Gee 98News

ਬਰਨਾਲਾ ,7 ਫਰਵਰੀ 2026, Gee98 News service-

-ਸ਼ਹਿਰ ਦੇ ਵਿਚਕਾਰ ਸ੍ਰੀ ਕ੍ਰਿਸ਼ਨਾ ਪੰਚਾਇਤੀ ਮੰਦਰ ਵਿਖੇ ਅੱਜ ਸਥਿਤੀ ਉਸ ਵੇਲੇ ਤਣਾਅਪੂਰਨ ਬਣ ਗਈ ਜਦੋਂ ਭਾਰਤੀ ਸਨਾਤਨ ਧਰਮ ਮਹਾਂਵੀਰ ਦਲ ਦੇ ਪ੍ਰਬੰਧ ਅਧੀਨ ਮੰਦਰ ਦੀ ਪ੍ਰਬੰਧਕ ਕਮੇਟੀ ਅਤੇ ਐਸਡੀ ਸਭਾ ਬਰਨਾਲਾ ਵੱਲੋਂ ਸਾਂਝੇ ਤੌਰ ‘ਤੇ ਬੁਲਾਈ ਪ੍ਰੈਸ ਕਾਨਫਰੰਸ ਦੌਰਾਨ ਮੰਦਰ ਪ੍ਰਬੰਧਕ ਕਮੇਟੀ ਦੇ ਦੋ ਗਰੁੱਪ ਆਹਮੋ ਸਾਹਮਣੇ ਹੋ ਗਏ। ਜਦੋਂ ਸਥਿਤੀ ਤੂੰ-ਤੂੰ, ਮੈਂ-ਮੈਂ ਤੋਂ ਅੱਗੇ ਵਧਣ ਦੇ ਆਸਾਰ ਬਣ ਗਏ ਤਾਂ ਮੌਕੇ ‘ਤੇ ਹਾਜ਼ਰ ਸ਼ਹਿਰ ਦੇ ਕੁਝ ਸਿਆਣੇ ਪੁਰਸ਼ਾਂ ਨੇ ਮੌਕਾ ਸੰਭਾਲਦੇ ਹੋਏ ਸ਼ਬਦਾਂ ਦਾ ਠੰਡਾ ਪਾਣੀ ਛਿੜਕਿਆ ਜਿਸ ਤੋਂ ਬਾਅਦ ਈਰਖਾ ਦੀ ਅੱਗ ਸ਼ਾਂਤ ਹੋਈ। ਦੱਸ ਦੇਈਏ ਕਿ ਮੰਦਰ ਕਮੇਟੀ ਅਤੇ ਐਸਡੀ ਸਭਾ ਦੇ ਵਿਚਕਾਰ ਮੰਦਰ ਦੇ ਬਿਲਕੁਲ ਨਾਲ ਲੱਗਦੇ ਸਕੂਲ ਅਤੇ ਦੁਕਾਨਾਂ ਸਬੰਧੀ ਇਕ ਤਾਜ਼ਾ ਸਮਝੌਤਾ ਹੋਇਆ ਹੈ ਜਿਸ ਦੀ ਜਾਣਕਾਰੀ ਦੇਣ ਲਈ ਮੰਦਰ ਕਮੇਟੀ ਵੱਲੋਂ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਬੁਲਾਈ ਗਈ ਸੀ ਜਿਸ ਵਿੱਚ ਮੰਦਰ ਕਮੇਟੀ ਦੇ ਪ੍ਰਧਾਨ ਸ੍ਰੀ ਸੁਭਾਸ਼ ਗਰਗ ਅਤੇ ਐਸਡੀ ਸਭਾ ਦੇ ਜਨਰਲ ਸਕੱਤਰ ਸ਼ਿਵ ਸਿੰਗਲਾ ਨੇ ਸਮਝੌਤੇ ਸਬੰਧੀ ਜਾਣਕਾਰੀ ਦੇਣੀ ਸੀ। ਇਹ ਪ੍ਰੈਸ ਕਾਨਫਰੰਸ ਅਜੇ ਸ਼ੁਰੂ ਹੀ ਹੋਈ ਸੀ ਇਸ ਦੌਰਾਨ ਉਥੇ ਪਹਿਲਾਂ ਤੋਂ ਹੀ ਮੌਜੂਦ ਮੰਦਰ ਪ੍ਰਬੰਧਕ ਕਮੇਟੀ ‘ਤੇ ਪਹਿਲਾਂ ਕਾਬਜ਼ ਰਿਹਾ ਇੱਕ ਗਰੁੱਪ ਸਮਝੌਤੇ ਨੂੰ ਜਨਤਕ ਕਰਨ ‘ਤੇ ਜ਼ੋਰ ਪਾਉਣ ਲੱਗਿਆ। ਇਸ ਦੌਰਾਨ ਮੰਦਰ ਕਮੇਟੀ ‘ਤੇ ਕਾਬਜ਼ ਮੌਜੂਦਾ ਗਰੁੱਪ ਅਤੇ ਦੂਜੇ ਗਰੁੱਪ ਦੇ ਕੁਝ ਵਿਅਕਤੀਆਂ ਵਿਚਕਾਰ ਤਲਖਕਲਾਮੀ ਵੀ ਹੋਈ, ਇਸ ਤੋਂ ਪਹਿਲਾਂ ਕਿ ਮਾਮਲਾ ਗੜਬੜ ਹੁੰਦਾ ਤਾਂ ਸਥਿਤੀ ਨੂੰ ਭਾਂਪਦੇ ਹੋਏ ਮੌਕੇ ‘ਤੇ ਹਾਜ਼ਰ ਐਸਡੀ ਸਭਾ ਦੇ ਸਾਰੇ ਅਹੁਦੇਦਾਰ ਮੰਦਰ ਕੰਪਲੈਕਸ ਵਿੱਚੋਂ ਬਾਹਰ ਚਲੇ ਗਏ। ਇਸ ਦੌਰਾਨ ਮੰਦਰ ਪ੍ਰਬੰਧਕ ਕਮੇਟੀ ਦੇ ਦੋਵੇਂ ਗਰੁੱਪਾਂ ਵਿੱਚ ਮੰਦਰ ਦੇ ਦਰਬਾਰ ਹਾਲ ਦੇ ਵਿੱਚ ਹੀ ਸ਼ਬਦੀ ਜੰਗ ਹੁੰਦੀ ਰਹੀ, ਇਹ ਵੀ ਦੇਖਣ ਵਿੱਚ ਆਇਆ ਕਿ ਕੁਝ ਵਿਅਕਤੀਆਂ ਨੇ ਭਗਵਾਨ ਦੇ ਦਰਬਾਰ ਵਿੱਚ ਵੀ ਆਪਣੀ ਹਉਮੈ ਦਾ ਮੁਜਾਹਰਾ ਕੀਤਾ।

