Gee 98News

ਇਉਂ ਹੁੰਦੀਆਂ ਨੇ…ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ…MLA ਪਠਾਨਮਾਜਰਾ ਦੇ ਪੁੱਤਰ, ਪੀਏ ਤੇ ਹੋਰਾਂ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ

– ਫੁੱਫੜ ਦਾ ਦਰਜਾ ਪ੍ਰਾਪਤ MLA ਅਜੇ ਤੱਕ ਪੁਲਿਸ ਦੀ ਪਕੜ ਤੋਂ ਬਾਹਰ

ਚੰਡੀਗੜ੍ਹ,12 ਸਤੰਬਰ, Gee98 news service-

-ਪੰਜਾਬ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਫ਼ਰਾਰ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੇ ਪੁੱਤਰ, ਪੀਏ ਸਮੇਤ 16 ਲੋਕਾਂ ਦੇ ਗ੍ਰਿਫ਼ਤਾਰੀ ਵਾਰੰਟ ਰੰਟ ਜਾਰੀ ਕੀਤੇ ਹਨ। ਪਟਿਆਲਾ ਪੁਲਿਸ ਨੇ ਉਕਤ ਸਾਰੇ ਵਿਅਕਤੀਆਂ ਨੂੰ ਵਿਧਾਇਕ ਪਠਾਨਮਾਜਰਾ ਨੂੰ ਭਜਾਉਣ, ਪਨਾਹ ਦੇਣ ਅਤੇ ਕਾਨੂੰਨ ਵਿਵਸਥਾ ਵਿਗਾੜਨ ਦੇ ਦੋਸ਼ਾਂ ਤਹਿਤ ਨਾਮਜ਼ਦ ਕੀਤਾ ਸੀ। ਪਟਿਆਲਾ ਪੁਲਿਸ ਨੇ ਵਿਧਾਇਕ ਦੇ ਪੁੱਤਰ ਹਰਜਸ਼ਨ ਸਿੰਘ, ਪੀਏ ਗੁਰਪ੍ਰੀਤ ਸਿੰਘ ਗੁਰੀ, ਆਪ ਦੇ ਜ਼ਿਲ੍ਹਾ ਯੂਥ ਪ੍ਰਧਾਨ ਅਮਰ ਸਿੰਘ ਸੰਘੇੜਾ ਸਮੇਤ ਕਈ ਜਣਿਆਂ ਦੇ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ ਵੀ ਪੁਲਿਸ ਨੇ ਵਿਧਾਇਕ ਨੂੰ ਪੁਲਿਸ ਹਿਰਾਸਤ ਵਿੱਚੋਂ ਭਜਾਉਣ, ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਸਮੇਤ ਹੋਰ ਗੰਭੀਰ ਦੋਸ਼ਾਂ ਤਹਿਤ 11 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸ ਦੇਈਏ ਕਿ ਵਿਧਾਨ ਸਭਾ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ ਪੰਜਾਬ ਪੁਲਿਸ ਹਰਿਆਣਾ ਤੋਂ ਗ੍ਰਿਫ਼ਤਾਰ ਕਰਨ ਗਈ ਸੀ ਪਰੰਤੂ ਉਹ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਸੀ ਅਤੇ ਅੱਜ ਕਰੀਬ 10 ਦਿਨ ਬੀਤਣ ਦੇ ਬਾਵਜੂਦ ਵੀ ਪੁਲਿਸ ਵਿਧਾਇਕ ਪਠਾਨਮਾਜਰਾ ਦੀ ਪੈੜ ਨਹੀਂ ਨੱਪ ਸਕੀ ਜਿਸ ਤੋਂ ਬਾਅਦ ਇਹ ਵਿਧਾਇਕ ‘ਤੇ ਦਬਾਅ ਪਾਉਣ ਦੀ ਨੀਤੀ ਤਹਿਤ ਪੁਲਿਸ ਨੇ ਉਸ ਦੇ ਪਰਿਵਾਰਿਕ ਮੈਂਬਰਾਂ ਤੇ ਅੰਗੀਆਂ ਸੰਗੀਆਂ ‘ਤੇ ਸ਼ਿਕੰਜਾ ਕਸ ਦਿੱਤਾ ਹੈ। ਪੰਜਾਬ ਪੁਲਿਸ ਦੀਆਂ ਟੀਮਾਂ ਵਿਧਾਇਕ ਦੀ ਭਾਲ ਵਿੱਚ ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਕਈ ਹੋਰ ਰਾਜਾਂ ਵਿੱਚ ਰੇਡ ਕਰ ਰਹੀਆਂ ਹਨ।

Gee98 Ads

                             ਦੂਜੇ ਪਾਸੇ ਵਿਧਾਇਕ ਦੀ ਪਤਨੀ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਖ਼ਦਸ਼ਾ ਜ਼ਾਹਿਰ ਕੀਤਾ ਕਿ ਉਹਨਾਂ ਦੇ ਵਿਧਾਇਕ ਪਤੀ ਦਾ ਪੰਜਾਬ ਪੁਲਿਸ ਕਿਸੇ ਵੇਲੇ ਵੀ ਇਨਕਾਊਂਟਰ ਕਰ ਸਕਦੀ ਹੈ। ਵਿਧਾਇਕ ਦੀ ਪਤਨੀ ਨੇ ਇਹ ਵੀ ਦੋਸ਼ ਲਗਾਏ ਕਿ ਉਹਨਾਂ ਨੂੰ ਕਈ ਦਿਨਾਂ ਤੋਂ ਘਰ ਵਿੱਚ ਹੀ ਨਜ਼ਰਬੰਦ ਕੀਤਾ ਹੋਇਆ ਹੈ ਤੇ ਦਵਾਈ ਲੈਣ ਵੀ ਨਹੀਂ ਜਾਣ ਦਿੱਤਾ ਜਾ ਰਿਹਾ। ਵਿਧਾਇਕ ਦੀ ਪਤਨੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਵੀ ਨਹੀਂ ਦੱਸਿਆ ਜਾ ਰਿਹਾ ਕਿ ਵਿਧਾਇਕ ਦੇ ਖ਼ਿਲਾਫ਼ ਕਿੰਨੇ ਪਰਚੇ ਦਰਜ ਕੀਤੇ ਜਾ ਚੁੱਕੇ ਹਨ। ਵਿਧਾਇਕ ਦੀ ਪਤਨੀ ਦੀ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਜਿਸ ਦੀ ਸੁਣਵਾਈ 23 ਸਤੰਬਰ ਨੂੰ ਹੋਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੇ ਖ਼ਿਲਾਫ਼ ਹੁਣ ਤੱਕ 4 ਮੁਕੱਦਮੇ ਦਰਜ ਹੋ ਚੁੱਕੇ ਹਨ ਜਿਨਾਂ ਵਿੱਚੋਂ ਇੱਕ ਹਰਿਆਣਾ ਦੇ ਕਰਨਾਲ ਵਿੱਚ, ਦੂਜਾ ਇੱਕ ਔਰਤ ਦੇ ਬਿਆਨਾਂ ‘ਤੇ ਜਬਰਜਨਾਹ ਦਾ ਮਾਮਲਾ ਵੀ ਦਰਜ ਹੋਇਆ ਹੈ। ਇਸ ਤੋਂ ਇਲਾਵਾ ਵਿਧਾਇਕ ਦੇ ਖ਼ਿਲਾਫ਼ ਪਟਿਆਲਾ ‘ਚ ਆਰਮਜ਼ ਐਕਟ ਤਹਿਤ ਵੀ ਇੱਕ ਮੁਕੱਦਮਾ ਦਰਜ ਹੋਇਆ ਤੇ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪਟਿਆਲਾ ਜ਼ਿਲ੍ਹੇ ‘ਚ ਹੀ ਵਿਧਾਇਕ ਦੇ ਖ਼ਿਲਾਫ਼ ਗ਼ੈਰ ਕਾਨੂੰਨੀ ਮਾਈਨਿੰਗ ਕਰਵਾਉਣ ਸਬੰਧੀ ਵੀ ਇੱਕ ਮੁਕੱਦਮਾ ਦਰਜ ਹੋਇਆ ਹੈ।

