ਚੰਡੀਗੜ, 18 ਨਵੰਬਰ ( ਨਿਰਮਲ ਸਿੰਘ ਪੰਡੋਰੀ ) : ਸੰਯੁਕਤ ਕਿਸਾਨ ਮੋਰਚੇ ਨੇ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਨਾਲ ਸਿਆਸੀ ਨੇਤਾਵਾਂ ਵਰਗਾ ਸਲੂਕ ਕਰਨ ਦੀ ਗੱਲ ਆਖੀ ਹੈ। ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਕਿਸਾਨ ਅੰਦੋਲਨ ਕਾਰਨ ਸਿਆਸੀ ਪਾਰਟੀਆਂ ਨੂੰ ਰਾਜਨੀਤਿਕ ਗਤੀਵਿਧੀਆਂ ਰੋਕਣ ਲਈ ਕਿਹਾ ਗਿਆ ਸੀ, ਪ੍ਰੰਤੂ ਸਿਆਸੀ ਪਾਰਟੀਆਂ ਆਨੇ ਬਹਾਨੇ ਆਪਣੀਆਂ ਗਤੀਵਿਧੀਆਂ ਚਲਾ ਰਹੀਆਂ ਹਨ ਜਿਸ ਕਰਕੇ ਪਿੰਡਾਂ ਦਾ ਮਹੌਲ ਕਈ ਵਾਰ ਤਣਾਅਪੂਰਨ ਬਣ ਜਾਂਦਾ ਹੈ। ਸੰਯੂਕਤ ਕਿਸਾਨ ਮੋਰਚੇ ਨੇ ਗੁਰਨਾਮ ਸਿੰਘ ਚਡੂਨੀ ਦੇ ਮਿਸ਼ਨ ਪੰਜਾਬ ਨਾਲੋ ਵੀ ਪੂਰੀ ਤਰਾਂ ਕਿਨਾਰਾ ਕਰ ਲਿਆ ਹੈ ਅਤੇ ਕਿਹਾ ਕਿ ਜੇਕਰ ਚਡੂਨੀ ਸਿੱਧੇ ਤੌਰ ’ਤੇ ਸਿਆਸੀ ਗਤੀਵਿਧੀਆਂ ਕਰੇਗਾ ਤਾਂ ਉਸ ਨਾਲ ਵੀ ਹੋਰ ਸਿਆਸੀ ਪਾਰਟੀਆਂ ਵਾਲਾ ਸਲੂਕ ਹੀ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਗੁਰਨਾਮ ਸਿੰਘ ਚਡੂਨੀ ਨੇ ਅਗਲੀ ਵਿਧਾਨ ਸਭਾ ਚੋਣਾਂ ’ਚ ਆਪਣੇ ਉਮੀਦਵਾਰ ਖੜੇ ਕਰਨ ਦਾ ਐਲਾਨ ਕੀਤਾ ਹੈ ਅਤੇ ਮਿਸ਼ਨ ਪੰਜਾਬ ਤਹਿਤ ਸਰਗਰਮੀਆਂ ਵੀ ਸ਼ੁਰੂ ਕੀਤੀਆਂ ਹੋਈਆਂ ਹਨ। ਸੰਯੁਕਤ ਕਿਸਾਨ ਮੋਰਚੇ ਵੱਲੋਂ ਚਡੂਨੀ ਸੰਬੰਧੀ ਤਾਜ਼ਾ ਫ਼ੈਸਲੇ ਦਾ ਕਿਸਾਨ ਅੰਦੋਲਨ ਉੱਪਰ ਚੰਗਾ ਮਾੜਾ ਅਸਰ ਤਾਂ ਸਮਾਂ ਹੀ ਦੱਸੇਗਾ ਪਰ ਇੱਕ ਗੱਲ ਸਪੱਸ਼ਟ ਹੈ ਕਿ ਗੁਰਨਾਮ ਸਿੰਘ ਚਡੂਨੀ ਨੂੰ ਪੰਜਾਬ ਦੇ ਪਿੰਡਾਂ ’ਚ ਸਿਆਸੀ ਗਤੀਵਿਧੀਆਂ ਕਰਦੇ ਹੋਏ ਕਿਸਾਨ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।