Gee 98News

ਭਾਜਪਾ ਦੇ ਵੱਧ ਰਹੇ ਗ੍ਰਾਫ਼ ਤੋਂ ‘ਆਪ ਸਰਕਾਰ’ ਬੁਖਲਾਹਟ ਵਿੱਚ ਆ ਕੇ ਲੋਕ ਭਲਾਈ ਕੈਂਪ ਰੋਕ ਰਹੀ ਹੈ-ਕੇਵਲ ਸਿੰਘ ਢਿੱਲੋਂ

ਬਰਨਾਲਾ, 22 ਅਗਸਤ (ਨਿਰਮਲ ਸਿੰਘ ਪੰਡੋਰੀ)-

ਪੰਜਾਬ ਦੇ ਪੇਂਡੂ ਖੇਤਰ ਵਿੱਚ ਭਾਜਪਾ ਦੇ ਵੱਧ ਰਹੇ ਗ੍ਰਾਫ ਨੂੰ ਵੇਖ ਕੇ ਆਮ ਆਦਮੀ ਪਾਰਟੀ ਬੁਖਲਾਹਟ ਦੀ ਰਾਜਨੀਤੀ ਕਰ ਰਹੀ ਹੈ ਇਸੇ ਕਰਕੇ ਪੰਜਾਬ ਦੀ ਆਪ ਸਰਕਾਰ ਵੱਲੋਂ ਭਾਜਪਾ ਦੇ ਲਗਾਏ ਜਾ ਰਹੇ ਲੋਕ ਭਲਾਈ ਕੈਂਪਾਂ ਨੂੰ ਰੋਕਣ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ ਸਾਬਕਾ ਵਿਧਾਇਕ ਨੇ ਸਥਾਨਕ ਕਚਹਿਰੀ ਚੌਂਕ ਵਿੱਚ ਭਾਜਪਾ ਵਰਕਰਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸਰਦਾਰ ਢਿੱਲੋ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਬਹੁਤ ਸਾਰੀਆਂ ਲੋਕ ਭਲਾਈ ਸਕੀਮਾਂ ਹਨ ਜਿਨਾਂ ਲਈ ਪੂਰਾ ਪੈਸਾ ਜਾਂ 60 ਫੀਸਦੀ ਪੈਸਾ ਕੇਂਦਰ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ ਪ੍ਰੰਤੂ ਪੰਜਾਬ ਦੀ ਆਪ ਸਰਕਾਰ ਇਨਾਂ ਸਕੀਮਾਂ ਨੂੰ ਲਾਗੂ ਕਰਨ ਵਿੱਚ ਜਾਣ ਬੁੱਝ ਕੇ ਦੇਰੀ ਕਰ ਰਹੀ ਹੈ ਜਿਸ ਕਰਕੇ ਇਹਨਾਂ ਸਕੀਮਾਂ ਦਾ ਪੰਜਾਬ ਦੇ ਲੋੜਵੰਦ ਲੋਕਾਂ ਨੂੰ ਪੂਰਾ ਲਾਭ ਨਹੀਂ ਮਿਲ ਰਿਹਾ।

