ਬਰਨਾਲਾ,8 ਅਕਤੂਬਰ (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਜ਼ਿਲ੍ਹੇ ਦੇ ਕਸਬਾ ਸ਼ਹਿਣਾ ਦੇ ਨੌਜਵਾਨ ਆਗੂ ਸੁਖਵਿੰਦਰ ਸਿੰਘ ਕਲਕੱਤਾ ਦੇ ਕਤਲ ਤੋਂ ਬਾਅਦ ਕਲਕੱਤਾ ਦੀ ਮਾਤਾ ਦੀ ਸਰਪੰਚੀ ਦੀ ਟਰਮ ਨਾਲ ਜੁੜੇ ਹੈਰਾਨੀਜਨਕ ਖੁਲਾਸੇ ਸਾਹਮਣੇ ਆ ਰਹੇ ਹਨ। ਸੂਤਰਾਂ ਅਨੁਸਾਰ ਸੁਖਵਿੰਦਰ ਕਲਕੱਤਾ ਨੇ ਪਿੰਡ ਦੇ ਵਿਕਾਸ ਕੰਮਾਂ ‘ਤੇ ਆਪਣੇ ਪੱਲਿਓਂ ਲੱਖਾਂ ਰੁਪਏ ਖਰਚ ਕੀਤੇ ਜਿਨਾਂ ਦੀਆਂ ਅਦਾਇਗੀਆਂ ਪੰਚਾਇਤ ਵਿਭਾਗ ਨੇ ਅਜੇ ਤੱਕ ਨਹੀਂ ਕੀਤੀਆਂ। ਕਲਕੱਤਾ ਦੇ ਕਤਲ ਮਾਮਲੇ ‘ਚ ਹਲਕਾ ਵਿਧਾਇਕ ਨੂੰ ਨਾਮਜ਼ਦ ਕਰਵਾਉਣ ਦੀ ਮੰਗ ਤੋਂ ਬਿਨਾਂ ਵੀ ਜਦੋਂ ਐਕਸ਼ਨ ਕਮੇਟੀ ਨੇ ਕੁਝ ਮੈਂਬਰਾਂ ਨੇ ਸੁਖਵਿੰਦਰ ਸਿੰਘ ਕਲਕੱਤਾ ਦੀ ਮਾਤਾ ਦੇ ਸਰਪੰਚੀ ਦੌਰਾਨ ਪਿੰਡ ਵਿੱਚ ਹੋਏ ਵਿਕਾਸ ਕੰਮਾਂ ‘ਚ ਕਲਕੱਤਾ ਵੱਲੋਂ ਆਪਣੇ ਪੱਲਿਓਂ ਖਰਚੇ ਪੈਸਿਆਂ ਦੀ ਗੱਲ ਪਤਾ ਲੱਗਣ ‘ਤੇ ਸੰਬੰਧਿਤ ਬਲਾਕ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਹੈਰਾਨੀਜਨਕ ਖੁਲਾਸਾ ਹੋਇਆ ਕਿ ਸੁਖਵਿੰਦਰ ਕਲਕੱਤਾ ਆਪਣੇ ਪੱਲੇਓ ਪਿੰਡ ਦੇ ਵਿਕਾਸ ਕਾਰਜਾਂ ‘ਤੇ ਲੱਖਾਂ ਰੁਪਏ ਖਰਚ ਕਰੀ ਬੈਠਾ ਪ੍ਰੰਤੂ ਵਿਭਾਗੀ ਅਧਿਕਾਰੀਆਂ ਨੇ ਵਿਧਾਇਕ ਦੇ ਦਬਾਅ ਹੇਠ ਉਸਦੀਆਂ ਪੇਮੈਂਟਾਂ ਰੋਕੀ ਰੱਖੀਆਂ ਸਨ। ਆਪਣੇ ਵੱਲੋਂ ਪਿੰਡ ‘ਚ ਕੀਤੇ ਵਿਕਾਸ ਕੰਮਾਂ ਦੇ ਮੈਟੀਰੀਅਲ ਦੇ ਬਿੱਲ ਕਲੀਅਰ ਕਰਵਾਉਣ ਸਬੰਧੀ ਸੁਖਵਿੰਦਰ ਕਲਕੱਤਾ ਨੇ ਬਲਾਕ ਤੋਂ ਲੈ ਕੇ ਜ਼ਿਲ੍ਹਾ ਅਧਿਕਾਰੀਆਂ ਤੱਕ ਕਈ ਵਾਰ ਪਹੁੰਚ ਕੀਤੀ ਪ੍ਰੰਤੂ ਵਿਧਾਇਕ ਦੇ ਦਬਾਅ ਹੇਠ ਕਿਸੇ ਵੀ ਅਧਿਕਾਰੀ ਨੇ ਉਹਦੀ ਕੋਈ ਗੱਲ ਨਹੀਂ ਸੁਣੀ ਅਤੇ ਉਸ ਦੇ ਲੱਖਾਂ ਰੁਪਏ ਵਿਭਾਗ ਵੱਲ ਅਟਕੇ ਹੋਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਐਕਸ਼ਨ ਕਮੇਟੀ ‘ਚ ਸ਼ਾਮਿਲ ਪੰਚਾਇਤੀ ਕੰਮਾਂ ਦੀ ਜਾਣਕਾਰੀ ਰੱਖਦੇ ਕੁਝ ਮੈਂਬਰਾਂ ਨੇ ਜਦ ਬਲਾਕ ਅਧਿਕਾਰੀਆਂ ਨਾਲ ਇਸ ਮਾਮਲੇ ਸੰਬੰਧੀ ਪਹੁੰਚ ਕੀਤੀ ਅਤੇ ਸੰਘਰਸ਼ ਕਰਨ ਦਾ ਦਬਾਅ ਬਣਾਇਆ ਤਾਂ 7.5 ਲੱਖ ਦੀ ਰਕਮ ਸੁਖਵਿੰਦਰ ਕਲਕੱਤਾ ਦੀ ਪੰਚਾਇਤ ਵਿਭਾਗ ਵੱਲ ਨਿਕਲੀ ਜਿਹੜੀ ਵਿਭਾਗ ਨੇ ਸੁਖਵਿੰਦਰ ਕਲਕੱਤਾ ਨੂੰ ਦੇਣੀ ਹੈ ਪ੍ਰੰਤੂ ਪੰਚਾਇਤ ਦੀ ਟਰਮ ਬਦਲਣ ਦੇ ਬਾਵਜੂਦ ਵੀ ਨਹੀਂ ਦਿੱਤੀ। ਇਹ ਵੀ ਸਾਹਮਣੇ ਆਇਆ ਹੈ ਕਿ ਪਿੰਡ ਵਿੱਚ ਬਣੇ ਪੰਚਾਇਤ ਘਰ ਦੀ ਆਲੀਸ਼ਾਨ ਇਮਾਰਤ ‘ਤੇ ਸੁਖਵਿੰਦਰ ਕਲਕੱਤਾ ਆਪਣੇ ਪੱਲਿਓਂ ਲੱਖਾਂ ਰੁਪਏ ਖਰਚ ਕਰੀ ਬੈਠਾ ਹੈ ਕਿਉਂਕਿ ਪੰਚਾਇਤੀ ਘਰ ਦੀ ਉਸਾਰੀ ਸਬੰਧੀ ਕਾਰਵਾਈ ਰਜਿਸਟਰ ਵਿੱਚ ਮਤਾ ਪਾਉਣ ਤੋਂ ਬਾਅਦ ਸੁਖਵਿੰਦਰ ਕਲਕੱਤਾ ਨੇ ਆਪਣੇ ਪੱਧਰ ‘ਤੇ ਕੰਮ ਸ਼ੁਰੂ ਕਰ ਦਿੱਤਾ ਪ੍ਰੰਤੂ ਲੱਗੇ ਮੈਟੀਰੀਅਲ ਦੇ ਬਿੱਲ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਲੀਅਰ ਨਹੀਂ ਕੀਤੇ ਗਏ ਜਿਸ ਤੋਂ ਬਾਅਦ ਉਸ ਦਾ ਆਪਣੇ ਪੱਲਿਓਂ ਲੱਗਿਆ ਲੱਖਾਂ ਰੁਪਈਆ ਮਹਿਕਮੇ ਵੱਲ ਫਸ ਗਿਆ, ਕਿਉਂਕਿ ਜਿੱਥੋਂ ਸੁਖਵਿੰਦਰ ਕਲਕੱਤਾ ਨੇ ਮੈਟੀਰੀਅਲ ਖਰੀਦਿਆ ਸੀ ਉਹਨਾਂ ਫਰਮਾਂ ਨੂੰ ਆਪਣੇ ਪੱਲਿਓਂ ਲੱਖਾਂ ਰੁਪਏ ਦੀਆਂ ਅਦਾਇਗੀਆਂ ਸੁਖਵਿੰਦਰ ਕਲਕੱਤਾ ਨੇ ਕੀਤੀਆਂ। ਸੁਖਵਿੰਦਰ ਕਲਕੱਤਾ ਨੂੰ ਇਨਸਾਫ਼ ਦਿਵਾਉਣ ਲਈ ਬਣੀ ਐਕਸ਼ਨ ਕਮੇਟੀ ਪੰਚਾਇਤ ਵਿਭਾਗ ਦੇ ਬਕਾਏ ਵੱਲ ਇਸ ਕਰਕੇ ਤੁਰੀ ਕਿਉਂਕਿ ਜਿਉਂਦੇ ਜੀਅ ਸੁਖਵਿੰਦਰ ਕਲਕੱਤਾ ਐਕਸ਼ਨ ਕਮੇਟੀ ਦੇ ਇੱਕ ਮੈਂਬਰ ਕੋਲ ਜ਼ਿਕਰ ਕਰਦਾ ਹੁੰਦਾ ਸੀ ਕਿ ਉਸ ਕੋਲੋਂ 40 ਤੋਂ 50 ਲੱਖ ਪੱਲਿਓਂ ਖਰਚ ਹੋ ਚੁੱਕਾ ਹੈ ਪ੍ਰੰਤੂ ਪੰਚਾਇਤ ਵਿਭਾਗ ਦੇ ਅਧਿਕਾਰੀ ਹਲਕਾ ਵਿਧਾਇਕ ਦੇ ਦਬਾਅ ਹੇਠ ਉਸਦੇ ਬਿੱਲ ਕਲੀਅਰ ਨਹੀਂ ਕਰ ਰਹੇ ਜਿਸ ਕਰਕੇ ਉਹ ਪੰਚਾਇਤੀ ਖਾਤੇ ਵਿੱਚੋਂ ਪੈਸਾ ਨਹੀਂ ਵਰਤ ਸਕਦਾ ਪਰ ਜਿੰਨਾ ਫਰਮਾਂ ਤੋਂ ਉਸ ਨੇ ਪਿੰਡ ਦੇ ਵਿਕਾਸ ਲਈ ਮੈਟੀਰੀਅਲ ਚੁੱਕਿਆ ਉਹਨਾਂ ਫਰਮਾਂ ਨੂੰ ਅਦਾਇਗੀਆਂ ਉਸ ਨੇ ਆਪਣੇ ਪੱਲਿਓ ਕਰਨੀਆਂ ਪਈਆਂ ਸਨ।
ਸੁਖਵਿੰਦਰ ਸਿੰਘ ਕਲਕੱਤਾ ਦੀਆਂ ਲੱਖਾਂ ਰੁਪਏ ਦੀਆਂ ਅਦਾਇਗੀਆਂ ਪੰਚਾਇਤ ਵਿਭਾਗ ਵੱਲ ਬਕਾਇਆ ਹੋਣ ਦਾ ਇਹ ਮਾਮਲਾ ਡਿਪਟੀ ਕਮਿਸ਼ਨਰ ਕੋਲ ਵੀ ਪੁੱਜ ਚੁੱਕਾ ਹੈ ਜਿਸ ਕਰਕੇ ਅੱਜ ਐਕਸ਼ਨ ਕਮੇਟੀ ਨੇ ਡਿਪਟੀ ਕਮਿਸ਼ਨਰ ਨੂੰ ਵੀ ਮਿਲਣ ਦਾ ਪ੍ਰੋਗਰਾਮ ਬਣਾਇਆ ਹੈ। ਕਿਸੇ ਸਰਪੰਚ ਦਾ ਵਿਭਾਗ ਦੇ ਅਧਿਕਾਰੀਆਂ ਵੱਲ ਲੱਖਾਂ ਰੁਪਏ ਦਾ ਬਕਾਇਆ ਖੜਾ ਹੋਣ ਕੀ ਗੱਲ ਪਹਿਲੀ ਨਜ਼ਰੇ ਓਪਰੀ ਜਿਹੀ ਲੱਗਦੀ ਹੈ ਪਰੰਤੂ ਜਿਸ ਦਾਅਵੇ ਨਾਲ ਐਕਸ਼ਨ ਕਮੇਟੀ ਦੇ ਮੈਂਬਰ ਆਖ ਰਹੇ ਹਨ ਤਾਂ ਇਹ ਵਿਸ਼ਾ ਡੂੰਘੀ ਪੜ੍ਹਤਾਲ ਦਾ ਹੈ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਇਸ ਦੀ ਤੁਰੰਤ ਪੜ੍ਹਤਾਲ ਕਰਵਾਉਣੀ ਚਾਹੀਦੀ ਹੈ। ਉਕਤ ਮਾਮਲਾ ਰੌਸ਼ਨੀ ਵਿੱਚ ਆਉਣ ਤੋਂ ਬਾਅਦ ਸੁਖਵਿੰਦਰ ਕਲਕੱਤੇ ਦੇ ਕਤਲ ਸਬੰਧੀ ਵਿਧਾਇਕ ਦੀ ਸ਼ਮੂਲੀਅਤ ਦੀ ਹੋਰ ਸ਼ੰਕਾ ਵੱਧ ਜਾਂਦੀ ਹੈ ਕਿਉਂਕਿ ਵਿਧਾਇਕ ਨੇ ਮੀਡੀਆ ਸਾਹਮਣੇ ਆ ਕੇ ਅਜੇ ਤੱਕ ਆਪਣੀ ਸ਼ਮੂਲੀਅਤ ਦੇ ਦੋਸ਼ਾਂ ਸਬੰਧੀ ਕੋਈ ਖੰਡਨ ਨਹੀਂ ਕੀਤਾ। ਐਕਸ਼ਨ ਕਮੇਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਵਿਧਾਇਕ ਨੂੰ ਆਪਣੇ ਆਪ ਨਿਰਪੱਖ ਜਾਂਚ ਦੀ ਗੱਲ ਕਰਨੀ ਚਾਹੀਦੀ ਸਗੋਂ ਉਹ ਅਜਿਹਾ ਕਰਨ ਦੀ ਬਜਾਏ ਕਤਲ ਤੋਂ ਬਾਅਦ ਰੂਪੋਸ਼ ਹੋ ਗਿਆ। ਦੱਸ ਦੇਈਏ ਕਿ ਕਲਕੱਤਾ ਦੇ ਕਤਲ ਤੋਂ ਬਾਅਦ ਹਲਕਾ ਵਿਧਾਇਕ ਲਾਪਤਾ ਹੈ ਅਤੇ ਉਹ ਕਿਸੇ ਨਾਲ ਫੋਨ ‘ਤੇ ਵੀ ਗੱਲ ਨਹੀਂ ਕਰ ਰਿਹਾ ਅਤੇ 24 ਘੰਟੇ ਉਸਦੇ ਨਾਲ ਰਹਿਣ ਵਾਲੇ ਉਸਦੇ ਸਾਥੀ ਵੀ ਵਿਧਾਇਕ ਬਾਰੇ ਕੋਈ ਜਾਣਕਾਰੀ ਨਹੀਂ ਦੇ ਰਹੇ। ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਨੂੰ ਪਤਾ ਲੱਗਿਆ ਹੈ ਕਿ ਸੁਖਵਿੰਦਰ ਕਲਕੱਤਾ ਦਾ ਅਸਲਾ ਵੀ ਵਿਧਾਇਕ ਦੇ ਦਬਾਅ ਹੇਠ ਹੀ ਜਮਾਂ ਕਰਵਾਇਆ ਗਿਆ ਸੀ ਜਦਕਿ ਪੁਲਿਸ ਇਸ ਤੋਂ ਇਨਕਾਰ ਕਰ ਰਹੀ ਹੈ। ਬਹਰਹਾਲ ! ਸੁਖਵਿੰਦਰ ਕਲਕੱਤਾ ਦੀਆਂ ਪੰਚਾਇਤ ਵਿਭਾਗ ਵੱਲ ਲੱਖਾਂ ਰੁਪਏ ਦੀਆਂ ਅਦਾਇਗੀਆਂ ਦਾ ਬਕਾਇਆ ਨਿਕਲਣ ਤੋਂ ਬਾਅਦ ਇਹ ਮਾਮਲਾ ਹੋਰ ਵੀ ਪੇਚੀਦਾ ਹੋ ਗਿਆ ਹੈ। ਹੁਣ ਵੱਡੇ ਸਵਾਲ ਇਹ ਵੀ ਉੱਠ ਰਹੇ ਹਨ ਕਿ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੇ ਕਿਸ ਦੇ ਕਹਿਣ ‘ਤੇ ਸੁਖਵਿੰਦਰ ਕਲਕੱਤਾ ਨੂੰ ਵਿੱਤੀ ਤੌਰ ਤੇ ਕੰਗਾਲ ਕਰਨ ਲਈ ਇਹ ਲੱਖਾਂ ਰੁਪਏ ਦੀਆਂ ਅਦਾਇਗੀਆਂ ਰੋਕੀ ਰੱਖੀਆਂ।










