ਚੰਡੀਗੜ੍ਹ ,28 ਸਤੰਬਰ , Gee98 news service-
-ਲੜਾਈ ਝਗੜੇ ਦੇ ਇਕ ਮਾਮਲੇ ‘ਚ ਇੱਕ ਧਿਰ ਤੋਂ ਰਿਸ਼ਵਤ ਲੈਣ ਵਾਲੇ ਪੰਜਾਬ ਪੁਲਿਸ ਦੇ ਇੱਕ ਏਐਸਆਈ ਨੂੰ ਅਦਾਲਤ ਨੇ 4 ਸਾਲ ਦੀ ਕੈਦ ਅਤੇ 50,000 ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਮਾਮਲੇ ਦੇ ਵੇਰਵੇ ਅਨੁਸਾਰ ਮਲੋਟ ਦਾ ਰਹਿਣ ਵਾਲਾ ਦੇਸ ਰਾਜ ਜੋ ਇੱਕ ਮੋਚੀ ਦਾ ਕੰਮ ਕਰਦਾ ਹੈ, ਦਾ ਇੱਕ ਗੁਆਂਢੀ ਨਾਲ ਝਗੜਾ ਹੋਇਆ ਸੀ। ਝਗੜੇ ਦੌਰਾਨ ਦੋਵਾਂ ਧਿਰਾਂ ਵੱਲੋਂ ਕਰਾਸ-ਕੇਸ ਦਾਇਰ ਕੀਤੇ ਗਏ ਸਨ। ਇਸ ਮਾਮਲੇ ਦੇ ਜਾਂਚ ਅਧਿਕਾਰੀ ਸੁਖਦੇਵ ਸਿੰਘ ਵੱਲੋਂ ਪੜ੍ਹਤਾਲ ਦੌਰਾਨ ਦੇਸ ਰਾਜ ਨੂੰ ਕਥਿਤ ਤੌਰ ‘ਤੇ ਪਰੇਸ਼ਾਨ ਕੀਤਾ ਜਾਣ ਲੱਗਾ। ਬਿਆਨ ਅਨੁਸਾਰ, ਉਨ੍ਹਾਂ ਦੀ ਦੁਕਾਨ ਤੇ ਆ ਕੇ ਉਸਦੇ ਪਿਤਾ ਅਤੇ ਭਰਾ ਨੂੰ ਵੀ ਜਾਂਚ ਅਧਿਕਾਰੀ ਸੁਖਦੇਵ ਸਿੰਘ ਪਰੇਸ਼ਾਨ ਕਰਨ ਲੱਗਿਆ ਅਤੇ ਰਿਸ਼ਵਤ ਦੀ ਮੰਗ ਕਰਨ ਲੱਗਿਆ। ਉਕਤ ਪੜ੍ਹਤਾਲ ਅਧਿਕਾਰੀ ਵੱਲੋਂ ਉਸਨੂੰ ਵਾਰ-ਵਾਰ ਪੁੱਛਗਿੱਛ ਲਈ ਬੁਲਾਇਆ ਗਿਆ, ਜਿਸ ਤੋਂ ਬਾਅਦ ਦੇ ਦੇਸਰਾਜ ਦਾ ਪਰਿਵਾਰ ਏਐਸਆਈ ਸੁਖਦੇਵ ਸਿੰਘ ਨੂੰ ਰਿਸ਼ਵਤ ਦੇਣ ਲਈ ਸਹਿਮਤ ਹੋਇਆ ਤਾਂ ਪਹਿਲਾਂ 15,500 ਰੁਪਏ ਦੀ ਰਿਸ਼ਵਤ ਲਈ ਗਈ ਅਤੇ ਫਿਰ ਚਲਾਨ ਦਾਇਰ ਕਰਨ ਲਈ 10,000 ਰੁਪਏ ਦੀ ਹੋਰ ਮੰਗ ਕੀਤੀ ਗਈ ਜਿਸ ਵਿੱਚੋਂ ਦੇਸ ਰਾਜ ਨੇ 5,000 ਰੁਪਏ ਦਿੱਤੇ, ਅਤੇ ਜਦੋਂ ਸੁਖਦੇਵ ਸਿੰਘ ਬਾਕੀ 5,000 ਰੁਪਏ ਲੈਣ ਲਈ ਉਸਦੀ ਦੁਕਾਨ ‘ਤੇ ਆਇਆ, ਤਾਂ ਉਸਨੇ ਉਸਦਾ ਪੈਸੇ ਲੈਂਦੇ ਹੋਏ ਵੀਡੀਓ ਬਣਾਇਆ। ਇਸ ਵੀਡੀਓ ਸਮੇਤ ਦੇਸ਼ਰਾਜ ਨੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਅਤੇ ਸ਼ਿਕਾਇਤ ਦੇ ਆਧਾਰ ‘ਤੇ ਵਿਜੀਲੈਂਸ ਨੇ ASI ਸੁਖਦੇਵ ਸਿੰਘ ਵਿਰੁੱਧ ਕੇਸ ਦਰਜ ਕੀਤਾ ਸੀ। ਅਦਾਲਤੀ ਸੁਣਵਾਈ ਦੌਰਾਨ ਇਸ ਮਾਮਲੇ ‘ਚ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਮਿਤਾ ਸਿੰਘ ਦੀ ਅਦਾਲਤ ਨੇ ਏਐਸਆਈ ਸੁਖਦੇਵ ਸਿੰਘ ਨੂੰ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 7 ਦੇ ਤਹਿਤ 4 ਸਾਲ ਦੀ ਕੈਦ ਅਤੇ ₹50,000 ਦੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ।










