ਚੰਡੀਗੜ੍ਹ ,24 ਸਤੰਬਰ , Gee98 news service-
-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਸ਼ਹਿਰ ਸੰਗਰੂਰ ਨਗਰ ਕੌਂਸਲ ਦੇ ਪ੍ਰਧਾਨ ਦੀ ਕੁਰਸੀ ਦੀਆਂ ਚੂਲਾਂ ਢਿੱਲੀਆਂ ਹੁੰਦੀਆਂ ਜਾਪਦੀਆਂ ਹਨ। ਨਗਰ ਕੌਂਸਲ ਦੇ 10 ਕੌਂਸਲਰਾਂ ਨੇ ਪ੍ਰਧਾਨ ਦੇ ਖ਼ਿਲਾਫ਼ ਬਗ਼ਾਵਤ ਦਾ ਬਿਗਲ ਵਜਾ ਦਿੱਤਾ ਹੈ। ਆਮ ਆਦਮੀ ਪਾਰਟੀ ਦੇ 8 ਅਤੇ 2 ਆਜ਼ਾਦ ਕੌਂਸਲਰਾਂ ਸਮੇਤ ਇਹਨਾਂ ਦਾ ਕੌਂਸਲਰਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਪ੍ਰਧਾਨ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ। ਇਹਨਾਂ ਕੌਸਲਰਾਂ ਨੇ ਇੱਕ ਹੋਰ ਆਜ਼ਾਦ ਕੌਂਸਲਰ ਸ੍ਰੀਮਤੀ ਸਲਮਾ ਦੇਵੀ ਦੇ ਸਮਰਥਨ ਦਾ ਦਾਅਵਾ ਵੀ ਕੀਤਾ ਜੋ ਕਿਸੇ ਕਾਰਨ ਪ੍ਰੈਸ ਕਾਨਫਰੰਸ ਵਿੱਚ ਹਾਜ਼ਰ ਨਹੀਂ ਸੀ। ਇੱਕ ਹੋਟਲ ਵਿਚ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੀਤ ਜੈਨ ਦੇ ਪਤੀ, ਮੀਤ ਪ੍ਰਧਾਨ ਕਿ੍ਸ਼ਨ ਲਾਲ ਵਿੱਕੀ,ਅਵਤਾਰ ਸਿੰਘ ਤਾਰਾ,ਗੁਰਦੀਪ ਕੌਰ ਦੇ ਪਤੀ ਹਰਬੰਸ ਲਾਲ, ਪ੍ਰਦੀਪ ਪੁਰੀ,ਪਰਮਿੰਦਰ ਸਿੰਘ ਪਿੰਕੀ,ਹਰਪ੍ਰੀਤ ਸਿੰਘ ਹੈਪੀ ਸੇਖੋਂ ਤੋਂ ਇਲਾਵਾ ਪ੍ਰਧਾਨ ਨੂੰ ਬਾਹਰੋਂ ਸਮਰਥਨ ਕਰਨ ਵਾਲੇ ਵਿਜੈ ਲੰਕੇਸ਼ ਆਜ਼ਾਦ ਕੌਂਸਲਰ (ਵਾਰਡ ਨੰਬਰ 16), ਅਤੇ ਬੀਬੀ ਜਸਵੀਰ ਕੌਰ ਢਿੱਲੋਂ (ਵਾਰਡ ਨੰਬਰ 27) ਦੇ ਨੁਮਾਇੰਦੇ ਠੇਕੇਦਾਰ ਰਮਨਦੀਪ ਸਿੰਘ ਢਿੱਲੋਂ ਨੇ ਪ੍ਰਧਾਨ ਖ਼ਿਲਾਫ਼ ਖੁੱਲ੍ਹੀ ਬਗ਼ਾਵਤ ਦਾ ਐਲਾਨ ਕੀਤਾ। ਇਹਨਾਂ ਵਿੱਚੋਂ ਬਹੁਤੇ ਕੌਂਸਲਰ ਆਜ਼ਾਦ ਜਿੱਤੇ ਸਨ ਅਤੇ ਬਾਅਦ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ। ਇਹਨਾਂ ਕੌਂਸਲਰਾਂ ਨੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ 30 ਸਤੰਬਰ ਤੱਕ ਨਗਰ ਕੌਂਸਲ ਸੰਗਰੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਨੂੰ ਉਹਦੇ ਤੋਂ ਹਟਾ ਦਿੱਤਾ ਜਾਵੇ ਜਾਂ ਫਿਰ ਆਮ ਆਦਮੀ ਪਾਰਟੀ ਤੋਂ ਉਨਾਂ ਦੇ ਅਸਤੀਫ਼ੇ ਪ੍ਰਵਾਨ ਕਰ ਲਏ ਜਾਣ, ਇਹਨਾਂ ਕੌਂਸਲਰਾਂ ਨੇ ਸਪੱਸ਼ਟ ਕੀਤਾ ਕਿ ਉਹਨਾਂ ਨੇ ਕੌਂਸਲਰ ਦੇ ਅਹੁਦੇ ਤੋਂ ਨਹੀਂ ਬਲਕਿ ਆਪ ਦੇ ਅਹੁਦਿਆਂ ਤੋਂ ਅਸਤੀਊਫੇ ਪਾਰਟੀ ਪ੍ਰਧਾਨ ਨੂੰ ਦਿੱਤੇ ਹਨ।
ਇਸ ਮੌਕੇ ਕੌਂਸਲਰ ਪ੍ਰਦੀਪ ਪੁਰੀ ਨੇ ਕਿਹਾ ਕਿ ਉਹ ਤਿੰਨ ਵਾਰ ਆਪ ਪ੍ਰਧਾਨ ਪੰਜਾਬ ਅਮਨ ਅਰੋੜਾ ਅਤੇ ਮੁੱਖ ਮੰਤਰੀ ਦੇ OSD ਸੁਖਵੀਰ ਸਿੰਘ ਨੂੰ ਮਿਲ ਚੁੱਕੇ ਹਨ ਕਿ ਸੰਗਰੂਰ ਸ਼ਹਿਰ ਨੂੰ ਬਚਾਉਣ ਲਈ ਭੁਪਿੰਦਰ ਸਿੰਘ ਨਹਿਲ ਨੂੰ ਹਟਾਇਆ ਜਾਵੇ ਪਰ ਉਨ੍ਹਾਂ ਨੂੰ ਸਿਵਾਏ ਲਾਰਿਆਂ ਤੋਂ ਕੁੱਝ ਨਹੀ ਮਿਲਿਆ ਅਤੇ ਪ੍ਰਧਾਨ ਕੁਰਸੀ ਨੂੰ ਚਿੰਬੜੇ ਬੈਠੇ ਹਨ। ਕੌਂਸਲਰਾਂ ਨੇ ਦੋਸ਼ ਲਗਾਏ ਕਿ ਸ਼ਹਿਰ ਦੀਆਂ ਕੁਝ ਵੱਡੀਆਂ ਸਮੱਸਿਆਵਾਂ ਹਨ ਜਿਨਾਂ ਦੇ ਕਾਰਨ ਲੋਕ ਔਖੇ ਹਨ ਪਰੰਤੂ ਪ੍ਰਧਾਨ ਕੰਮਾਂ ਵੱਲ ਧਿਆਨ ਨਹੀਂ ਦੇ ਰਹੇ। ਨਗਰ ਕੌਂਸਲ ਦੇ ਮੀਤ ਪ੍ਰਧਾਨ ਕਿ੍ਸ਼ਨ ਲਾਲ ਵਿੱਕੀ ਨੇ ਦੋਸ਼ ਲਗਾਇਆ ਕਿ ਪ੍ਰਧਾਨ ਅਨੁਸੂਚਿਤ ਵਰਗ ਦੇ ਕੌਂਸਲਰਾਂ ਪ੍ਰਤੀ ਜਾਤੀ ਸੂਚਕ ਸ਼ਬਦ ਵਰਤਣ ਤੋਂ ਵੀ ਗੁਰੇਜ਼ ਨਹੀ ਕਰਦਾ। ਕੌਂਸਲਰਾਂ ਨੇ ਇਹ ਵੀ ਕਿਹਾ ਕਿ ਕਈ ਵਿਕਾਸ ਕਾਰਜਾਂ ਦੇ ਟੈਂਡਰ ਹੋ ਚੁੱਕੇ ਹਨ ਪਰ ਵਰਕ ਆਰਡਰ ਨਹੀ ਹੋ ਰਹੇ ਹਨ। ਪ੍ਰੈੱਸ ਕਾਨਫਰੰਸ ਦੌਰਾਨ ਕੁਝ ਕੌਂਸਲਰਾਂ ਨੇ ਸੰਗਰੂਰ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਖ਼ਿਲਾਫ਼ ਵੀ ਜੰਮ ਕੇ ਭੜਾਸ ਕੱਢੀ।










