ਚੰਡੀਗੜ੍ਹ,7 ਜਨਵਰੀ, Gee98 News service
-ਨਸ਼ੇੜੀਆਂ ਨੂੰ ਨਸ਼ੇ ਦੀ ਪੂਰਤੀ ਲਈ ਜਦ ਕਿਸੇ ਪਾਸਿਓਂ ਪੈਸੇ ਨਹੀਂ ਮਿਲਦੇ ਤਾਂ ਉਹ ਚੋਰੀ ਦੇ ਰਸਤੇ ਪੈ ਜਾਂਦੇ ਹਨ ਅਤੇ ਕਈ ਵਾਰ ਇਹ ਨਸ਼ੇੜੀ ਕੁਝ ਅਜਿਹੀਆਂ ਚੀਜ਼ਾਂ ਵੀ ਚੋਰੀ ਕਰ ਲੈਂਦੇ ਹਨ ਜਿਹੜੀਆਂ ਸਾਡੀਆਂ ਅਹਿਮ ਵਿਰਾਸਤ ਦਾ ਹਿੱਸਾ ਹੁੰਦੀਆਂ ਹਨ। ਇਸੇ ਤਰ੍ਹਾਂ ਵਿਰਾਸਤੀ ਸ਼ਹਿਰ ਪਟਿਆਲਾ ਅੱਜ ਕੱਲ੍ਹ ਨਸ਼ੇੜੀਆਂ ਦੇ ਕਹਿਰ ਦਾ ਸ਼ਿਕਾਰ ਹੋ ਰਿਹਾ ਹੈ। ਸ਼ਹਿਰ ਵਿੱਚੋਂ ਵਿਰਾਸਤ ਨਾਲ ਸੰਬੰਧਿਤ ਕਾਫੀ ਕੀਮਤੀ ਚੀਜ਼ਾਂ ਚੋਰੀ ਹੋ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਕੁਝ ਸਮਾਂ ਪਹਿਲਾਂ ਪਟਿਆਲਾ ਦੇ ਸ਼ੇਰਾਂ ਵਾਲੇ ਗੇਟ ‘ਤੇ ਲਗਾਏ ਤਾਂਬੇ ਦੇ ਸ਼ੇਰਾਂ ਦੇ ਬੁੱਤ ਦੀਆਂ ਪੂਛਾਂ ਹੀ ਕੋਈ ਵੱਢ ਕੇ ਲੈ ਗਿਆ ਸੀ। ਹੁਣ ਪਟਿਆਲਾ-ਰਾਜਪੁਰਾ ਰੋਡ ‘ਤੇ ਵੱਡੀ ਨਦੀ ਦੇ ਪੁਲ ਉੱਪਰ ਹੌਰਸ ਪੋਲੋ ਖੇਡ ਰਹੇ ਦੋ ਸਿੱਖ ਖਿਡਾਰੀਆਂ ਦੇ ਬੁੱਤਾਂ ‘ਚੋਂ ਇੱਕ ਬੁੱਤ ਹੀ ਗਾਇਬ ਹੈ ਤੇ ਦੂਜੇ ਬੁੱਤ ਦੇ ਖਿਡਾਰੀ ਦੇ ਹੱਥ ‘ਚੋਂ ਕੋਈ ਪੋਲੋ ਸਟਿੱਕ ਚੋਰੀ ਕਰਕੇ ਲੈ ਗਿਆ। ਇਹ ਦੋਵੇਂ ਸਿੱਖ ਖਿਡਾਰੀਆਂ ਦੇ ਬੁੱਤ ਕੈਪਟਨ ਅਮਰਿੰਦਰ ਸਿੰਘ ਨੇ ਲਗਵਾਏ ਸਨ। ਪਟਿਆਲਾ ਹੌਰਸ ਪੋਲੋ ਦਾ ਗੜ ਰਿਹਾ ਹੈ, ਇੱਥੇ ਇੱਕ ਸ਼ਾਨਦਾਰ ਪੋਲੋ ਗਰਾਉਂਡ ਵੀ ਬਣਿਆ ਹੋਇਆ ਹੈ। ਮਹਾਰਾਜਾ ਅਮਰਿੰਦਰ ਸਿੰਘ ਦੇ ਵਡੇਰੇ ਹੌਰਸ ਪੋਲੋ ਦੇ ਸ਼ੌਕੀਨ ਸਨ ਤੇ ਉਹ ਪੋਲੋ ਮੈਚ ਵੀ ਕਰਵਾਉਂਦੇ ਰਹੇ ਹਨ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਅਹਿਮ ਵਿਰਾਸਤੀ ਚੀਜ਼ਾਂ ਚੋਰੀ ਹੋ ਰਹੀਆਂ ਪ੍ਰੰਤੂ ਚੋਰ ਪੁਲਿਸ ਦੀ ਪਕੜ ਤੋਂ ਬਾਹਰ ਹਨ ਇੱਥੋਂ ਤੱਕ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵਿਰਾਸਤੀ ਚੀਜ਼ਾਂ ਦੀ ਚੋਰੀ ਦੀ ਭਿਣਕ ਤੱਕ ਵੀ ਨਹੀਂ ਹੈ। ਪ੍ਰਸ਼ਾਸਨ ਵੱਲੋਂ ਚੋਰਾਂ ਨੂੰ ਫੜਨ ਲਈ ਜਾਂ ਇਹਨਾਂ ਬੁੱਤਾਂ ਦੀ ਮੁਰੰਮਤ ਕਰਨ ਲਈ ਜਾਂ ਦੁਬਾਰਾ ਲਗਾਉਣ ਲਈ ਕੋਈ ਕਦਮ ਨਹੀਂ ਚੁੱਕੇ ਗਏ। ਹੌਰਸ ਪੋਲੋ ਖੇਡਦੇ ਖਿਡਾਰੀ ਦੇ ਬੁੱਤ ਦੀ ਚੋਰੀ ਅਤੇ ਪੋਲੋ ਸਟਿਕ ਦੀ ਚੋਰੀ ਸੰਬੰਧੀ ਜਦ ਪੱਤਰਕਾਰਾਂ ਨੇ ਏਡੀਸੀ ਜਨਰਲ ਈਸਾ ਸਿੰਗਲ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ, ਉਹ ਇਸ ਦੀ ਪੜ੍ਹਤਾਲ ਕਰਵਾਉਣਗੇ।