                  ਢਿੱਲੋਂ ਨੇ ਦੱਸਿਆ ਕਿ ਭਾਜਪਾ ਦੀ ਲੀਡਰਸ਼ਿਪ ਨੇ ਪੰਜਾਬ ਦੀ ਆਪ ਸਰਕਾਰ ਦੇ ਕੇਂਦਰੀ ਸਕੀਮਾਂ ਪ੍ਰਤੀ ਰਵੱਈਏ ਦਾ ਨੋਟਿਸ ਲੈਂਦੇ ਹੋਏ ਖ਼ੁਦ ਬੀੜਾ ਚੁੱਕਿਆ ਤੇ ਭਾਜਪਾ ਦੇ ਵਰਕਰਾਂ ਨੇ ਪੰਜਾਬ ਦੇ ਪਿੰਡਾਂ ਵਿੱਚ ਲੋਕ ਭਲਾਈ ਕੈਂਪ ਲਗਾਉਣੇ ਸ਼ੁਰੂ ਕੀਤੇ ਤਾਂ ਜੋ ਲੋਕਾਂ ਨੂੰ ਕੇਂਦਰ ਦੀਆਂ ਭਲਾਈ ਸਕੀਮਾਂ ਸਬੰਧੀ ਪੂਰੀ ਜਾਣਕਾਰੀ ਦਿੱਤੀ ਜਾ ਸਕੇ। ਉਹਨਾਂ ਕਿਹਾ ਕਿ ਇਨਾਂ ਸਕੀਮਾਂ ਦੇ ਭਾਜਪਾ ਵਰਕਰਾਂ ਵੱਲੋਂ ਮੌਕੇ ‘ਤੇ ਹੀ ਕਾਰਡ ਬਣਾ ਕੇ ਦਿੱਤੇ ਜਾ ਰਹੇ ਹਨ। ਢਿੱਲੋਂ ਨੇ ਕਿਹਾ ਕਿ ਕੁਝ ਭਲਾਈ ਸਕੀਮਾਂ ਅਜਿਹੀਆਂ ਹਨ ਜਿਨਾਂ ਲਈ 60 ਫੀਸਦੀ ਕੇਂਦਰ ਵੱਲੋਂ ਅਤੇ 40 ਫੀਸਦੀ ਸੂਬੇ ਵੱਲੋਂ ਯੋਗਦਾਨ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਪੰਜਾਬ ‘ਚ ਅਜਿਹੀਆਂ ਭਲਾਈ ਸਕੀਮਾਂ ਲਈ ਕੇਂਦਰ ਸਰਕਾਰ ਵੱਲੋਂ ਆਪਣਾ 60 ਫੀਸਦੀ ਪੂਰਾ ਅਤੇ ਸਮੇਂ ਸਿਰ ਦਿੱਤਾ ਜਾ ਰਿਹਾ ਪ੍ਰੰਤੂ ਪੰਜਾਬ ਦੀ ਆਪ ਸਰਕਾਰ ਆਪਣੇ ਹਿੱਸੇ ਦਾ 40 ਫੀਸਦੀ ਹਿੱਸਾ ਸਮੇਂ ਸਿਰ ਨਹੀਂ ਦੇ ਰਹੀ ਸਗੋਂ ਕੇਂਦਰ ਵੱਲੋਂ ਦਿੱਤਾ 60 ਫੀਸਦੀ ਵੀ ਹੋਰ ਕੰਮਾਂ ‘ਤੇ ਖਰਚ ਕੀਤਾ ਜਾ ਰਿਹਾ ਜਿਸ ਕਰਕੇ ਇਹਨਾਂ ਸਕੀਮਾਂ ਦੇ ਲਾਭਪਾਤਰੀਆਂ ਨੂੰ ਮੌਕੇ ਸਿਰ ਲਾਭ ਨਹੀਂ ਮਿਲ ਰਿਹਾ। ਢਿੱਲੋਂ ਨੇ ਕਿਹਾ ਕਿ ਭਾਜਪਾ ਦੇ ਇਹਨਾਂ ਕੈਂਪਾਂ ਵਿੱਚ ਲੋੜਵੰਦ ਲੋਕਾਂ ਦੇ ਹੋ ਰਹੇ ਵੱਡੇ ਇਕੱਠਾਂ ਨੂੰ ਵੇਖਦੇ ਹੋਏ ਆਮ ਆਦਮੀ ਪਾਰਟੀ ਬੁਖਲਾਹਟ ਵਿੱਚ ਆਈ ਤੇ ਉਸਨੇ ਪੰਜਾਬ ਪੁਲਿਸ ਦੀ ਪਾਵਰ ਦੀ ਦੁਰਵਰਤੋਂ ਕਰਕੇ ਇਹਨਾਂ ਲੋਕ ਭਲਾਈ ਕੈਂਪਾਂ ਨੂੰ ਰੋਕਣ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਤੇ ਭਾਜਪਾ ਆਗੂਆਂ ਵਰਕਰਾਂ ਨੂੰ ਥਾਣਿਆਂ ‘ਚ ਬੰਦ ਕੀਤਾ।

