Gee 98News

ਇਹ ਕਿਵੇਂ ਹੋ ਗਿਆ…DC ਦੇ ਟਵਿੱਟਰ ਹੈਂਡਲ ਤੋਂ ਪ੍ਰਧਾਨ ਮੰਤਰੀ ਦੇ ਖ਼ਿਲਾਫ਼ ਪੋਸਟ ਹੋਈ ਵਾਇਰਲ

ਚੰਡੀਗੜ੍ਹ,13 ਸਤੰਬਰ, Gee98 news service-

-ਪੰਜਾਬ ‘ਚ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਨੂੰ ਦਿੱਤੀ ਗਈ 1600 ਕਰੋੜ ਦੀ ਰਾਹਤ ਰਾਸ਼ੀ ‘ਤੇ ਜਿੱਥੇ ਇੱਕ ਪਾਸੇ ਸਿਆਸੀ ਦੂਸ਼ਣਬਾਜ਼ੀ ਪੂਰੀ ਤੇਜ਼ ਹੈ ਉੱਥੇ ਇਸ ਮਾਮਲੇ ਸਬੰਧੀ ਇੱਕ ਅਜਿਹੀ ਘਟਨਾ ਸਾਹਮਣੇ ਆਈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਦਰਅਸਲ ਵੀਰਵਾਰ ਦੇਰ ਰਾਤ ਸੰਗਰੂਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਂਟ ‘ਤੇ ਇੱਕ ਪੋਸਟ ਵਾਇਰਲ ਹੋਈ ਜਿਸ ਵਿੱਚ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਨੂੰ ਸਿਰਫ 1600 ਕਰੋੜ ਰਾਸ਼ੀ ਦੇਣ ‘ਤੇ ਸਵਾਲ ਖੜੇ ਕੀਤੇ ਗਏ। ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਰਾਹੁਲ ਚਾਬਾ ਦੇ ਟਵਿੱਟਰ ਅਕਾਊਂਟ ‘ਤੇ ਵਾਇਰਲ ਹੋਈ ਪੋਸਟ ਵਿੱਚ ਲਿਖਿਆ ਗਿਆ ਕਿ “ਹਰੀ ਕ੍ਰਾਂਤੀ ਤਹਿਤ ਦੇਸ਼ ਦੇ ਅੰਨ ਭੰਡਾਰ ਭਰਨ ਵਾਲੇ ਅਤੇ ਸਰਹੱਦ ‘ਤੇ ਸਭ ਤੋਂ ਵੱਧ ਸ਼ਹਾਦਤਾਂ ਦੇਣ ਵਾਲਾ ਪੰਜਾਬ ਜਦੋਂ ਹੜਾਂ ਦੀ ਮਾਰ ਚੱਲ ਰਿਹਾ ਹੈ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪੰਜਾਬ ਨੂੰ ਸਿਰਫ਼ 1600 ਕਰੋੜ ਦੀ ਰਾਹਤ ਰਾਸ਼ੀ ਦੇ ਕੇ ਮਜ਼ਾਕ ਕੀਤਾ ਹੈ”। ਡੀਸੀ ਸੰਗਰੂਰ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਜਦ ਇਹ ਪੋਸਟ ਵਾਇਰਲ ਹੋਈ ਤਾਂ ਪ੍ਰਸ਼ਾਸਨਿਕ ਹਲਕਿਆਂ ਵਿੱਚ ਤਰਥੱਲੀ ਮੱਚ ਗਈ ਕਿ ਇੱਕ ਵੱਡਾ ਪ੍ਰਸ਼ਾਸਨਿਕ ਅਧਿਕਾਰੀ ਦੇਸ਼ ਦੇ ਪ੍ਰਧਾਨ ਮੰਤਰੀ ‘ਤੇ ਅਜਿਹੀ ਟਿੱਪਣੀ ਕਿਵੇਂ ਕਰ ਸਕਦਾ ਹੈ। ਇਸ ਸਬੰਧੀ ਜਦੋਂ ਪੱਤਰਕਾਰਾਂ ਨੇ ਡੀਸੀ ਨਾਲ ਸੰਪਰਕ ਕੀਤਾ ਤਾਂ ਉਹਨਾਂ ਸਫ਼ਾਈ ਦਿੱਤੀ ਕਿ ਇਹ ਪੋਸਟ ਉਹਨਾਂ ਵੱਲੋਂ ਨਹੀਂ ਪਾਈ ਗਈ। ਡੀਸੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਸੋਸ਼ਲ ਮੀਡੀਆ ਅਕਾਊਂਂਟ ਸਬੰਧਿਤ ਡੀਪੀਆਰਓਜ਼ ਦੇ ਕੰਟਰੋਲ ਵਿੱਚ ਹੁੰਦੇ ਹਨ। ਡੀਸੀ ਨੇ ਕਿਹਾ ਕਿ ਇਹ ਪੋਸਟ ਦਰਅਸਲ ਪੰਜਾਬ ਦੇ ਇੱਕ ਕੈਬਨਟ ਮੰਤਰੀ ਦਾ ਬਿਆਨ ਹੈ ਜਿਸ ਨੂੰ ਗ਼ਲਤੀ ਨਾਲ ਡੀਪੀਆਰੋ ਨੇ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਂਟ ‘ਤੇ ਪੋਸਟ ਕਰ ਦਿੱਤਾ। ਡੀਸੀ ਸੰਗਰੂਰ ਨੇ ਦੱਸਿਆ ਕਿ ਉਹਨਾਂ ਨੇ ਇਸ ਮਾਮਲੇ ‘ਚ ਸਕੱਤਰ ਲੋਕ ਸੰਪਰਕ ਵਿਭਾਗ ਪੰਜਾਬ ਨੂੰ ਪੱਤਰ ਲਿਖ ਕੇ ਸਬੰਧਿਤ ਅਧਿਕਾਰੀ ਦੇ ਖ਼ਿਲਾਫ਼ ਕਾਰਵਾਈ ਦੀ ਸਿਫਾਰਿਸ਼ ਕੀਤੀ ਹੈ। ਇਹ ਪੋਸਟ ਵਾਇਰਲ ਹੋਣ ਦੇ ਸੰਬੰਧ ਵਿੱਚ ਡੀਸੀ ਸੰਗਰੂਰ ਸ੍ਰੀ ਰਾਹੁਲ ਚਾਬਾ ਨੇ ਜਨਤਕ ਤੌਰ ‘ਤੇ ਮਾਫ਼ੀ ਵੀ ਮੰਗੀ ਹੈ।

error: Content is protected !!