ਚੰਡੀਗੜ੍ਹ,28 ਮਾਰਚ Gee98 news service-
ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਪਰਿਵਾਰ ਵੱਲੋਂ ਗੋਦਾਮਾਂ ਦੇ ਟੈਂਡਰਾਂ ‘ਚ ਬੇਨਿਯਮੀਆਂ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਵੇਅਰ ਹਾਊਸ ਦੇ 30 ਹਜ਼ਾਰ ਮੀਟ੍ਰਿਕ ਟਨ ਦੇ ਗੋਦਾਮ ਬਣਾਉਣ ਸਬੰਧੀ ਦੋ ਪਾਰਟੀਆਂ ਬਾਬਾ ਨਾਗਾ ਪ੍ਰਾਈਵੇਟ ਲਿਮਿਟਡ ਅਤੇ ਸੁਖਦੇਵ ਸਿੰਘ ਭੁੱਲਰ ਮੈਦਾਨ ਵਿੱਚ ਸਨ ਜਿਨਾਂ ਵਿੱਚੋਂ ਬਾਬਾ ਨਾਗਾ ਪ੍ਰਾਈਵੇਟ ਲਿਮਟਿਡ ਨੂੰ ਟੈਂਡਰ ਅਲਾਟ ਹੋ ਗਏ ਸਨ ਜਿਸ ਤੋਂ ਬਾਅਦ ਸਾਬਕਾ ਮੰਤਰੀ ਭੁੱਲਰ ਨੇ ਵੇਅਰ ਹਾਊਸ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਉੱਪਰ ਇਹ ਟੈਂਡਰ ਸੁਖਦੇਵ ਸਿੰਘ ਭੁੱਲਰ ਦੇ ਨਾਮ ਅਲਾਟ ਕਰਵਾਉਣ ਦਾ ਦਬਾਅ ਬਣਾਇਆ ਸੀ। ਇਸੇ ਮਾਮਲੇ ‘ਚ ਕਾਰਪੋਰੇਸ਼ਨ ਦੇ ਜ਼ਿਲ੍ਹਾ ਅਧਿਕਾਰੀ ਗਗਨਦੀਪ ਸਿੰਘ ਰੰਧਾਵਾ ਵੱਲੋਂ ਖ਼ੁਦਕੁਸ਼ੀ ਕਰਨ ਤੋਂ ਬਾਅਦ ਲਾਲਜੀਤ ਸਿੰਘ ਭੁੱਲਰ ਨੂੰ ਮੰਤਰੀ ਅਹੁਦੇ ਤੋਂ ਹੱਥ ਧੋਣੇ ਪਏ ਪੁਲਿਸ ਕੇਸ ਦਰਜ ਹੋਣ ਤੋਂ ਬਾਅਦ ਹੁਣ ਉਹ ਪੁਲਿਸ ਹਿਰਾਸਤ ਵਿੱਚ ਹਨ। ਸਾਬਕਾ ਮੰਤਰੀ ਭੁੱਲਰ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਨੇ ਟੈਂਡਰਾਂ ਵਿੱਚ ਬੇਨਿਯਮੀਆਂ ਦਾ ਦੋਸ਼ ਲਗਾਇਆ ਸੀ ਜਿਸ ਤੋਂ ਬਾਅਦ ਹੁਣ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੇ ਕਿਹਾ ਹੈ ਕਿ ਲਾਲਜੀਤ ਸਿੰਘ ਭੁੱਲਰ ਦੇ ਪਿਤਾ, ਸੁਖਦੇਵ ਸਿੰਘ ਭੁੱਲਰ ਵੱਲੋਂ ਬਾਬਾ ਨਾਗਾ ਐਗਰੋਟਿਕ ਪ੍ਰਾਈਵੇਟ ਲਿਮਟਿਡ ਨੂੰ ਟੈਂਡਰ ਅਲਾਟ ਕਰਨ ਵਿਰੁੱਧ ਉਠਾਏ ਗਏ ਇਤਰਾਜ਼ ਬੇਬਨਿਆਦ ਹਨ। ਇਹ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ ਕਿ ਬਾਬਾ ਨਾਗਾ ਐਗਰੋਟਿਕ ਪ੍ਰਾਈਵੇਟ ਲਿਮਟਿਡ ਨੇ ਨਾ ਸਿਰਫ਼ ਪੱਟੀ ਰੇਲ ਹੈੱਡ ਦੇ ਸਭ ਤੋਂ ਨੇੜੇ ਦੀ ਸਾਈਟ ਦੀ ਪੇਸ਼ਕਸ਼ ਕੀਤੀ, ਬਲਕਿ ਇਸ ਕੰਪਨੀ ਵੱਲੋਂ ਲਗਾਏ ਗਏ ਟੈਂਡਰਾਂ ਦੇ ਰੇਟ ਸੁਖਦੇਵ ਸਿੰਘ ਭੁੱਲਰ ਦੀ ਕੰਪਨੀ ਤੋਂ ਬਹੁਤ ਘੱਟ ਸਨ ਜਿਸ ਕਰਕੇ ਇਹ ਟੈਂਡਰ ਬਾਬਾ ਨਾਗਾ ਐਗਰੋਟਿਕ ਪ੍ਰਾਈਵੇਟ ਲਿਮਿਟਡ ਨੂੰ ਅਲਾਟ ਹੋਏ ਹਨ। ਇਹਨਾਂ ਟੈਂਡਰਾਂ ਦੇ ਮਾਮਲੇ ‘ਚ ਵੇਅਰ ਹਾਊਸ ਦੇ ਜ਼ਿਲ੍ਹਾ ਅਧਿਕਾਰੀ ਰੰਧਾਵਾ ਦੀ ਆਤਮ ਹੱਤਿਆ ਦੇ ਮਾਮਲੇ ਸਬੰਧੀ ਹੁਣ ਤਸਵੀਰ ਲੱਗਭੱਗ ਸਪੱਸ਼ਟ ਹੁੰਦੀ ਜਾਪਦੀ ਹੈ ਕਿ ਰੰਧਾਵਾ ਦੀ ਕੋਈ ਸ਼ੱਕੀ ਭੂਮਿਕਾ ਨਹੀਂ ਸੀ ਸਗੋਂ ਮੰਤਰੀ ਦਾ ਪਰਿਵਾਰ ਸੱਤਾ ਦੇ ਜ਼ੋਰ ‘ਤੇ ਟੈਂਡਰ ਪ੍ਰਾਪਤ ਕਰਨਾ ਚਾਹੁੰਦਾ ਸੀ।









