Skip to main content

Gee 98News

…ਗੁਪਤਾ,ਮਿੱਤਲ,ਚੱਢਾ,ਸਾਹਨੀ, ਭੱਜੀ…ਹਾਏ…ਸਾਡੀਆਂ ਸੋਨੇ ਦੀਆਂ ਮੁਰਗੀਆਂ ਲੁੱਟੀਆਂ ਗਈਆਂ…aap ਹਾਈਕਮਾਂਡ ਦੀ ਚੀਸ

ਚੰਡੀਗੜ੍ਹ , 27 ਅਪ੍ਰੈਲ (ਨਿਰਮਲ ਸਿੰਘ ਪੰਡੋਰੀ)-

-ਆਮ ਆਦਮੀ ਪਾਰਟੀ ਦੇ ਸੱਤ ਰਾਜ ਸਭਾ ਮੈਂਬਰਾਂ ਵੱਲੋਂ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਪਾਰਟੀ ਦੇ ਭਮੱਕੜਾਂ ਵੱਲੋਂ ਇਹਨਾਂ ਆਗੂਆਂ ਦੇ ਘਰਾਂ ਅਤੇ ਕਾਰੋਬਾਰੀ ਟਿਕਾਣਿਆਂ ‘ਤੇ “ਗਦਾਰ” ਸ਼ਬਦ ਲਿਖਣ ਦੀ ਮੁਹਿੰਮ ਨੇ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਬਣਦਾ ਹੈ ਕਿ ਇਹ “ਆਪ” ਦੇ ਵਲੰਟੀਅਰਾਂ ਦਾ ਕੋਈ ਅਚਾਨਕ ਫੁੱਟਿਆ ਗੁੱਸਾ ਨਹੀਂ ਸਗੋਂ ਭਗਵੰਤ ਮਾਨ ਦੇ ਸਲਾਹਕਾਰਾਂ ਦੀ ਯੋਜਨਾ ਤਹਿਤ ਪਾਰਟੀ ਛੱਡ ਕੇ ਗਏ ਰਾਜਸਭਾ ਮੈਂਬਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਮੁੱਚੇ ਪੰਜਾਬ ਵਿੱਚ ਇਹਨਾਂ ਰਾਜ ਸਭਾ ਮੈਂਬਰਾਂ ਦੇ ਪੁਤਲੇ ਫੂਕੇ ਜਾ ਰਹੇ ਹਨ ਅਤੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਦਰਅਸਲ ਆਮ ਆਦਮੀ ਪਾਰਟੀ ਦੇ ਆਮ ਵਲੰਟੀਅਰਾਂ ਨੂੰ ਆਪਣੇ ਰਾਜ ਸਭਾ ਮੈਂਬਰਾਂ ਦੀ ਬੇਵਫਾਈ ਦਾ ਐਨਾ ਦੁੱਖ ਨਹੀਂ ਜਿਨਾਂ ਪਾਰਟੀ ਦੇ ਕੌਮੀ ਕਨਵੀਨਰ ਅਤੇ ਉਹਨਾਂ ਦੇ ਅੰਗੀਆਂ ਸੰਗੀਆਂ ਨੂੰ ਹੋਇਆ ਹੈ। “ਆਪ” ਛੱਡ ਕੇ ਗਏ ਰਾਜ ਸਭਾ ਮੈਂਬਰਾਂ ਵਿੱਚੋਂ ਜੇਕਰ ਸੰਦੀਪ ਪਾਠਕ ਨੂੰ ਛੱਡ ਦਿੱਤਾ ਜਾਵੇ ਤਾਂ ਬਾਕੀ ਸਾਰੇ ਆਮ ਆਦਮੀ ਪਾਰਟੀ ਲਈ “ਸੋਨੇ ਦੇ ਆਂਡੇ” ਦੇਣ ਵਾਲੀਆਂ ਮੁਰਗੀਆਂ ਸਨ, ਜਦੋਂ ਕਿਤੇ ਦਿਲ ਕਰਦਾ ਸੀ ਤਾਂ ਕੇਜਰੀਵਾਲ ਸਾਹਿਬ ਹੁਕਮ ਦਿੰਦੇ ਅਤੇ ਉਹਨਾਂ ਦਾ ਕੋਈ “ਅਕਾਊਂਟੈਂਟ” ਇਹਨਾਂ ਸੋਨੇ ਦੀਆਂ ਮੁਰਗੀਆਂ ਤੋਂ ਸੋਨੇ ਦਾ ਆਂਡਾ ਲੈ ਜਾਂਦਾ ਸੀ। ਹੁਣ ਜਦੋਂ “ਜ਼ੋਰ” ਵਾਲੇ ਇਹ ਸਾਰੀਆਂ ਸੋਨੇ ਦੀਆਂ ਮੁਰਗੀਆਂ ਲੁੱਟ ਕੇ ਲੈ ਗਏ ਤਾਂ ਤਕਲੀਫ਼ ਹੋਣੀ ਸੁਭਾਵਿਕ ਹੀ ਹੈ।

