Skip to main content

Gee 98News

ਪ੍ਰਸ਼ਾਸਨ ਦੇ ਨੋਟਿਸਾਂ ਨੂੰ ਜੁੱਤੀ ਦੀ ਨੋਕ ‘ਤੇ ਰੱਖਿਆ ਹੋਟਲਾਂ ਵਾਲਿਆਂ ਨੇ… ਨੋਟਿਸਾਂ ਦੇ ਬਾਵਜੂਦ ਵੀ ਨਹੀਂ ਲਈਆਂ ਪ੍ਰਵਾਨਗੀਆਂ….!

ਬਰਨਾਲਾ,14 ਅਗਸਤ (ਨਿਰਮਲ ਸਿੰਘ ਪੰਡੋਰੀ)-

-ਸ਼ਹਿਰ ਵਿੱਚ ਲੋਕਾਂ ਨੂੰ ਰਿਹਾਇਸ਼ ਮੁਹੱਈਆ ਕਰਵਾਉਣ ਅਤੇ ਖਾਣਾ ਪਰੋਸਣ ਦੇ ਨਾਂ ‘ਤੇ ਦੇਹ ਪਰੋਸਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕੁਝ ਹੋਟਲਾਂ ਵਾਲਿਆਂ ਨਾਲ ਹੇਠਲੇ ਪੱਧਰ ਦੇ ਕੁਝ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਿਲੀਭੁਗਤ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਇਹਨਾਂ ਹੋਟਲਾਂ ਦੇ ਕਮਰਿਆਂ ਵਿੱਚ ਦੇਹ ਵਪਾਰ ਵਰਗੇ ਗ਼ੈਰ ਸਮਾਜਿਕ ਧੰਦੇ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਪ੍ਰਸ਼ਾਸਨ ਨੇ ਕੀਤੀ ਚੈਕਿੰਗ ਦੌਰਾਨ ਸ਼ਹਿਰ ਦੇ 11 ਹੋਟਲਾਂ ਨੂੰ ਜਿੰਦੇ ਲਗਾ ਦਿੱਤੇ ਸਨ ਅਤੇ ਇਹਨਾਂ ਦੇ ਮਾਲਕਾਂ ਸੰਚਾਲਕਾਂ ਨੂੰ ਲੋੜੀਦੀਆਂ ਸਾਰੀਆਂ ਕਾਰਵਾਈਆਂ ਪੂਰੀਆਂ ਕਰਨ ਦੇ ਹੁਕਮ ਦਿੱਤੇ ਸਨ। ਹੋਟਲਾਂ ਨੂੰ ਲੱਗੇ ਇਹ ਜਿੰਦੇ ਚਾਰ ਕੁ ਦਿਨ ਹੀ ਬੰਦ ਰਹੇ ਅਤੇ ਚਾਰ ਕੁ ਦਿਨਾਂ ਬਾਅਦ ਦੁਬਾਰਾ ਫੇਰ ਖੁੱਲ੍ਹ ਗਏ। ‌ਹੈਰਾਨੀ ਇਸ ਗੱਲ ਦੀ ਹੈ ਕਿ ਜਿੰਦੇ ਲਗਾਉਣ ਮੌਕੇ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਲੋੜੀਂਦੀਆਂ ਮਨਜ਼ੂਰੀਆਂ ਪੂਰੇ ਕਰਨ ਦੇ ਹੁਕਮ ਦਿੱਤੇ ਗਏ ਸਨ ਪਰੰਤੂ ਇਹ ਹੋਟਲ ਬਿਨਾਂ ਮਨਜ਼ੂਰੀਆਂ ਪੂਰੀਆਂ ਕਰਨ ਤੋਂ ਹੀ ਖੁੱਲ੍ਹ ਗਏ। ਅਦਾਰਾ Gee98 news ਕੀਤੀ ਪੜ੍ਹਤਾਲ ਤੋਂ ਬਾਅਦ ਸਾਹਮਣੇ ਆਇਆ ਕਿ ਇੱਕ ਸਥਾਨਕ ਸੱਤਾਧਾਰੀ ਆਗੂ ਦੀ ਪਹੁੰਚ ਸਦਕਾ ਹੇਠਲੇ ਪੱਧਰ ‘ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਹਨਾਂ ਹੋਟਲਾਂ ਨੂੰ ਸਾਰੀਆਂ ਲੋੜੀਦੀਆਂ ਮਨਜ਼ੂਰੀਆਂ ਪੂਰੀਆਂ ਕਰਨ ਲਈ ਇੱਕ ਮਹੀਨੇ ਦਾ ਸਮਾਂ ਦਿੱਤਾ ਸੀ।

