ਬਰਨਾਲਾ,13 ਅਗਸਤ, (ਨਿਰਮਲ ਸਿੰਘ ਪੰਡੋਰੀ)-
-ਸ਼ਹਿਰ ਬਰਨਾਲਾ ਵਿੱਚ ਚੋਰਾਂ, ਲੁਟੇਰਿਆਂ ਤੇ ਝਪਟਮਾਰਾਂ ਦੇ ਹੌਂਸਲੇ ਪੂਰੇ ਬੁਲੰਦ ਹਨ। ਸ਼ਹਿਰ ਵਿੱਚ ਚੋਰੀ ਦੀਆਂ ਘਟਨਾਵਾਂ ਦੀ ਗਿਣਤੀ ਨੂੰ ਵੇਖਦੇ ਹੋਏ ਇਹ ਕਹਿਣਾ ਵਾਜਿਬ ਹੈ ਕਿ “ਚੋਰ ਚੁਸਤ ਤੇ ਸ਼ਹਿਰ ਦੀ ਪੁਲਿਸ ਸੁਸਤ” ਹੈ। ਰੋਜਾਨਾ ਸ਼ਹਿਰ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਸੋਨੇ ਦੇ ਗਹਿਣਿਆਂ ਦੀ ਝਪਟ, ਮੋਬਾਈਲ ਫੋਨਾਂ ਦੀ ਝਪਟ ਅਤੇ ਮੋਟਰਸਾਈਕਲਾਂ ਦੇ ਚੋਰੀ ਹੋਣ ਦੀ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸੇ ਤਰ੍ਹਾਂ ਬੀਤੇ ਕੱਲ੍ਹ ਰਾਤ ਕਰੀਬ ਪੌਣੇ ਕੁ 8 ਵਜੇ ਸ਼ਹਿਰ ਦੇ ਬੱਚਿਆਂ ਦੇ ਮਸ਼ਹੂਰ ਡਾਕਟਰ ਭਾਰਤੀ ਦੇ ਹਸਪਤਾਲ ਅੱਗਿਓਂ ਲੇਖਕ ਅਤੇ ਪੱਤਰਕਾਰ ਗਮਦੂਰ ਰੰਗੀਲਾ ਦਾ ਮੋਟਰਸਾਈਕਲ ਨੰਬਰ ਪੀਬੀ 10 FP 9411 ਹੀਰੋ ਡੀਲਕਸ ਦੋ ਚੋਰ ਚੋਰੀ ਕਰਕੇ ਲੈ ਗਏ। ਮੋਟਰਸਾਈਕਲ ਚੋਰੀ ਕਰਨ ਵਾਲੇ ਚੋਰਾਂ ਨੇ ਚੋਰੀ ਦੀ ਇਸ ਘਟਨਾ ਨੂੰ ਇੰਨੇ ਘੱਟ ਸਮੇਂ ਵਿੱਚ ਅੰਜਾਮ ਦਿੱਤਾ ਜਿਸ ਦੀ ਅੱਖ ਝਪਕਣ ਦੇ ਸਮੇਂ ਨਾਲ ਤੁਲਨਾ ਕੀਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਵੀ ਉੱਘੇ ਪੱਤਰਕਾਰ ਕਰਨਪ੍ਰੀਤ ਕਰਨ ਦਾ ਮੋਟਰਸਾਈਕਲ ਕੁਝ ਮਹੀਨੇ ਪਹਿਲਾਂ ਚੋਰੀ ਹੋ ਗਿਆ ਸੀ, ਜਿਸ ਦੀ ਕੋਈ ਉੱਘ ਸੁੱਘ ਨਹੀਂ ਨਿਕਲੀ। ਦੋ ਢਾਈ ਮਹੀਨੇ ਪਹਿਲਾਂ ਸ਼ਹੀਦ ਭਗਤ ਸਿੰਘ ਪਾਰਕ ਦੇ ਬਾਹਰ ਇੱਕ ਅਜਿਹਾ ਮੋਟਰਸਾਈਕਲ ਚੋਰੀ ਹੋਇਆ ਜਿਸ ਦੀਆਂ ਗਰੀਬ ਵਿਅਕਤੀ ਨੇ ਅਜੇ ਚਾਰ ਕੁ ਕਿਸ਼ਤਾਂ ਹੀ ਭਰੀਆਂ ਸਨ।
