ਬਰਨਾਲਾ,6 ਅਗਸਤ (ਨਿਰਮਲ ਸਿੰਘ ਪੰਡੋਰੀ)-
ਲੋਕਾਂ ਨੂੰ ਬ੍ਰੇਕਫਾਸਟ, ਲੰਚ ਅਤੇ ਡਿਨਰ ਤੋਂ ਇਲਾਵਾ ਰਾਤ ਸਮੇਂ ਰਿਹਾਇਸ਼ ਰਹਿਣ ਦੀ ਸੁਵਿਧਾ ਪ੍ਰਦਾਨ ਕਰਨ ਦੇ ਨਾਮ ‘ਤੇ ਖੂੰਬਾਂ ਵਾਂਗੂ ਉੱਗੇ ਹੋਟਲਾਂ ਦੇ ਕਾਰੋਬਾਰ ‘ਤੇ ਪੰਜਾਬ ਪੁਲਿਸ ਦੀ ਤਿਰਛੀ ਨਜ਼ਰ ਪੈਂਦੀ ਜਾਪਦੀ ਹੈ। ਰੋਜਾਨਾ ਪੰਜਾਬ ਦੇ ਕਿਸੇ ਨਾ ਕਿਸੇ ਸ਼ਹਿਰ ਵਿੱਚ ਪੁਲਿਸ ਵੱਲੋਂ ਇਹਨਾਂ ਹੋਟਲਾਂ ‘ਤੇ ਛਾਪਾਮਾਰੀ ਕਰਕੇ ਜਿਸਮਾਂ ਦੀ ਭੁੱਖ ਮਿਟਾਉਣ ਆਏ ਪ੍ਰੇਮੀ ਜੋੜਿਆਂ ਨੂੰ ਕਾਬੂ ਕੀਤਾ ਜਾਂਦਾ ਹੈ। ਬਰਨਾਲਾ ਵਿਖੇ ਵੀ ਪ੍ਰਸ਼ਾਸਨ ਵੱਲੋਂ ਇਹਨਾਂ ਹੋਟਲਾਂ ਦੇ ਕਮਰਿਆਂ ‘ਚ ਜਿਸਮ ਫਰੋਸ਼ੀ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ 11 ਹੋਟਲਾਂ ਨੂੰ ਬੰਦ ਕਰਨ ਦੀ ਕਾਰਵਾਈ ਕੀਤੀ ਗਈ ਸੀ। ਤਾਜ਼ਾ ਮਾਮਲੇ ਅਨੁਸਾਰ ਹੋਟਲਾਂ ਦੇ ਕਮਰਿਆਂ ‘ਚ ਜਿਸਮਫਰੋਸ਼ੀ ਦੀਆਂ ਖ਼ਬਰਾਂ ਲਈ ਸਮੁੱਚੇ ਪੰਜਾਬ ‘ਚ ਬਦਨਾਮ ਲੁਧਿਆਣਾ ਸ਼ਹਿਰ ਵਿੱਚ ਵੀ ਪੁਲਿਸ ਨੇ ਇਹਨਾਂ ਹੋਟਲਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਲੁਧਿਆਣਾ ਪੁਲਿਸ ਵੱਲੋਂ ਮੰਗਲਵਾਰ ਇੱਕੋ ਸਮੇਂ ਯੋਜਨਾਬੱਧ ਤਰੀਕੇ ਨਾਲ ਸ਼ਹਿਰ ਦੇ ਕਈ ਹੋਟਲਾਂ ‘ਤੇ ਛਾਪਾਮਾਰੀ ਕੀਤੀ ਅਤੇ ਹੋਟਲਾਂ ਦੇ ਕਮਰਿਆਂ ‘ਚੋਂ ਕਈ ਪ੍ਰੇਮੀ ਜੋੜਿਆਂ ਨੂੰ ਕਾਬੂ ਕੀਤਾ। ਪੁਲਿਸ ਵੱਲੋਂ ਇਹ ਕਾਰਵਾਈ ਸਥਾਨਕ ਲੋਕਾਂ ਦੀ ਸ਼ਿਕਾਇਤ ਉੱਪਰ ਕੀਤੀ ਗਈ।
ਪੁਲਿਸ ਵੱਲੋਂ ਲੋਕਾਂ ਦੀ ਸ਼ਿਕਾਇਤ ਦੇ ਅਧਾਰ ‘ਤੇ ਮਿੰਨੀ ਰੋਜ਼ ਗਾਰਡਨ ਦੇ ਨੇੜੇ ਥਾਣਾ ਡਿਵੀਜ਼ਨ ਨੰਬਰ 3 ਦੇ ਖੇਤਰ ਵਿੱਚ ਇੱਕ ਹੋਟਲ ਨੂੰ ਵਿਸ਼ੇਸ਼ ਤੌਰ ‘ਤੇ ਨਿਸ਼ਾਨਾ ਬਣਾਇਆ ਗਿਆ ਜਿੱਥੋਂ ਕਾਫੀ ਗਿਣਤੀ ਵਿੱਚ ਪ੍ਰੇਮੀ ਜੋੜੇ ਫੜੇ ਗਏ। ਇਸ ਤੋਂ ਇਲਾਵਾ ਸ਼ਹਿਰ ਦੇ ਹੋਰ ਕਈ ਹੋਟਲਾਂ ਵਿੱਚ ਵੀ ਅਜਿਹੀ ਕਾਰਵਾਈ ਕੀਤੀ ਗਈ। ਪੁਲਿਸ ਨੇ ਇਹਨਾਂ ਪ੍ਰੇਮੀ ਜੋੜਿਆਂ ਨੂੰ ਹਿਰਾਸਤ ਵਿੱਚ ਲਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁੱਛਗਿੱਛ ਦੇ ਅਧਾਰ ‘ਤੇ ਇਹਨਾਂ ਜੋੜਿਆਂ ਦੇ ਖ਼ਿਲਾਫ਼ ਅਤੇ ਹੋਟਲ ਸੰਚਾਲਕਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਬਰਨਾਲਾ ਵਿਖੇ ਵੀ 11 ਹੋਟਲਾਂ ‘ਤੇ ਛਾਪਾਮਾਰੀ ਕਰਨ ਸਮੇਂ ਬਰਨਾਲਾ ਪੁਲਿਸ ਨੇ ਇਹਨਾਂ ਹੋਟਲਾਂ ਚੋਂ ਸ਼ੱਕੀ ਹਾਲਾਤਾਂ ‘ਚ ਕਈ ਪ੍ਰੇਮੀ ਜੋੜਿਆਂ ਨੂੰ ਹਿਰਾਸਤ ਵਿੱਚ ਲਿਆ ਸੀ ਪਰੰਤੂ ਉਹਨਾਂ ਨੂੰ ਮੌਕੇ ‘ਤੇ ਹੀ ਛੱਡ ਦਿੱਤਾ ਗਿਆ ਤੇ ਉਹਨਾਂ ਦੇ ਖ਼ਿਲਾਫ਼ ਜਾਂ ਹੋਟਲ ਸੰਚਾਲਕਾਂ ਦੇ ਖ਼ਿਲਾਫ਼ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਬਰਨਾਲਾ ਪੁਲਿਸ ‘ਤੇ ਅਜੇ ਤੱਕ ਵੀ ਸਵਾਲ ਉੱਠ ਰਹੇ ਹਨ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਇਹਨਾਂ ਹੋਟਲਾਂ ਨੂੰ ਜਿੰਦੇ ਲਗਾਉਣ ਮੌਕੇ ਪੁਲਿਸ ਨੇ ਹੋਟਲ ਮਾਲਕਾਂ ਨੂੰ ਤਾੜਨਾ ਕੀਤੀ ਸੀ ਕਿ ਸੰਬੰਧਤ ਸਾਰੀਆਂ ਮਨਜ਼ੂਰੀਆਂ ਲੈਣ ਤੋਂ ਬਾਅਦ ਹੀ ਹੋਟਲ ਖੋਲ੍ਹੇ ਜਾਣਗੇ ਪਰੰਤੂ ਚਰਚਾ ਹੈ ਕਿ ਸਾਰੀਆਂ ਮਨਜ਼ੂਰੀਆਂ ਪੂਰੀਆਂ ਹੋਣ ਤੋਂ ਬਿਨਾਂ ਹੀ ਇਹ ਹੋਟਲ ਦੁਬਾਰਾ ਖੁੱਲ ਗਏ ਹਨ।
ਇਹ ਜਾਂਚ ਦਾ ਵਿਸ਼ਾ ਹੈ ਕਿ ਜਦ ਕਿਸੇ ਹੋਟਲ ਨੂੰ ਪ੍ਰਸ਼ਾਸਨ ਨੇ ਲੋੜੀਂਦੀਆਂ ਮਨਜ਼ੂਰੀਆਂ ਦੀਆਂ ਅਣਹੋਂਦ ਕਾਰਨ ਖੁਦ ਜਿੰਦਾ ਲਗਾ ਕੇ ਬੰਦ ਕੀਤਾ ਹੋਵੇ ਤਾਂ ਉਹ ਬਿਨਾਂ ਮਨਜ਼ੂਰੀਆਂ ਤੋਂ ਦੁਬਾਰਾ ਕਿਵੇਂ ਖੁੱਲ ਗਏ, ਕਿਉਂਕਿ ਇਹ ਤਰਕ ਵੀ ਬੇਹੂਦਾ ਹੈ ਕਿ ਇਹਨਾਂ ਹੋਟਲਾਂ ਵਾਲਿਆਂ ਨੇ ਮਨਜ਼ੂਰੀਆਂ ਲਈ ਅਪਲਾਈ ਕਰ ਦਿੱਤਾ ਹੈ। ਕਿਸੇ ਕਾਰੋਬਾਰ ਲਈ ਪ੍ਰਸ਼ਾਸਨ ਤੋਂ ਮਨਜ਼ੂਰੀ ਲੈਣ ਸਬੰਧੀ ਅਪਲਾਈ ਕਰਨ ਤੋਂ ਭਾਵ ਇਹ ਤਾਂ ਨਹੀਂ ਹੁੰਦਾ ਕਿ ਮਨਜ਼ੂਰੀ ਮਿਲ ਗਈ ਹੈ। ਕੀ ਪਾਸਪੋਰਟ ਲਈ ਅਪਲਾਈ ਕਰਨ ਤੋਂ ਬਾਅਦ ਮਿਲੀ “ਰਸੀਦ” ਵਿਦੇਸ਼ ਯਾਤਰਾ ਕਰਨ ਦੀ ਇਜਾਜ਼ਤ ਦਿੰਦੀ ਹੈ ? ਜੇ ਨਹੀਂ ਤਾਂ ਫਿਰ ਸਿਰਫ਼ ਮਨਜ਼ੂਰੀਆਂ ਅਪਲਾਈ ਕਰਨ ਤੋਂ ਬਾਅਦ ਹੀ ਹੋਟਲ ਕਿਵੇਂ ਖੁੱਲ੍ਹ ਗਏ ?