                ਪ੍ਰਸ਼ਾਸਨ ਨੇ ਇਹਨਾਂ ਹੋਟਲਾਂ ਵਾਲਿਆਂ ਨੂੰ ਸਮਾਂ ਤਾਂ ਮਨਜ਼ੂਰੀਆਂ ਪੂਰੀਆਂ ਕਰਨ ਲਈ ਦਿੱਤਾ ਸੀ ਪਰੰਤੂ ਇਹਨਾਂ ਹੋਟਲਾਂ ਵਾਲਿਆਂ ਨੇ ਪ੍ਰਵਾਨਗੀਆਂ ਤੋਂ ਬਿਨਾਂ ਹੀ ਆਪਣੇ ਕਾਰੋਬਾਰ ਦੀ ਕਿੱਲੀ ਨੱਪ ਦਿੱਤੀ। ਪਾਠਕਾਂ ਨੂੰ ਦੱਸ ਦੇਈਏ ਕਿ ਲੋੜੀਦੀਆਂ ਮਨਜ਼ੂਰੀਆਂ ਪੂਰੀਆਂ ਕਰਨ ਲਈ ਮਿਲੇ ਸਮੇਂ ਤੋਂ ਬਾਅਦ ਇਹਨਾਂ ਹੋਟਲਾਂ ਵਾਲਿਆਂ ਨੇ ਜਿੰਦਰੇ ਭਾਵੇਂ ਦੁਬਾਰਾ ਖੋਲ੍ਹ ਲਏ ਹਨ ਪ੍ਰੰਤੂ ਖ਼ਬਰ ਲਿਖੇ ਜਾਣ ਤੱਕ ਵੀ ਇਹਨਾਂ ਹੋਟਲਾਂ ਵਿੱਚੋਂ ਦੋ ਕੁ ਨੂੰ ਛੱਡ ਕੇ ਕਿਸੇ ਕੋਲ ਲੋੜੀਦੀਆਂ ਮਨਜ਼ੂਰੀਆਂ ਨਹੀਂ ਹਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ਕਿ ਬਹੁਤੇ ਹੋਟਲਾਂ ਕੋਲ ਸਭ ਤੋਂ ਜ਼ਰੂਰੀ “ਫਾਇਰ ਸਿਸਟਮ” ਨਹੀਂ ਹੈ ਅਤੇ ਫਾਇਰ NOC ਵੀ ਨਹੀਂ ਹੈ। ਜ਼ਿਲ੍ਹਾ ਫਾਇਰ ਅਫ਼ਸਰ ਜਸਪ੍ਰੀਤ ਸਿੰਘ ਨੇ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸ਼ਹਿਰ ਵਿਚਲੇ ਬਹੁਤੇ ਹੋਟਲਾਂ ਕੋਲ ਫਾਇਰ ਸਿਸਟਮ ਅਤੇ ਫਾਇਰ NOC ਨਹੀਂ ਹੈ, ਉਹਨਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਦਿੱਤੇ ਸਮੇਂ ਦੌਰਾਨ ਜੇਕਰ ਸ਼ਹਿਰ ਦੇ ਹੋਟਲਾਂ ਵਾਲਿਆਂ ਵੱਲੋਂ “ਫਾਇਰ ਸਿਸਟਮ” ਸਬੰਧੀ ਜ਼ਰੂਰੀ ਕਾਰਵਾਈ ਪੂਰੀ ਨਾ ਕੀਤੀ ਗਈ ਤਾਂ ਹੁਣ ਇਹਨਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਫਾਇਰ ਅਫ਼ਸਰ ਨਾਲ ਗੱਲਬਾਤ ਕਰਨ ਤੋਂ ਬਾਅਦ ਸਾਹਮਣੇ ਆਇਆ ਕਿ ਫਾਇਰ ਵਿਭਾਗ ਵੱਲੋਂ ਇਹਨਾਂ ਹੋਟਲ ਵਾਲਿਆਂ ਨੂੰ ਮਈ 2025 ਵਿੱਚ ਫਾਇਰ ਸਿਸਟਮ ਪੂਰਾ ਕਰਨ ਸਬੰਧੀ ਲਿਖਤੀ ਨੋਟਿਸ ਵੀ ਕੱਢੇ ਗਏ ਸਨ ਪ੍ਰੰਤੂ ਹੋਟਲਾਂ ਵਾਲਿਆਂ ਨੇ ਫਾਇਰ ਵਿਭਾਗ ਦੇ ਇਹਨਾਂ ਨੂੰ ਨੋਟਿਸਾਂ ਨੂੰ ਜੁੱਤੀ ਦੀ ਨੋਕ ‘ਤੇ ਰੱਖਿਆ ਅਤੇ ਦੋ ਕੁ ਜਣਿਆਂ ਨੂੰ ਛੱਡ ਕੇ ਕਿਸੇ ਨੇ ਵੀ ਫਾਇਰ ਸਿਸਟਮ ਨਹੀਂ ਲਗਾਇਆ ਪਰੰਤੂ ਫਾਇਰ ਵਿਭਾਗ ਨੇ ਇਸ ਦੇ ਬਾਵਜੂਦ ਵੀ ਇਹਨਾਂ ਹੋਟਲਾਂ ਵਾਲਿਆਂ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।