ਹੈਰਾਨੀ ਇਸ ਗੱਲ ਦੀ ਹੈ ਕਿ ਚੋਰੀ ਕਰਨ ਵੇਲੇ ਚੋਰਾਂ ਨੇ ਆਪਣੇ ਚਿਹਰੇ ਵੀ ਨਹੀਂ ਢਕੇ ਹੁੰਦੇ ਜੋ ਸੀਸੀਟੀਵੀ ਵਿੱਚ ਸਾਫ਼ ਦਿਸ ਰਹੇ ਹੁੰਦੇ ਹਨ ਪ੍ਰੰਤੂ ਇਸ ਦੇ ਬਾਵਜੂਦ ਵੀ ਪੁਲਿਸ ਇਹਨਾਂ ਚੋਰਾਂ ਦੀ ਪੈੜ ਨੱਪਣ ‘ਚ ਕਾਮਯਾਬ ਨਹੀਂ ਹੋ ਰਹੀ। ਪੁਲਿਸ ਕੁਝ ਮਹੀਨਿਆਂ ਬਾਅਦ ਦੋ ਕੁ ਮੋਟਰਸਾਈਕਲ ਚੋਰਾਂ ਨੂੰ ਫੜ ਕੇ ਉਹਨਾਂ ਤੋਂ 8-10 ਮੋਟਰਸਾਈਕਲ ਬਰਾਮਦ ਕਰਕੇ ਅਖ਼ਬਾਰਾਂ ਦੀਆਂ ਸੁਰਖੀਆਂ ਤਾਂ ਬਟੋਰਦੀ ਹੈ ਪਰੰਤੂ ਫੜੇ ਗਏ ਚੋਰਾਂ ਦੀ ਗਿਣਤੀ ਅਤੇ ਉਹਨਾਂ ਤੋਂ ਬਰਾਮਦ ਹੋਏ ਮੋਟਰਸਾਈਕਲਾਂ ਦੀ ਗਿਣਤੀ, ਚੋਰੀ ਹੋਣ ਵਾਲੇ ਮੋਟਰਸਾਈਕਲਾਂ ਦੀ ਗਿਣਤੀ ਤੋਂ ਬਹੁਤ ਘੱਟ ਹੈ। ਸ਼ਹਿਰ ਵਿੱਚ ਚੋਰੀ ਦੀਆਂ ਵੱਧ ਰਹੀਆਂ ਘਟਨਾਵਾਂ ‘ਤੇ ਲੋਕ ਟਿੱਪਣੀ ਕਰ ਰਹੇ ਹਨ ਕਿ ਸਾਰੀ ਪੁਲਿਸ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਚ ਹੀ ਲੱਗੀ ਹੋਈ ਹੈ ਦੂਜੇ ਪਾਸੇ ਚੋਰਾਂ ਦੀ ਚਾਂਦੀ ਬਣੀ ਹੋਈ ਹੈ, ਜੋ ਮਿੰਟਾਂ ਸਕਿੰਟਾਂ ਵਿੱਚ ਕਿਸੇ ਵੀ ਆਮ ਵਿਅਕਤੀ ਨੂੰ 40-50 ਹਜ਼ਾਰ ਦਾ ਝਟਕਾ ਦੇ ਜਾਂਦੇ ਹਨ। ਬਰਨਾਲਾ ਪੁਲਿਸ ਕੋਲ ਬਿਨਾਂ ਸ਼ੱਕ ਬਹੁਤ “ਕਾਬਲ” ਅਫ਼ਸਰ ਹਨ ਪ੍ਰੰਤੂ ਸ਼ਹਿਰ ਵਿੱਚ ਚੋਰਾਂ ਦੀ ਦਲੇਰੀ ਅਤੇ ਚਲਾਕੀ ਇਹਨਾਂ ਅਫ਼ਸਰਾਂ ਦੀ ਕਾਬਲੀਅਤ ‘ਤੇ ਭਾਰੀ ਪੈ ਰਹੀ ਹੈ।
ਫੋਟੋ ਕੈਪਸ਼ਨ- ਗਮਦੂਰ ਰੰਗੀਲਾ ਦਾ ਮੋਟਰਸਾਈਕਲ ਚੋਰੀ ਕਰਨ ਵਾਲੇ ਚੋਰ