Gee98 Ads

             ਕੇਵਲ ਸਿੰਘ ਢਿੱਲੋਂ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸਿਆਸੀ ਕੰਧ ‘ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕਿ ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ‘ਚ ਪੰਜਾਬ ਦੇ ਲੋਕ ਉਸ ਨੂੰ ਮੂੰਹ ਨਹੀਂ ਲਗਾਉਣਗੇ ਸਗੋਂ ਲੋਕ ਇਹ ਫੈਸਲਾ ਕਰ ਚੁੱਕੇ ਹਨ ਕਿ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਪੰਜਾਬ ‘ਚ ਵੀ ਡਬਲ ਇੰਜਣ ਦੀ ਸਰਕਾਰ ਬਣਾਈ ਜਾਵੇਗੀ। ਢਿੱਲੋਂ ਨੇ ਕਿਹਾ ਕਿ ਜਦੋਂ ਸੂਬੇ ਦੀ ਆਪ ਦੀ ਸਰਕਾਰ ਆਮ ਲੋਕਾਂ ਦੀ ਭਲਾਈ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਵੀ ਰਾਜਨੀਤਿਕ ਨਜ਼ਰੀਏ ਨਾਲ ਵੇਖੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਆਪ ਸਰਕਾਰ ਦੇ ਮਾੜੇ ਦਿਨ ਸ਼ੁਰੂ ਹੋ ਚੁੱਕੇ ਹਨ। ਢਿੱਲੋਂ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਭਾਜਪਾ ਦੇ ਤਿੱਖੇ ਹਮਲਿਆਂ ਤੋਂ ਬਾਅਦ ਹੀ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਲਈ ਮਜ਼ਬੂਰ ਹੋਣਾ ਪਿਆ ਜਿਸ ਕਰਕੇ ਵੀ ਭਾਜਪਾ ਪ੍ਰਤੀ ਆਪ ਸਰਕਾਰ ਬਦਲਾਖ਼ੋਰੀ ਦੀ ਰਾਜਨੀਤੀ ਕਰ ਰਹੀ ਹੈ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸੰਟੀ, ਨਰਿੰਦਰ ਗਰਗ ਨੀਟਾ, ਰਜਿੰਦਰ ਉਪਲ, ਸੋਮਨਾਥ ਸ਼ਰਮਾ, ਗੁਰਸ਼ਰਨ ਸਿੰਘ, ਸੁਖਦੀਪ ਸਿੰਘ ਧਾਲੀਵਾਲ, ਲਲਿਤ ਗਰਗ, ਪਰਮਿੰਦਰ ਸਿੰਘ ਖੁਰਮੀ, ਨੰਦਲਾਲ, ਬਲਜਿੰਦਰ ਸਿੰਘ ਟੀਟੂ, ਪੁਨੀਤ ਕੌਂਸਲ, ਭਾਰਤ ਕਾਂਸਲ, ਕੌਂਸਲਰ ਧਰਮ ਸਿੰਘ ਫੌਜੀ, ਕੌਂਸਲਰ ਹਰਬਖਸੀਸ ਸਿੰਘ ਗੋਨੀ, ਜਸਵੀਰ ਸਿੰਘ ਗੱਖੀ, ਕ੍ਰਿਸ਼ਨ ਸਿੰਘ ਠੀਕਰੀਵਾਲ ਆਦਿ ਆਗੂ ਵੀ ਹਾਜ਼ਰ ਸਨ।

error: Content is protected !!