                                                               ਇੱਥੇ ਇਹ ਵੀ ਚੇਤੇ ਰਹੇ ਕਿ ਆਪ ਦੀ ਹਾਈਕਮਾਂਡ ਦੀ ਇਹ ਤਕਲੀਫ਼ ਸਿਆਸੀ ਨਹੀਂ ਸਗੋਂ ਇਸ ਨੂੰ ਆਰਥਿਕ ਤਕਲੀਫ਼ ਕਿਹਾ ਜਾ ਸਕਦਾ ਹੈ। ਇੱਕੋ ਵੇਲੇ ਸੱਤ ਰਾਜ ਸਭਾ ਮੈਂਬਰਾਂ ਦੀ ਬੇਵਫ਼ਾਈ ਨਾਲ ਆਮ ਆਦਮੀ ਪਾਰਟੀ ਨੂੰ ਸਿਆਸੀ ਝਟਕਾ ਲੱਗਣਾ ਹੀ ਸੀ ਸਗੋਂ ਆਰਥਿਕ ਝਟਕੇ ਨੇ ਪਾਰਟੀ ਆਗੂਆਂ ਦੀ ਮਾਨਸਿਕਤਾ ਨੂੰ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਦੂਜੇ ਪਾਸੇ ਪਾਰਟੀ ਦੇ ਸੱਤ ਰਾਜ ਸਭਾ ਮੈਂਬਰਾਂ ਦੀ ਬੇਵਫਾਈ ਦਾ ਭਾਵੇਂ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਦੀ ਟੀਮ ਨੂੰ ਤਾਂ ਵੱਡਾ ਝਟਕਾ ਲੱਗਿਆ ਹੈ ਪਰੰਤੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਸਾਰੇ ਘਟਨਾਕ੍ਰਮ ਤੋਂ ਬਾਗ਼ੋਬਾਗ ਹਨ। ਆਮ ਆਦਮੀ ਪਾਰਟੀ ਦੀ ਪੰਜਾਬ ਅਤੇ ਕੌਮੀ ਪੱਧਰ ‘ਤੇ ਮੌਜੂਦਾ ਸਥਿਤੀ ਤੋਂ ਭਗਵੰਤ ਮਾਨ ਦੇ ਮਨ ਵਿੱਚ ਲੱਡੂ ਫੁੱਟ ਰਹੇ ਹਨ। ਚੇਤੇ ਰਹੇ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਭਗਵੰਤ ਮਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਣਾ ਚਾਹੁੰਦੀ ਸੀ। ਭਗਵੰਤ ਮਾਨ ਦੇ ਹਮਾਇਤੀ ਭਮੱਕੜਾਂ ਨੇ ਪੰਜਾਬ ‘ਚ ਆਪ ਦੀ ਹਾਈਕਮਾਂਡ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਕੇ ਹੀ ਭਗਵੰਤ ਮਾਨ ਨੂੰ ਹਾਈਕਮਾਂਡ ਦਾ ਚਿਹਰਾ ਐਲਾਨਣ ਲਈ ਮਜ਼ਬੂਰ ਕੀਤਾ ਸੀ। ਪੰਜਾਬ ਦੀਆਂ ਅਗਲੀਆਂ ਚੋਣਾਂ ‘ਚ ਅਜੇ ਭਾਵੇਂ ਕਈ ਮਹੀਨੇ ਦਾ ਸਮਾਂ ਬਾਕੀ ਹੈ ਪ੍ਰੰਤੂ “ਆਪ” ‘ਚ ਵਾਪਰੇ ਤਾਜ਼ਾ ਘਟਨਾਕ੍ਰਮ ਨੇ ਭਗਵੰਤ ਮਾਨ ਨੂੰ ਅਗਲੀ ਵੇਰ ਵੀ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਹੈ। ‘ਆਪ’ ਛੱਡ ਕੇ ਭਾਜਪਾ ‘ਚ ਸ਼ਾਮਿਲ ਹੋਏ ਰਾਜ ਸਭਾ ਮੈਂਬਰ ਭਗਵੰਤ ਮਾਨ ਲਈ ਸਿਆਸੀ ਤੌਰ ‘ਤੇ ਅਜਿਹੇ ਵੱਡੇ ਰੋੜੇ ਸਨ ਜਿਨਾਂ ਵਿੱਚ ਅਟਕ ਕੇ ਭਗਵੰਤ ਮਾਨ ਕਿਸੇ ਵੇਲੇ ਵੀ ਡਿੱਗ ਸਕਦਾ ਸੀ, ਇਸ ਗੱਲ ਦੀ ਜਾਣਕਾਰੀ ਭਗਵੰਤ ਮਾਨ ਉਸ ਦੇ ਸਿਪਾਹੀਆਂ ਨੂੰ ਵੀ ਬਾਖ਼ੂਬੀ ਸੀ। ਪਾਰਟੀ ਦੇ ਸੱਤ ਰਾਜ ਸਭਾ ਮੈਂਬਰਾਂ ਵੱਲੋਂ ਪਾਰਟੀ ਛੱਡਣ ਦੇ ਐਲਾਨ ਤੋਂ ਤੁਰੰਤ ਬਾਅਦ ਭਗਵੰਤ ਮਾਨ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਭਗਵੰਤ ਮਾਨ ਦੀ ਸਰੀਰਕ ਭਾਸ਼ਾ ਤੇ ਚਿਹਰੇ ਦੇ ਹਾਵ ਭਾਵ ਜੇਕਰ ਧਿਆਨ ਨਾਲ ਵੇਖੇ ਜਾਣ ਤਾਂ ਚੰਗਾ ਹੋਇਆ “ਮੇਰਾ ਚਰਖਾ ਟੁੱਟਾ, ਜ਼ਿੰਦ ਅਜਾਬੋਂ ਛੁੱਟੀ” ਵਾਲੀ ਗੱਲ ਪੂਰੀ ਤਰ੍ਹਾਂ ਸਪੱਸ਼ਟ ਹੁੰਦੀ ਹੈ।

Gee98 Ads

                     ‘ਆਪ’ ਛੱਡਣ ਵਾਲੇ ਸਾਰੇ ਰਾਜ ਸਭਾ ਮੈਂਬਰ ਆਪ ਦੀ ਕੌਮੀ ਹਾਈਕਮਾਂਡ ਦੇ ਚਹੇਤੇ ਅਤੇ ਪਸੰਦ ਸਨ ਜਦ ਕਿ ਭਗਵੰਤ ਮਾਨ ਨਿੱਜੀ ਤੌਰ ‘ਤੇ ਇਹਨਾਂ ਦੀ ਚੋਣ ਦੇ ਖ਼ਿਲਾਫ਼ ਸੀ ਪਰੰਤੂ ਮੁੱਖ ਮੰਤਰੀ ਦੀ ਕੁਰਸੀ ਨਾਲ ਚੁੰਬੜੇ ਰਹਿਣ ਦੀ ਲਾਲਸਾ ਨੇ ਭਗਵੰਤ ਮਾਨ ਦੀ ਜ਼ੁਬਾਨ ਬੰਦ ਰੱਖੀ। ਭਗਵੰਤ ਮਾਨ ਨੇ ਰਾਜ ਸਭਾ ਲਈ ਇੱਕੋ ਇੱਕ ਸ਼ਖਸੀਅਤ ਬਲਬੀਰ ਸਿੰਘ ਸੀਚੇਵਾਲ ਦੀ ਸਿਫਾਰਸ਼ ਅਤੇ ਚੋਣ ਕੀਤੀ ਸੀ ਅਤੇ ਮੌਜੂਦਾ ਘਟਨਾਕ੍ਰਮ ਦੌਰਾਨ ਸੀਚੇਵਾਲ ਦੇ ਸਟੈਂਡ ਨੇ ਭਗਵੰਤ ਮਾਨ ਦਾ ਪਾਰਟੀ ‘ਚ ਕੱਦ ਹੋਰ ਵੀ ਵੱਡਾ ਕਰ ਦਿੱਤਾ ਹੈ। ਜੇਕਰ ਧਿਆਨ ਨਾਲ ਵੇਖਿਆ ਜਾਵੇ ਤਾਂ ਪਾਰਟੀ ਛੱਡ ਕੇ ਗਏ ਰਾਜ ਸਭਾ ਮੈਂਬਰਾਂ ਦੇ ਪੁਤਲੇ ਫੂਕਣ ਅਤੇ ਉਹਨਾਂ ਦੇ ਘਰਾਂ ‘ਤੇ ‘ਗਦਾਰ’ ਸ਼ਬਦ ਲਿਖਣ ਦੇ ਘਟਨਾਕ੍ਰਮ ਪਿੱਛੇ ਭਗਵੰਤ ਮਾਨ ਦੇ ਭਮੱਕੜ ਹੀ ਜ਼ਿਆਦਾ ਗਿਣਤੀ ਵਿੱਚ ਸ਼ਾਮਿਲ ਹਨ। ਦਰਅਸਲ ਇਹ ਸਾਰਾ ਕੁਝ ਭਗਵੰਤ ਮਾਨ ਦੀ ਟੀਮ ਵੱਲੋਂ ਇਸ ਕਰਕੇ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਪਾਰਟੀ ਹਾਈਕਮਾਂਡ ਨੂੰ ਪਾਰਟੀ ਦੀ ਮੌਜੂਦਾ ਸਿਆਸੀ ਸਥਿਤੀ ਦੇ ਮੱਦੇਨਜ਼ਰ ਹੋਰ ਦਬਾਅ ਹੇਠ ਰੱਖਿਆ ਜਾਵੇ। ‌ ਬਹਰਰਾਲ ! ਆਮ ਆਦਮੀ ਪਾਰਟੀ ਦੀਆਂ ਇਹ “ਸੋਨੇ ਦੀਆਂ ਮੁਰਗੀਆਂ” ਭਾਵੇਂ ਭਾਜਪਾ ਲੁੱਟ ਕੇ ਲੈ ਗਈ ਪਰੰਤੂ ਦੂਜੇ ਪਾਸੇ ਭਗਵੰਤ ਮਾਨ ਦੀ ਟੀਮ ਨੂੰ “ਕਲਗੀਆਂ ਵਾਲੇ ਸੀਲ” ਮੁਰਗੇ ਦੀ ਮਿਲੇ ਹਨ ਜਿਹੜੇ 2027 ਦੀਆਂ ਚੋਣਾਂ ਲਈ ਭਗਵੰਤ ਮਾਨ ਦੀ ਮੁੱਖ ਮੰਤਰੀ ਦੇ ਕੁਰਸੀ ਦੇ ਆਲੇ ਦੁਆਲੇ ਘੇਰਾ ਬਣਾ ਕੇ ਰੱਖਣਗੇ ਅਤੇ ਮੁੱਖ ਮੰਤਰੀ ਦੀ ਕੁਰਸੀ ਵੱਲ ਟੇਢੀ ਅੱਖ ਕਰਨ ਵਾਲੇ ਆਗੂ ‘ਤੇ “ਚੂੰਝਾਂ ਅਤੇ ਤਾੜਾਂ” ਨਾਲ ਹਮਲਾ ਕਰਨਗੇ।

error: Content is protected !!