                              ਜ਼ਿਕਰਯੋਗ ਹੈ ਕਿ ਹਰਮੀਤ ਸਿੰਘ ਪਠਾਨਮਾਜਰਾ ਆਮ ਆਦਮੀ ਪਾਰਟੀ ਦੇ ਇੱਕ ਪਾਵਰਫੁੱਲ ਵਿਧਾਇਕ ਸਨ ਜਿਨਾਂ ਦੀ ਪਟਿਆਲਾ ਹੀ ਨਹੀਂ ਬਲਕਿ ਪਟਿਆਲੇ ਤੋਂ ਬਾਹਰ ਵੀ ਤੂਤੀ ਬੋਲਦੀ ਸੀ ਪ੍ਰੰਤੂ ਪੰਜਾਬ ਦੇ ਇੱਕ ਪਾਵਰਫੁੱਲ ਅਧਿਕਾਰੀ ਕ੍ਰਿਸ਼ਨ ਕੁਮਾਰ ਦੇ ਖ਼ਿਲਾਫ਼ ਬੋਲਣ ਦੇ ਨਾਲ ਨਾਲ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਦਿੱਲੀ ਹਾਈ ਕਮਾਂਡ ਨੂੰ ਵੀ ਨਿਸ਼ਾਨੇ ‘ਤੇ ਲਿਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪ ਦੀ ਦਿੱਲੀ ਹਾਈ ਕਮਾਂਡ ਦੇ ਉਲਟ ਉੱਠ ਖੜੇ ਹੋਣ ਦੀ ਵੰਗਾਰ ਦਿੱਤੀ। ਪਠਾਣਮਾਜਰਾ ਨੇ ਆਪ ਦੀ ਦਿੱਲੀ ਆਈ ਕਮਾਂਡ ‘ਤੇ ਪੰਜਾਬ ਨੂੰ ਲੁੱਟਣ ਦੇ ਵੀ ਗੰਭੀਰ ਦੋਸ਼ ਵੀ ਲਗਾਏ ਜਿਸ ਤੋਂ ਬਾਅਦ ਉਹਨਾਂ ਤੇ ਜਬਰਜਨਾਹ ਦੇ ਇੱਕ ਪੁਰਾਣੇ ਮਾਮਲੇ ‘ਚ ਮੁਕੱਦਮਾ ਦਰਜ ਹੋਇਆ ਤੇ ਫਿਰ ਇੱਕ ਇੱਕ ਤੋਂ ਬਾਅਦ ਇੱਕ ਲਗਾਤਾਰ ਉਹਨਾਂ ਦੇ ਖ਼ਿਲਾਫ਼ ਮੁਕੱਦਮੇ ਦਰਜ ਹੋ ਰਹੇ ਹਨ। ਪੰਜਾਬ ਪੁਲਿਸ ਉਹਨਾਂ ਦੀ ਭਾਲ ਵਿੱਚ ਜੁਟੀ ਹੋਈ ਹੈ ਪ੍ਰੰਤੂ “ਫੁੱਫੜ” ਦਾ ਦਰਜਾ ਪ੍ਰਾਪਤ ਵਿਧਾਇਕ ਪਠਾਨਮਾਜਰਾ ਅਜੇ ਤੱਕ ਪੰਜਾਬ ਪੁਲਿਸ ਦੀ ਪਕੜ ਤੋਂ ਬਾਹਰ ਹੈ।

error: Content is protected !!