ਚੰਡੀਗੜ੍ਹ ,11 ਦਸੰਬਰ, Gee98 News service
-ਪੰਜਾਬ ਦੇ ਅਬੋਹਰ ਸ਼ਹਿਰ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਕਚਹਿਰੀ ‘ਚ ਪੇਸ਼ੀ ਭੁਗਤਣ ਆਏ ਇੱਕ ਨੌਜਵਾਨ ਨੂੰ ਦਿਨ ਦਿਹਾੜੇ ਗੋਲੀਆਂ ਨਾਲ ਭੁੰਨ ਸੁੱਟਿਆ ਤੇ ਉਸਦੀ ਮੌਤ ਹੋ ਗਈ। ਇਸ ਗੋਲੀਬਾਰੀ ਵਿੱਚ ਕਈ ਹੋਰ ਲੋਕ ਵੀ ਜ਼ਖ਼ਮੀ ਹੋਏ ਹਨ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਪਹੁੰਚੀ ਅਤੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੌਰਚਰੀ ਵਿੱਚ ਰਖਵਾ ਦਿੱਤਾ। ਇਸ ਸਬੰਧੀ ਫਾਜ਼ਿਲਕਾ ਦੇ ਐਸਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਆਕਾਸ਼ ਉਰਫ਼ ਗੋਲੂ ਪੰਡਿਤ ਨਾਮ ਦਾ ਇੱਕ ਨੌਜਵਾਨ ਆਪਣੇ ਸਾਥੀ ਸੋਨੂ ਅਤੇ ਇੱਕ ਹੋਰ ਵਿਅਕਤੀ ਦੇ ਨਾਲ ਆਰਮਜ਼ ਐਕਟ ‘ਚ ਪੇਸ਼ੀ ਭੁਗਤਣ ਲਈ ਆਇਆ ਸੀ ਜਿਉਂ ਹੀ ਉਹ ਕਚਹਿਰੀ ਦੀ ਪਾਰਕਿੰਗ ਵਿੱਚ ਪੁੱਜਿਆ ਤਾਂ ਪਹਿਲਾਂ ਤੋਂ ਹੀ ਤਿਆਰ ਬੈਠੇ ਹਮਲਾਵਰਾਂ ਨੇ ਉਸ ਉੱਪਰ ਤਾਬੜਤੋੜ ਫਾਇਰਿੰਗ ਕਰ ਦਿੱਤੀ। ਪੁਲਿਸ ਮੁਤਾਬਕ ਤਿੰਨ ਹਮਲਾਵਰ ਇੱਕ ਸਫੈਦ ਰੰਗ ਦੀ ਕਾਰ ਵਿੱਚ ਆਏ ਸਨ ਜਿਨਾਂ ਨੇ 6 ਰਾਊਂਡ ਫਾਇਰਿੰਗ ਕੀਤੀ। ਘਟਨਾ ਸਮੇਂ ਗੋਲੂ ਪੰਡਤ ਦੇ ਨਾਲ ਨੌਜਵਾਨ ਸੋਨੂ ਨੇ ਦੱਸਿਆ ਕਿ ਇਹ ਹਮਲਾ ਗੱਗੀ ਲਾਹੌਰੀਆ ਤੇ ਉਸਦੇ ਸਾਥੀਆਂ ਨੇ ਕੀਤਾ ਹੈ। ਸੋਨੂ ਨੇ ਕਿਹਾ ਕਿ ਹਮਲਾਵਰਾਂ ਦੀ ਗੋਲੂ ਪੰਡਤ ਦੇ ਨਾਲ ਪੁਰਾਣੀ ਰੰਜਿਸ਼ ਚੱਲ ਰਹੀ ਹੈ। ਉਸਨੇ ਦੱਸਿਆ ਕਿ ਗੋਲੂ ਪੰਡਿਤ ਤੇ 5 ਤੋਂ 6 ਫਾਇਰ ਕੀਤੇ ਗਏ ਜਿਨਾਂ ਵਿੱਚੋਂ ਤਿੰਨ ਗੋਲੀਆਂ ਉਸਦੇ ਸਿੱਧੀਆਂ ਲੱਗੀਆਂ ਜਿਸ ਨਾਲ ਉਸ ਦੀ ਮੌਤ ਹੋ ਗਈ। ਦਿਨ ਦਿਹਾੜੇ ਕਚਹਿਰੀ ਵਿੱਚ ਹੋਏ ਇਸ ਕਤਲ ਕਾਂਡ ਤੋਂ ਬਾਅਦ ਅਬੋਹਰ ਵਿੱਚ ਡਰ ਦਾ ਮਾਹੌਲ ਹੈ। ਪੁਲਿਸ ਦਾ ਦਾਅਵਾ ਹੈ ਕਿ ਹਮਲਾਵਰਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ।
ਫੋਟੋ ਕੈਪਸ਼ਨ-ਘਟਨਾ ਸਥਾਨ ‘ਤੇ ਵਿਰਲਾਪ ਕਰਦੇ ਹੋਏ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰ







