Gee 98News

ਬਾਲ ਮੇਲਿਆਂ ਨਾਲ ਹੋਵੇਗੀ ਸਰਕਾਰੀ ਸਕੂਲਾਂ ’ਚ ਦਾਖ਼ਲਿਆਂ ਦੀ ਸ਼ੁਰੂਆਤ: ਸਰਾਏ

ਬਰਨਾਲਾ, 16 ਨਵੰਬਰ( ਨਿਰਮਲ ਸਿੰਘ ਪੰਡੋਰੀ) : ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਅਜੋਏ ਸ਼ਰਮਾ ਦੀ ਅਗਵਾਈ ਹੇਠ ਪ੍ਰਾਇਮਰੀ ਸਕੂਲਾਂ ’ਚ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਨੰਨੇ ਮੁੰਨੇ ਬਾਲਾਂ ਦੇ ਬਾਲ ਮੇਲਿਆਂ ਨਾਲ ਭਲਕ ਤੋਂ ਵਿੱਦਿਅਕ ਸੈਸ਼ਨ 2022-23 ਦੇ ਦਾਖਲਿਆਂ ਦੀ ਸ਼ੁਰੂਆਤ ਕੀਤੀ ਜਾਵੇਗੀ। ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਕੁਲਵਿੰਦਰ ਸਿੰਘ ਸਰਾਏ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਵਸੁੰਧਰਾ ਕਪਿਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਦੇ ਸਰਕਾਰੀ ਸਕੂਲਾਂ ’ਚ ਨਵੇਂ ਵਿੱਦਿਅਕ ਸੈਸ਼ਨ ਦੇ ਦਾਖਲਿਆਂ ਦੀ ਸ਼ੁਰੂਆਤ 17 ਨਵੰਬਰ ਤੋਂ ਕੀਤੀ ਜਾਵੇਗੀ। ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲਾਂ ਵੱਲੋਂ ਅੱਜ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਬਾਲ ਮੇਲੇ ਲਗਾ ਕੇ ਮਾਪਿਆਂ ਨੂੰ ਬੱਚਿਆਂ ਦੀ ਬਹੁਪੱਖੀ ਪ੍ਰਤਿਭਾ ਤੋਂ ਜਾਣੂ ਕਰਵਾਇਆ ਜਾਵੇਗਾ। ਹਰ ਸਕੂਲ ਵੱਲੋਂ ਪੰਜ ਸਟਾਲ ਲਗਾ ਕੇ ਵਿਦਿਆਰਥੀਆਂ ਦੇ ਸਰੀਰਕ, ਭਾਸ਼ਾਈ, ਬੌਧਿਕ ਤੇ ਰਚਨਾਤਮਕ ਵਿਕਾਸ ਦਰਸਾਉਣ ਦੇ ਨਾਲ ਨਾਲ ਵਿਦਿਆਰਥੀਆਂ ਦੇ ਰਿਪੋਰਟ ਕਾਰਡ ਮਾਪਿਆਂ ਨਾਲ ਸਾਂਝੇ ਕੀਤੇ ਜਾਣਗੇ। ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪੇਸ਼ਕਾਰੀਆਂ ਵੀ ਕੀਤੀਆਂ ਜਾਣਗੀਆਂ। ਸਰਕਾਰੀ ਸਕੂਲਾਂ ’ਚ ਦਾਖਲਿਆਂ ਦੀ ਸ਼ੁਰੂਆਤ ਬਾਰੇ ਜਨਤਕ ਸਥਾਨਾਂ ਤੋਂ ਸੂਚਨਾ ਦੇਣ ਦੇ ਨਾਲ ਨਾਲ ਬਾਲ ਮੇਲੇ ਮੌਕੇ ਦਾਖਲਿਆਂ ਲਈ ਵੱਖਰੇ ਕਾਊਂਟਰ ਲਗਾ ਕੇ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਜਾਣਕਾਰੀ ਦਿੰਦਿਆਂ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿੱਚ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਜ਼ਿਲ੍ਹਾ ਕੋਆਰਡੀਨੇਟਰ ਪੜੋ ਪੰਜਾਬ ਕੁਲਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਬਾਲ ਮੇਲਿਆਂ ਪ੍ਰਤੀ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ’ਚ ਭਾਰੀ ਉਤਸ਼ਾਹ ਹੈ। ਉਨਾਂ ਦੱਸਿਆ ਕਿ ਇਸ ਦੌਰਾਨ ਸਮੂਹ ਪੜੋ ਪੰਜਾਬ ਟੀਮ ਮੈਂਬਰ ਮੇਲਿਆਂ ਲਈ ਅਧਿਆਪਕਾਂ ਨੂੰ ਸਹਿਯੋਗ ਦੇਣਗੇ।

error: Content is protected !!