Gee 98News

ਸਰਕਾਰੀ ਬੱਸਾਂ ਦੀ ਹੜ੍ਹਤਾਲ ਖਤਮ ਹੋਣ ਸਬੰਧੀ ਟਰਾਂਸਪੋਰਟ ਮੰਤਰੀ ਦਾ ਦਾਅਵਾ ਝੂਠਾ ਨਿਕਲਿਆ

ਬਰਨਾਲਾ ,1 ਦਸੰਬਰ, (ਨਿਰਮਲ ਸਿੰਘ ਪੰਡੋਰੀ)-

-ਪੰਜਾਬ ‘ਚ ਸਰਕਾਰੀ ਬੱਸਾਂ ਦੇ ਕੱਚੇ ਕਾਮਿਆਂ ਦੀ ਹੜ੍ਹਤਾਲ ਖ਼ਤਮ ਹੋਣ ਦਾ ਟਰਾਂਸਪੋਰਟ ਮੰਤਰੀ ਦਾ ਦਾਅਵਾ ਝੂਠਾ ਨਿਕਲਿਆ, ਦੱਸ ਦੇਈਏ ਕਿ ਬੀਤੇ ਕੱਲ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪੀਆਰਟੀਸੀ, ਪਨਬੱਸ, ਪੰਜਾਬ ਰੋਡਵੇਜ਼ ਦੇ ਕੱਚੇ ਕਾਮਿਆਂ ਦੀ ਯੂਨੀਅਨ ਨਾਲ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਸੀ ਕਿ ਹੜ੍ਹਤਾਲ ਦੌਰਾਨ ਮੁਅੱਤਲ ਕਰਮਚਾਰੀਆਂ ਨੂੰ ਬਹਾਲ ਕਰ ਦਿੱਤਾ ਜਾਵੇਗਾ ਤੇ ਬੱਸ ਸੇਵਾ ਫਿਰ ਤੋਂ ਸ਼ੁਰੂ ਹੋ ਜਾਵੇਗੀ। ਮੰਤਰੀ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਹੜ੍ਹਤਾਲ ਖਤਮ ਹੋ ਗਈ ਹੈ ਪ੍ਰੰਤੂ ਮੰਤਰੀ ਦੇ ਇਸ ਦਾਅਵੇ ਨੂੰ ਝੁਠਲਾਉਂਦੇ ਹੋਏ ਜਥੇਬੰਦੀ ਦੇ ਬਰਨਾਲਾ ਡੀਪੂ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਉਹਨਾਂ ਦੇ ਬਰਖ਼ਾਸਤ ਅਤੇ ਮੁਅੱਤਲ ਆਗੂਆਂ ਨੂੰ ਬਹਾਲ ਨਹੀਂ ਕਰਦੀ ਅਤੇ ਗ੍ਰਿਫ਼ਤਾਰ ਸਾਥੀਆਂ ਨੂੰ ਰਿਹਾਅ ਕਰਕੇ ਉਹਨਾਂ ‘ਤੇ ਦਰਜ ਕੇਸ ਵਾਪਸ ਨਹੀਂ ਲੈਂਦੀ ਉਦੋਂ ਤੱਕ ਕਰਮਚਾਰੀ ਕੰਮ ‘ਤੇ ਨਹੀਂ ਪਰਤਣਗੇ ਅਤੇ ਹੜ੍ਹਤਾਲ ਜਾਰੀ ਰਹੇਗੀ। ਉਹਨਾਂ ਕਿਹਾ ਕਿ ਯੂਨੀਅਨ ਦੀ ਇਹ ਮੰਗ ਸਪੱਸ਼ਟ ਹੈ ਕਿ ਪੁਲਿਸ ਹਿਰਾਸਤ ਵਿੱਚ ਲਏ ਗਏ ਆਗੂਆਂ ਨੂੰ ਤੁਰੰਤ ਛੱਡਿਆ ਜਾਵੇ ਤੇ ਜਿਨਾਂ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਗਿਆ ਉਹਨਾਂ ਨੂੰ ਵਾਪਸ ਰੱਖਿਆ ਜਾਵੇ ਅਤੇ ਇਸ ਸਬੰਧੀ ਪੂਰੀ ਕਾਨੂੰਨੀ ਲਿਖ਼ਤੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਜਿਸ ਤੋਂ ਬਾਅਦ ਹੀ ਬੱਸਾਂ ਦਾ ਚੱਕਾ ਜਾਮ ਖੋਲਿਆ ਜਾਵੇਗਾ। ਯੂਨੀਅਨ ਦੇ ਰੁੱਖ ਤੋਂ ਸਪੱਸ਼ਟ ਹੈ ਕਿ ਜਦੋਂ ਤੱਕ ਸਰਕਾਰ ਮੁਅੱਤਲ ਅਤੇ ਬਰਖ਼ਾਸਤ ਕੀਤੇ ਕਰਮਚਾਰੀਆਂ ਨੂੰ ਬਹਾਲ ਨਹੀਂ ਕਰਦੀ ਅਤੇ ਗ੍ਰਿਫ਼ਤਾਰ ਕੀਤੇ ਕਰਮਚਾਰੀਆਂ ਨੂੰ ਰਿਹਾਅ ਨਹੀਂ ਕਰਦੀ ਅਤੇ ਇਸ ਸਬੰਧੀ ਪੂਰਾ ਕਾਨੂੰਨੀ ਅਮਲ ਪੂਰਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਪੰਜਾਬ ‘ਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ। ਇਸ ਮੌਕੇ ਸੂਬਾ ਆਗੂ ਨਿਰਮਲ ਸਿੰਘ, ਗੁਰਪ੍ਰੀਤ ਸਿੰਘ ਸੇਖਾ, ਅਵਤਾਰ ਸਿੰਘ ਛੀਨੀਵਾਲ ਸੀਨੀਅਰ ਮੀਤ ਪ੍ਰਧਾਨ, ਸਕੱਤਰ ਰਣਧੀਰ ਸਿੰਘ ਰਾਣਾ ਅਤੇ ਜਥੇਬੰਦੀ ਦੇ ਹੋਰ ਆਗੂ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ-ਹੜ੍ਹਤਾਲ ਦੌਰਾਨ ਬਰਨਾਲਾ ਬੱਸ ਸਟੈਂਡ ਵਿਖੇ ਗੇਟ ਰੈਲੀ ਦੀ ਤਸਵੀਰ

error: Content is protected !!