ਬਰਨਾਲਾ,6 ਦਸੰਬਰ (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਜ਼ਿਲ੍ਹੇ ਨਾਲ ਸੰਬੰਧਿਤ ਕੈਨੇਡਾ ‘ਚ ਆਤਮਹੱਤਿਆ ਕਰਨ ਵਾਲੇ ਇੱਕ ਨੌਜਵਾਨ ਦੀ ਮੌਤ ਦੇ ਸੰਬੰਧ ਵਿੱਚ ਪੁਲਿਸ ਨੇ ਸੰਗਰੂਰ ਜ਼ਿਲ੍ਹੇ ਦੀ ਇੱਕ ਲੜਕੀ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਮ੍ਰਿਤਕ ਨੌਜਵਾਨ ਬਰਨਾਲਾ ਜ਼ਿਲ੍ਹੇ ਦੇ ਪਿੰਡ ਭੈਣੀ ਜੱਸਾ ਦਾ ਰਹਿਣ ਵਾਲਾ ਸੀ ਜੋ ਕੈਨੇਡਾ ਵਿੱਚ ਜੂਨ 2025 ਆਤਮ ਹੱਤਿਆ ਕਰ ਗਿਆ ਸੀ ਜਿਸ ਦੀ ਮਾਤਾ ਪਰਮਿੰਦਰ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਸੰਗਰੂਰ ਦੇ ਦਿੜਬਾ ਪੁਲਿਸ ਥਾਣੇ ‘ਚ ਸੰਗਰੂਰ ਜ਼ਿਲ੍ਹੇ ਦੀ ਹੀ ਵਸਨੀਕ ਗਗਨਦੀਪ ਕੌਰ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਲਿਖਵਾਏ ਬਿਆਨਾਂ ਵਿੱਚ ਮ੍ਰਿਤਕ ਨੌਜਵਾਨ ਦੀ ਮਾਤਾ ਪਰਮਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਬੇਟਾ ਜਸ਼ਨਪ੍ਰੀਤ ਸਿੰਘ 2021 ‘ਚ ਸੰਗਰੂਰ ਦੇ ਭਾਈ ਗੁਰਦਾਸ ਕਾਲਜ ਵਿੱਚ ਪੜ੍ਹਦਾ ਸੀ ਜਿੱਥੇ ਉਸਦੀ ਦੋਸਤੀ ਉਸਦੇ ਨਾਲ ਪੜਦੀ ਕੁੜੀ ਨਾਲ ਹੋ ਗਈ। ਉਹਨਾਂ ਦੱਸਿਆ ਕਿ 2023 ਵਿੱਚ ਜਸ਼ਨਪ੍ਰੀਤ ਕੈਨੇਡਾ ਵਿੱਚ ਚਲਿਆ ਗਿਆ ਪਰੰਤੂ ਦੋਵਾਂ ਵਿੱਚ ਸੰਪਰਕ ਬਣਿਆ ਰਿਹਾ। ਪਰਮਿੰਦਰ ਕੌਰ ਨੇ ਪੁਲਿਸ ਨੂੰ ਦੱਸਿਆ ਕਿ 2025 ਵਿੱਚ ਜਸ਼ਨਪ੍ਰੀਤ ਨੇ ਕੈਨੇਡਾ ‘ਚ ਆਤਮ ਹੱਤਿਆ ਕਰ ਲਈ ਸੀ, ਜਿਸ ਦੀ ਪੁਲਿਸ ਜਾਂਚ ਦੌਰਾਨ ਜਸ਼ਨਪ੍ਰੀਤ ਤੇ ਗਗਨਦੀਪ ਦੇ ਵਿਚਕਾਰ ਮੋਬਾਈਲ ਫੋਨ ‘ਤੇ ਕੁਝ voice notes ਅਤੇ ਚੈਟਿੰਗ ਤੋਂ ਦੋਵਾਂ ਦੇ ਵਿਚਕਾਰ ਵਿਵਾਦ ਸਾਹਮਣੇ ਆਇਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਉਹਨਾਂ ਦੇ ਬੇਟੇ ਦੀ ਦੋਸਤ ਲੜਕੀ ਗਗਨਪ੍ਰੀਤ ਕੌਰ ਦੇ ਰਵੱਈਏ ਕਾਰਨ ਹੀ ਉਹਨਾਂ ਦਾ ਬੇਟਾ ਮਾਨਸਿਕ ਤਨਾਅ ਵਿੱਚ ਸੀ, ਜਿਸ ਕਾਰਨ ਉਸ ਨੇ ਆਤਮਹੱਤਿਆ ਕੀਤੀ। ਪੁਲਿਸ ਨੇ ਪੜ੍ਹਤਾਲ ਦੌਰਾਨ ਮੁਢਲੇ ਤੱਥਾਂ ਦੇ ਅਧਾਰ ‘ਤੇ ਗਗਨਦੀਪ ਕੌਰ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਤੇ ਪੁਲਿਸ ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ।










