ਚੰਡੀਗੜ੍ਹ,11 ਜੁਲਾਈ, Gee98 News service
-ਪੰਜਾਬ ‘ਚ ਗੈਂਗਸਟਰਾਂ ਵੱਲੋਂ ਫਿਰੌਤੀ ਮੰਗਣ ਦੇ ਮਾਮਲਿਆਂ ‘ਚ ਡਾਕਟਰਾਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਘਟਨਾਵਾਂ ‘ਚ ਵਾਧਾ ਹੋ ਰਿਹਾ ਹੈ। ਪਿਛਲੇ ਦਿਨੀਂ ਮੋਗਾ ਜ਼ਿਲ੍ਹੇ ਦੇ ਇੱਕ ਡਾਕਟਰ ਦੇ ਕਲੀਨਿਕ ਅੰਦਰ ਦਾਖਲ ਹੋ ਕੇ ਗੈਂਗਸਟਰਾਂ ਨੇ ਗੋਲੀਆਂ ਨਾਲ ਹਮਲਾ ਕੀਤਾ ਸੀ,ਜੋ ਜੇਰੇ ਇਲਾਜ ਹੈ, ਇਹ ਹਮਲਾ ਫਿਰੌਤੀ ਨਾਲ ਹੀ ਸੰਬੰਧਿਤ ਦੱਸਿਆ ਜਾ ਰਿਹਾ ਹੈ। ਹੁਣ ਅਜਿਹਾ ਇੱਕ ਹੋਰ ਮਾਮਲਾ ਸਾਹਮਣੇ ਆ ਰਿਹਾ ਜਿਸ ਵਿੱਚ ਕਸਬਾ ਭਿੱਖੀਵਿੰਡ ਦੇ ਇੱਕ ਡਾਕਟਰ ਕੋਲੋਂ ਵਿਦੇਸ਼ ਬੈਠੇ ਗੈਂਗਸਟਰ ਨੇ ਇੱਕ ਕਰੋੜ ਦੀ ਫਿਰੌਤੀ ਮੰਗੀ ਹੈ ਅਤੇ ਨਾ ਦੇਣ ਦੀ ਸੂਰਤ ਵਿੱਚ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਹੈ। ਇਸੇ ਸਾਲ ਦੇ ਮਈ ਮਹੀਨੇ ਤੋਂ ਲੈ ਕੇ ਡਾਕਟਰ ਨੂੰ ਇੱਕ ਕਰੋੜ ਦੀ ਫਿਰੌਤੀ ਦੇਣ ਸਬੰਧੀ ਵਿਦੇਸ਼ ਤੋਂ ਗੈਂਗਸਟਰਾਂ ਦੇ ਕਈ ਫੋਨ ਆ ਚੁੱਕੇ ਹਨ। ਡਾਕਟਰ ਵੱਲੋਂ ਦਿੱਤੀ ਸ਼ਿਕਾਇਤ ਦੇ ਅਧਾਰ ‘ਤੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਪ੍ਰਭ ਦਾਸੂਵਾਲ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਆਨੰਦ ਹਸਪਤਾਲ ਦੇ ਡਾਕਟਰ ਨੀਰਜ ਮਲਹੋਤਰਾ ਪੁੱਤਰ ਪ੍ਰੇਮ ਚੰਦ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਵਿਦੇਸ਼ ਤੋਂ ਵਟਸਐਪ ਕਾਲ ਕਰਕੇ ਉਸ ਤੋਂ ਇੱਕ ਕਰੋੜ ਦੀ ਫਿਰੌਤੀ ਮੰਗੀ ਜਾ ਰਹੀ ਹੈ ਤੇ ਨਾ ਦੇਣ ਦੀ ਸੂਰਤ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਡਾਕਟਰ ਨੇ ਦੱਸਿਆ ਕਿ ਫੋਨ ਕਰਨ ਵਾਲਾ ਆਪਣੇ ਆਪ ਨੂੰ ਪ੍ਰਭ ਦਾਸੂਵਾਲ ਦੱਸ ਰਿਹਾ ਹੈ,ਜਿਸਨੇ ਫੋਨ ਕਰਕੇ ਕਿਹਾ ਕਿ “ਉਸ ਨੇ ਪੈਸੇ ਲੈਣੇ ਹਨ, ਭਾਂਵੇ ਜਿੰਨੀ ਮਰਜੀ ਸੁਰੱਖਿਆ ਲੈ ਲਵੇ”। ਉਸ ਨੇ ਆਪਣੇ ਆਦਮੀ ਮਰੀਜ਼ ਬਣਾ ਕੇ ਭੇਜ ਕੇ ਹਮਲਾ ਕਰਵਾਉਣ ਦੀ ਧਮਕੀ ਦਿੱਤੀ ਤੇ ਕਿਹਾ ਕਿ ਉਹ ਉਸ ਦਾ ਨੁਕਸਾਨ ਕਰਕੇ ਵੀ ਪਰਿਵਾਰ ਕੋਲੋਂ ਪੈਸੇ ਲਵੇਗਾ। ਨੀਰਜ ਮਲਹੋਤਰਾ ਨੇ ਸ਼ਿਕਾਇਤ ਵਿਚ ਦੱਸਿਆ ਕਿ 11 ਮਈ ਦੀ ਸ਼ਾਮ ਕਰੀਬ ਪੌਣੇ 8 ਵਜੇ ਅਤੇ 24 ਮਈ ਦੀ ਸ਼ਾਮ ਕਰੀਬ ਪੰਜ ਵਜੇ ਵੀ ਉਸ ਨੂੰ ਪ੍ਰਭ ਦਾਸੂਵਾਲ ਨੇ ਫੋਨ ਕੀਤੇ ਅਤੇ ਉਸ ਕੋਲੋਂ ਇਕ ਕਰੋੜ ਰੁਪਏ ਦੀ ਫਿਰੋਤੀ ਮੰਗੀ ਸੀ। ਥਾਣਾ ਮੁਖੀ ਨੇ ਦੱਸਿਆ ਕਿ ਨੀਰਜ ਮਲਹੋਤਰਾ ਦੇ ਬਿਆਨਾਂ ‘ਤੇ ਪ੍ਰਭ ਦਾਸੂਵਾਲ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।