                                           ਕੁਝ ਸਮੇਂ ਬਾਅਦ ਸਮਝੌਤੇ ਨੂੰ ਜਨਤਕ ਤੌਰ ‘ਤੇ ਪੜ੍ਨ ਦਾ ਦਬਾਅ ਪਾਉਣ ਵਾਲੇ ਗਰੁੱਪ ਦੇ ਕੁਝ ਮੁੱਖ ਆਗੂ ਮੰਦਰ ਦਰਬਾਰ ਵਿੱਚੋਂ ਪਾਸੇ ਹੋ ਗਏ ਜਿਸ ਤੋਂ ਬਾਅਦ ਐਸਡੀ ਸਭਾ ਦੇ ਪਹਿਲਾਂ ਚਲੇ ਗਏ ਸਾਰੇ ਆਗੂ ਵਾਪਸ ਆਏ ਅਤੇ ਮੰਦਰ ਪ੍ਰਬੰਧਕ ਕਮੇਟੀ ਅਤੇ ਐਸਡੀ ਸਭਾ ਨੇ ਸਾਂਝੇ ਤੌਰ ‘ਤੇ ਪ੍ਰੈਸ ਕਾਨਫਰੰਸ ਕੀਤੀ। ਪ੍ਰੈੱਸ ਕਾਨਫਰੰਸ ਦੌਰਾਨ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਭਾਸ਼ ਗਰਗ ਅਤੇ ਐਸਡੀ ਸਭਾ ਦੇ ਜਨਰਲ ਸਕੱਤਰ ਸ਼ਿਵ ਸਿੰਗਲਾ ਨੇ ਦੱਸਿਆ ਕਿ ਮੰਦਰ ਦੇ ਨਾਲ ਲੱਗਦੀਆਂ L-TYPE ਸੱਤ ਦੁਕਾਨਾਂ ਦਾ ਕਿਰਾਇਆ ਨਵੇਂ ਸਮਝੌਤੇ ਮੁਤਾਬਕ ਮੰਦਰ ਪ੍ਰਬੰਧਕ ਕਮੇਟੀ ਹੀ ਵਸੂਲ ਕਰੇਗੀ, ਪ੍ਰਬੰਧਕ ਕਮੇਟੀ ਨੂੰ ਇਹ ਅਧਿਕਾਰ ਵੀ ਹੋਵੇਗਾ ਕਿ ਉਹ ਦੁਕਾਨਾਂ ਦਾ ਕਿਰਾਇਆ ਆਪਣੀ ਮਰਜ਼ੀ ਅਨੁਸਾਰ ਵਧਾ ਸਕਦੀ ਹੈ। ਨਵੇਂ ਸਮਝੌਤੇ ਅਨੁਸਾਰ ਹੁਣ ਪ੍ਰਬੰਧਕ ਕਮੇਟੀ ਹੀ ਦੁਕਾਨਾਂ ਦਾ ਕਿਰਾਇਆ ਵਸੂਲ ਕਰੇਗੀ ਅਤੇ ਪ੍ਰਬੰਧਕ ਕਮੇਟੀ ਹੀ ਰਸੀਦ ਕੱਟ ਕੇ ਹਿਸਾਬ ਕਿਤਾਬ ਆਪਣੇ ਕੋਲ ਰੱਖੇਗੀ। ਇਹਨਾਂ ਸੱਤ ਦੁਕਾਨਾਂ ਦੀ ਆਮਦਨ ਵਸੂਲੀ ਵਿੱਚ ਐਸ ਸਭਾ ਦਾ ਕੋਈ ਦਖ਼ਲ ਨਹੀਂ ਹੋਵੇਗਾ। ਇਸ ਤੋਂ ਇਲਾਵਾ ਮੰਦਰ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੀ ਘੱਟ ਜਗ੍ਹਾ ਨੂੰ ਹੋਰ ਵਧਾਉਣ ਲਈ ਸਕੂਲ ਵਾਲੇ ਪਾਸੇ ਕੁਝ ਜਗ੍ਹਾ ਪ੍ਰਬੰਧਕ ਕਮੇਟੀ ਨੂੰ ਹੋਰ ਦਿੱਤੀ ਗਈ ਹੈ, ਜਿਸ ਨੂੰ ਰੈਨੋਵੇਸ਼ਨ ਕਰਕੇ ਦਫ਼ਤਰ ਦੇ ਨਾਲ ਮਿਲਾਇਆ ਜਾਵੇਗਾ। ਇਸ ਮੌਕੇ ਸ੍ਰੀ ਸ਼ਿਵ ਸਿੰਗਲਾ ਨੇ ਕਿਹਾ ਕਿ ਇਸ ਸਮਝੌਤੇ ਵਿੱਚ ਕਿਸੇ ਦਾ ਕੋਈ ਨਿੱਜੀ ਸਵਾਰਥ ਨਹੀਂ ਹੈ ਸਗੋਂ ਮੰਦਰ ਦਾ ਪ੍ਰਬੰਧ ਚਲਾ ਰਿਹਾ ਸ੍ਰੀ ਮਹਾਂਵੀਰ ਦਲ ਅਤੇ ਸਨਾਤਨ ਧਰਮ ਸਭਾ ਦਾ ਮਿਸ਼ਨ ਇਕੋ ਹੀ ਹੈ ਕਿ ਸਨਾਤਨ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਵੱਧ ਤੋਂ ਵੱਧ ਕੰਮ ਕੀਤਾ ਜਾਵੇ।