Gee98 Ads

                   ਦੂਜੇ ਪਾਸੇ ਇਹਨਾਂ ਹੋਟਲਾਂ ਵਾਲਿਆਂ ਵੱਲੋਂ ਆਪਣੇ ਹੋਟਲਾਂ ਦੇ ਸ਼ਟਰ ਤੋਂ ਲੈ ਕੇ ਸੜਕ ਵਾਲੇ ਪਾਸੇ 10 ਤੋਂ 15 ਫੁੱਟ ਤੱਕ ਬੋਰਡ ਲਗਾ ਕੇ ਅਤੇ ਇੰਟਰਲਾੱਕ ਟਾਈਲਾਂ ਲਗਾ ਕੇ ਜੰਗਲਾਤ ਵਿਭਾਗ ਦੀ ਜਗ੍ਹਾ ‘ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਹੋਟਲਾਂ ਨੂੰ ਜਿੰਦਰੇ ਲੱਗਣ ਤੋਂ ਬਾਅਦ ਭਾਵੇਂ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਕੁਝ ਕੁ ਹੋਟਲਾਂ ਦੇ ਅੱਗੇ ਲੱਗੇ ਬੋਰਡ ਪੁੱਟੇ ਗਏ ਹਨ ਪਰੰਤੂ ਬੋਰਡ ਪੁੱਟਣ ਦੀ ਕਾਰਵਾਈ ਵਿੱਚ ਵੀ ਪੱਖਪਾਤ ਸਾਫ਼ ਝਲਕ ਰਿਹਾ ਹੈ ਕਿਉਂਕਿ ਕੁਝ ਕੁ ਹੋਟਲਾਂ ਦੇ ਅੱਗੇ ਅਜੇ ਵੀ ਇਹ ਬੋਰਡ ਸ਼ਟਰ ਤੋਂ ਲੈ ਕੇ ਸੜਕ ਵਾਲੇ ਪਾਸੇ 10 ਤੋਂ 15 ਫੁੱਟ ਜਗ੍ਹਾ ਰੋਕ ਰਹੇ ਹਨ। ਇਸ ਸਬੰਧੀ ਜਦੋਂ ਨਗਰ ਕੌਂਸਲ ਦੇ EO ਸ੍ਰੀ ਵਿਸ਼ਾਲਦੀਪ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਰਕਾਰੀ ਜਗ੍ਹਾ ਵਿੱਚ ਲੱਗੇ ਸਾਰੇ ਬੋਰਡ ਪੁੱਟ ਦਿੱਤੇ ਜਾਣਗੇ, ਕਿਸੇ ਨਾਲ ਕੋਈ ਪੱਖਪਾਤ ਨਹੀਂ ਕੀਤਾ ਜਾਵੇਗਾ ਤੇ ਕਿਸੇ ਦੀ ਕੋਈ ਸਿਫਾਰਿਸ਼ ਨਹੀਂ ਮੰਨੀ ਜਾਵੇਗੀ। ਹੋਟਲਾਂ ਦੀਆਂ ਇਮਾਰਤਾਂ ਦੇ ਨਕਸ਼ਿਆਂ ਸਬੰਧੀ EO ਵਿਸ਼ਾਲਦੀਪ ਨੇ ਕਿਹਾ ਕਿ ਉਹਨਾਂ ਨੂੰ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਵੱਲੋਂ ਇੱਕ ਪੱਤਰ ਮਿਲਿਆ ਜਿਸ ਵਿੱਚ ਇਹਨਾਂ ਹੋਟਲਾਂ ਵਾਲਿਆਂ ਦੀ ਨਗਰ ਕੌਂਸਲ ਨਾਲ ਸੰਬੰਧਿਤ ਮਨਜ਼ੂਰੀਆਂ ਦੀ ਚੈਕਿੰਗ ਕਰਨ ਲਈ ਕਿਹਾ ਗਿਆ ਹੈ। EO ਵਿਸ਼ਾਲਦੀਪ ਨੇ ਕਿਹਾ ਕਿ ਸ਼ਹਿਰ ਦੇ ਸਾਰੇ ਹੋਟਲਾਂ ਦੀਆਂ ਇਮਾਰਤਾਂ ਦੇ ਨਕਸ਼ੇ ਅਤੇ ਹੋਰ ਪ੍ਰਧਾਨਗੀਆਂ ਨਾਲ ਸੰਬੰਧਿਤ ਰਿਕਾਰਡ ਦੀ ਚੈਕਿੰਗ ਕੀਤੀ ਜਾਵੇਗੀ ਅਤੇ ਡਿਫਾਲਟਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

error: Content is protected !!