ ਤੋਂ ਖੋਹ ਕੀਤੇ ਦੋ ਮੋਟਰਸਾਈਕਲ ਤੇ ਚਾਰ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਹਨ ਅਤੇ ਰਿਮਾਂਡ ਦੌਰਾਨ ਅਗਲੀ ਕਾਰਵਾਈ ਜਾਰੀ ਹੈ।










