Gee 98News

ਕਦੇ ਕਦੇ ਇਉਂ ਵੀ ਹੋ ਜਾਂਦੈਂ…ਜੱਜ ਨੇ ਗਵਾਹੀ ਦੇਣ ਆਏ ਐਸਐਚਓ ਨੂੰ ਬੰਦੀ ਰੂਮ ‘ਚ ਬੰਦ ਕਰਨ ਦੇ ਦਿੱਤੇ ਹੁਕਮ

ਚੰਡੀਗੜ੍ਹ,12 ਸਤੰਬਰ, Gee98 news service

-ਕਤਲ ਦੇ ਇੱਕ ਮਾਮਲੇ ਵਿੱਚ ਵਾਰ-ਵਾਰ ਬੁਲਾਉਣ ਦੇ ਬਾਵਜੂਦ ਵੀ ਗਵਾਹੀ ਦੇਣ ਅਦਾਲਤ ਤੱਕ ਨਾ ਆਉਣ ਵਾਲੇ ਐਸਐਚਓ ਨੂੰ ਜਦੋਂ ਅਦਾਲਤ ਦੇ ਹੁਕਮਾਂ ‘ਤੇ ਪੁਲਿਸ ਨੇ ਜੱਜ ਦੇ ਸਾਹਮਣੇ ਪੇਸ਼ ਕੀਤਾ ਤਾਂ ਜੱਜ ਨੇ ਐਸ ਐਚ ਓ ਸਾਹਿਬ ਨੂੰ ਅਦਾਲਤ ਦੇ ਲਾੱਕਅੱਪ ਰੂਮ ‘ਚ ਇੱਕ ਘੰਟੇ ਲਈ ਬੰਦ ਕਰ ਦਿੱਤਾ। ‌ ਇਹ ਮਾਮਲਾ ਹਰਿਆਣਾ ਦੇ ਕੈਥਲ ਦੀ ਇੱਕ ਅਦਾਲਤ ਨਾਲ ਸੰਬੰਧਿਤ ਹੈ ਜਿੱਥੇ ਕਤਲ ਦੇ ਇਕ ਮਾਮਲੇ ‘ਚ ਐਸ ਐਚ ਓ ਗਵਾਹੀ ਦੇਣ ਨਹੀਂ ਆ ਰਿਹਾ ਸੀ। ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਨੇ ਐਸਐਚਓ ਦੇ ਖ਼ਿਲਾਫ਼ ਜ਼ਮਾਨਤੀ ਅਤੇ ਗ਼ੈਰ ਜ਼ਮਾਨਤੀ ਵਾਰੰਟ ਤੱਕ ਵੀ ਜਾਰੀ ਕੀਤੇ ਪ੍ਰੰਤੂ ਐਸ ਐਚ ਓ ਸਾਹਿਬ ਫਿਰ ਵੀ ਨਹੀਂ ਆਏ ਜਿਸ ਤੋਂ ਬਾਅਦ ਜੱਜ ਨੇ ਕੈਥਲ ਦੇ ਐਸਪੀ ਨੂੰ ਹੁਕਮ ਦਿੱਤਾ ਕਿ ਐਸਐਚਓ ਦੀ ਤਨਖ਼ਾਹ ਅਟੈਚ ਕਰਕੇ ਗ੍ਰਿਫ਼ਤਾਰ ਕਰਕੇ ਅਦਾਲਤ ਪੇਸ਼ ਕੀਤਾ ਜਾਵੇ। ਵੀਰਵਾਰ ਜਦੋਂ ਐਸ ਐਚ ਓ ਰਜੇਸ਼ ਕੁਮਾਰ ਨੂੰ ਜੱਜ ਸਾਹਿਬ ਦੇ ਪੇਸ਼ ਕੀਤਾ ਗਿਆ ਤਾਂ ਉਸ ਵੇਲੇ ਅਦਾਲਤ ਵਿੱਚ ਕਿਸੇ ਹੋਰ ਕੇਸ ਦੀ ਸੁਣਵਾਈ ਚੱਲ ਰਹੀ ਸੀ ਜਿਸ ਤੋਂ ਬਾਅਦ ਮਾਨਯੋਗ ਐਡੀਸ਼ਨਲ ਜੱਜ ਮੋਹਿਤ ਅਗਰਵਾਲ ਨੇ ਹੁਕਮ ਦਿੱਤੇ ਕਿ ਐਸਐਚਓ ਨੂੰ ਹਿਰਾਸਤ ਵਿੱਚ ਲੈ ਕੇ ਲਾੱਕਅੱਪ ਵਿੱਚ ਇੱਕ ਘੰਟੇ ਤੱਕ ਰੱਖਿਆ ਜਾਵੇ। ਅਦਾਲਤ ਦੇ ਹੁਕਮਾਂ ਤੇ ਬਾਅਦ ਮੌਕੇ ‘ਤੇ ਹਾਜ਼ਰ ਪੁਲਿਸ ਅਧਿਕਾਰੀਆਂ ਨੇ ਐਸਐਚਓ ਰਜੇਸ਼ ਕੁਮਾਰ ਨੂੰ ਅਦਾਲਤ ਦੇ ਬੰਦੀ ਕਮਰੇ ‘ਚ ਘੰਟੇ ਲਈ ਬੰਦ ਕਰ ਦਿੱਤਾ ਜਿੱਥੇ ਐਸਐਚਓ ਸਾਹਿਬ ਚੁੱਪ ਚਾਪ ਹੱਥ ਜੋੜ ਕੇ ਬੈਠੇ ਰਹੇ। ਘੰਟੇ ਬਾਅਦ ਦੁਬਾਰਾ ਜੱਜ ਸਾਹਮਣੇ ਪੇਸ਼ ਕਰ ਦਿੱਤਾ ਜਿਸ ਤੋਂ ਬਾਅਦ ਐਸ ਐਚ ਓ ਦੀ ਗਵਾਹੀ ਹੋਈ ਅਤੇ ਉਸ ਨੂੰ ਛੱਡ ਦਿੱਤਾ ਗਿਆ।
ਫੋਟੋ ਕੈਪਸ਼ਨ-ਅਦਾਲਤ ਦੇ ਬੰਦੀ ਰੂਮ ‘ਚ ਬੈਠਾ ਐਸਐਚਓ ਰਜੇਸ਼ ਕੁਮਾਰ

error: Content is protected !!