ਬਰਨਾਲਾ,6 ਅਗਸਤ, (ਨਿਰਮਲ ਸਿੰਘ ਪੰਡੋਰੀ)-
ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਵਿਖੇ ਬਣੇ ਵਿਸ਼ਵ ਪ੍ਰਸਿੱਧ ਪ੍ਰਾਚੀਨ ਸ੍ਰੀ ਹਨੂੰਮਾਨ ਮੰਦਰ ਬਰਨੇ ਵਾਲਾ ਵਿੱਚ ਮੰਗਲਵਾਰ ਦੇਸ਼ ਸ਼ਾਮ ਅੱਗ ਲੱਗਣ ਕਾਰਨ ਇੱਕ ਭਿਆਨਕ ਹਾਦਸਾ ਹੋਇਆ ਜਿਸ ਵਿੱਚ ਮੌਕੇ ‘ਤੇ ਹਾਜ਼ਰ 16 ਸ਼ਰਧਾਲੂ ਸਖ਼ਤ ਜਖਮੀ ਹੋ ਗਏ। ਮੌਕੇ ‘ਤੇ ਹਾਜ਼ਰ ਲੋਕਾਂ ਨੇ ਬੜੀ ਮੁਸ਼ੱਕਤ ਨਾਲ ਅੱਗ ‘ਤੇ ਕਾਬੂ ਪਾਇਆ ਅਤੇ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਅੱਗ ਉਸ ਵੇਲੇ ਲੱਗੀ ਜਦ ਮੰਦਰ ਦੀ ਵੱਡੀ ਰਸੋਈ ਵਿੱਚ ਇੱਕ ਡੀਜ਼ਲ ਭੱਠੀ ‘ਤੇ ਪੂੜੀਆਂ ਬਣਾਈਆਂ ਜਾ ਰਹੀਆਂ ਸਨ। ਕਿਸੇ ਸ਼ਰਧਾਲੂ ਵੱਲੋਂ ਡੀਜ਼ਲ ਭੱਠੀ ‘ਚ ਡੀਜ਼ਲ ਪਾਉਣ ਮੌਕੇ ਭੱਠੀ ਦੀ ਅੱਗ ਨੂੰ ਮੱਠਾ ਜਾਂ ਬੰਦ ਨਹੀਂ ਕੀਤਾ ਗਿਆ ਜਿਸ ਕਾਰਨ ਅੱਗ ਦਾ ਭਾਂਬੜ ਬਣ ਗਿਆ ਤੇ ਇਹ ਅੱਗ ਡੀਜ਼ਲ ਭੱਠੀ ‘ਤੇ ਪੂੜੀਆਂ ਬਣਾਉਣ ਲਈ ਰੱਖੀ ਕੜਾਹੀ ਵਿੱਚ ਪਾ ਕੇ ਰੱਖੇ ਤਰਲ ਪਦਾਰਥ ਨੂੰ ਵੀ ਲੱਗ ਗਈ ਜਿਸ ਤੋਂ ਬਾਅਦ ਕੁਝ ਸਕਿੰਟਾਂ ਵਿੱਚ ਹੀ ਸਾਰੇ ਰਸੋਈ ਘਰ ਵਿੱਚ ਅੱਗ ਫੈਲ ਗਈ ਅਤੇ ਉੱਥੇ ਹਾਜ਼ਰ 16 ਸ਼ਰਧਾਲੂ ਅੱਗ ਨਾਲ ਸਖ਼ਤ ਜ਼ਖ਼ਮੀ ਹੋ ਗਏ।
ਦੱਸ ਦੇਈਏ ਕਿ ਮੰਗਲਵਾਰ ਮੰਦਰ ਵਿੱਚ ਆਮ ਦਿਨਾਂ ਨਾਲੋਂ ਜਿਆਦਾ ਇਕੱਠ ਹੁੰਦਾ ਹੈ। ਲੋਕਾਂ ਨੇ ਬੜੀ ਮੁਸ਼ੱਕਤ ਨਾਲ ਅੱਗ ‘ਤੇ ਕਾਬੂ ਪਾਇਆ, ਮੌਕੇ ‘ਤੇ ਫਾਇਰ ਬ੍ਰਿਗੇਡ ਵੀ ਪੁੱਜੀ। ਪ੍ਰਸ਼ਾਸਨ ਵੱਲੋਂ ਐਸਡੀਐਮ ਬਰਨਾਲਾ ਮੈਡਮ ਸੋਨਮ ਭੰਡਾਰੀ ਅਤੇ ਡੀਐਸਪੀ ਸਤਬੀਰ ਸਿੰਘ ਬੈਂਸ ਵੀ ਮੌਕੇ ‘ਤੇ ਪੁੱਜੇ। ਐਸਡੀਐਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਹੜੇ 6 ਲੋਕਾਂ ਨੂੰ ਮੈਡੀਕਲ ਕਾਲਜ ਭੇਜਿਆ ਗਿਆ ਹੈ ਉਹ ਪੁਰਸ਼ ਹਨ। ਇਸ ਤਰ੍ਹਾਂ 2 ਮਹਿਲਾਵਾਂ ਦਾ ਕਮਿਊਨਿਟੀ ਸਿਹਤ ਕੇਂਦਰ ਬਰਨਾਲਾ ਵਿਖੇ ਅਤੇ 8 ਹੋਰ ਲੋਕਾਂ ਦਾ ਕਮਿਊਨਿਟੀ ਸਿਹਤ ਕੇਂਦਰ ਧਨੌਲਾ ਵਿਖੇ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਰੇ ਮਰੀਜ਼ਾਂ ਦੀ ਹਾਲਤ ਸਥਿਰ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹਨ। ਅਚਾਨਕ ਅੱਗ ਲੱਗਣ ਦੀ ਵਾਪਰੀ ਇਸ ਘਟਨਾ ਨੇ ਇਹ ਸੰਕੇਤ ਦਿੱਤਾ ਕਿ ਵੱਡੇ ਇਕੱਠ ਹੋਣ ਵਾਲੀਆਂ ਥਾਵਾਂ ‘ਤੇ ਅੱਗ ਬੁਝਾਉਣ ਲਈ ਵਾਧੂ ਯੰਤਰ ਅਤੇ ਹੋਰ ਪੁਖ਼ਤਾ ਪ੍ਰਬੰਧ ਹੋਣੇ ਚਾਹੀਦੇ ਹਨ। ਲੋਕਾਂ ਨੇ ਇਹ ਵੀ ਮੰਗ ਕੀਤੀ ਕਿ ਮੰਗਲਵਾਰ ਵਾਲੇ ਦਿਨ ਫਾਇਰ ਬ੍ਰਿਗੇਡ ਦੀ ਗੱਡੀ ਇੱਥੇ ਪੱਕੇ ਤੌਰ ‘ਤੇ ਖੜਨ ਦਾ ਪ੍ਰਬੰਧ ਕੀਤਾ ਜਾਵੇ।
ਫੋਟੋ ਕੈਪਸ਼ਨ- ਮੰਦਰ ‘ਚ ਅੱਗ ਲੱਗਣ ਤੋਂ ਬਾਅਦ ਦੂਰੋਂ ਖਿੱਚੀ ਗਈ ਤਸਵੀਰ