Gee98 Ads

                                                     ਸ੍ਰੀ ਸ਼ਿਵ ਸਿੰਗਲਾ ਨੇ ਕਿਹਾ ਕਿ ਸੱਤ ਦੁਕਾਨਾਂ ਦਾ ਕਿਰਾਇਆ ਵਸੂਲਣ ਸਬੰਧੀ ਜੋ ਸਮਝੌਤਾ ਹੋਇਆ ਹੈ ਉਹ ਸਿਰਫ਼ ਮੰਦਰ ਪ੍ਰਬੰਧਕ ਕਮੇਟੀ ਦੀ ਪ੍ਰਤੀ ਮਹੀਨਾ ਆਮਦਨ ਦੇ ਵਸੀਲੇ ਵਜੋਂ ਹੋਇਆ ਹੈ। ਇਸ ਤੋਂ ਇਲਾਵਾ ਵੀ ਸਨਾਤਨ ਧਰਮ ਸਭਾ ਮੰਦਰ ਵਿੱਚ ਹੋਣ ਵਾਲੇ ਕਿਸੇ ਵੀ ਸਮਾਗਮ ਆਪਣਾ ਯੋਗਦਾਨ ਪਾਉਣ ਲਈ ਹਮੇਸ਼ਾ ਤਤਪਰ ਰਹੇਗੀ। ਜਦੋਂ ਪੱਤਰਕਾਰਾਂ ਨੇ ਸ੍ਰੀ ਸ਼ਿਵ ਸਿੰਗਲਾ ਨੂੰ ਮੰਦਰ ਪ੍ਰਬੰਧਕ ਕਮੇਟੀ ਦੇ ਇੱਕ ਗਰੁੱਪ ਵੱਲੋਂ ਤਾਜ਼ਾ ਸਮਝੌਤੇ ਦੇ ਵਿਰੋਧ ਬਾਰੇ ਸਵਾਲ ਪੁੱਛਿਆ ਤਾਂ ਉਹਨਾਂ ਕਿਹਾ ਕਿ ਐਸਡੀ ਸਭਾ ਦਾ ਮਿਸ਼ਨ ਸਨਾਤਨ ਧਰਮ ਦਾ ਪ੍ਰਸਾਰ ਤੇ ਪ੍ਰਚਾਰ ਹੀ ਹੈ ਅਤੇ ਵਿਰੋਧ ਕਰਨ ਵਾਲਿਆਂ ਨੂੰ ਵੀ ਧਰਮ ਦੇ ਪ੍ਰਚਾਰ ਨੂੰ ਹੀ ਅੱਗੇ ਰੱਖਣਾ ਚਾਹੀਦਾ ਹੈ। ਮੌਕੇ ‘ਤੇ ਹਾਜ਼ਰ ਸ੍ਰੀ ਕ੍ਰਿਸ਼ਨਾ ਪੰਚਾਇਤੀ ਮੰਦਰ ਦੀ ਪ੍ਰਬੰਧਕ ਕਮੇਟੀ ਅਤੇ ਐਸਡੀ ਸਭਾ ਦੇ ਸਾਰੇ ਅਹੁਦੇਦਾਰਾਂ ਨੇ ਇਸ ਸਮਝੌਤੇ ਪ੍ਰਤੀ ਆਪਣੀ ਸਹਿਮਤੀ ਜ਼ਾਹਿਰ ਕੀਤੀ। ਇਸ ਮੌਕੇ ਹਾਜ਼ਰ ਸ਼ਹਿਰ ਦੇ ਕੁਝ ਜਾਣੇ ਪਹਿਚਾਣੇ ਵਿਅਕਤੀਆਂ ਵੱਲੋਂ ਨਵੇਂ ਸਮਝੌਤੇ ਦੀ ਸ਼ਲਾਘਾ ਵੀ ਕੀਤੀ ਗਈ।
ਫੋਟੋ ਕੈਪਸ਼ਨ-ਪ੍ਰੈਸ ਕਾਨਫਰਸ ਦੌਰਾਨ ਜਾਣਕਾਰੀ ਦਿੰਦੇ ਹੋਏ ਸ੍ਰੀ ਸ਼ਿਵ ਸਿੰਗਲਾ ਅਤੇ ਸ੍ਰੀ ਸੁਭਾਸ਼ ਗਰਗ

Leave a Reply

Your email address will not be published. Required fields are marked *

error: Content is protected !!