ਚੰਡੀਗੜ੍ਹ ,10 ਜੂਨ, Gee98 News service-
-ਪੰਜਾਬ ‘ਚ ਆਮ ਆਦਮੀ ਪਾਰਟੀ ਵੱਲੋਂ ਆਪਣੀ ਸਰਕਾਰ ਵੱਲੋਂ ਲਿਆਂਦੀ ਗਈ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਭਾਵੇਂ ਸੂਬੇ ਦੀਆਂ ਮਹਿਲਾਵਾਂ ਨੂੰ ਪ੍ਰਤੀ ਮਹੀਨਾ 1000-1000 ਰੁਪਏ ਅਜੇ ਤੱਕ ਨਹੀਂ ਦਿੱਤਾ ਗਿਆ ਪ੍ਰੰਤੂ ਦੂਜੇ ਪਾਸੇ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਅਗਲੀਆਂ ਵਿਧਾਨ ਸਭਾ ਚੋਣਾਂ ‘ਚ ਰਾਜ ਦੀਆਂ ਮਹਿਲਾਵਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਨ ਲਈ ਅਜਿਹੀ ਇੱਕ ਹੋਰ ਯੋਜਨਾ ਲਿਆਂਦੀ ਜਾ ਸਕਦੀ ਹੈ, ਜਿਸ ਤਹਿਤ ਭਾਜਪਾ ਸੂਬੇ ਦੀਆਂ ਮਹਿਲਾਵਾਂ ਨੂੰ ਆਮ ਆਦਮੀ ਪਾਰਟੀ ਦੀ 1000-1000 ਰੁਪਏ ਦੀ ਯੋਜਨਾ ਨਾਲੋਂ ਵੱਧ ਪੈਸੇ ਪ੍ਰਤੀ ਮਹੀਨਾ ਦੇਣ ਦਾ ਐਲਾਨ ਕਰ ਸਕਦੀ ਹੈ। ਸੂਤਰਾਂ ਅਨੁਸਾਰ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਜਿੱਥੇ ਦਲਿਤ ਵਰਗ ਦੇ ਵੋਟਰਾਂ ਨੂੰ ਫੋਕਸ ਕਰ ਰਹੀ ਹੈ ਉਥੇ ਭਾਜਪਾ ਵੱਲੋਂ ਮਹਿਲਾ ਵੋਟਰਾਂ ਨੂੰ ਵੀ ਫੋਕਸ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਪੰਜਾਬ ‘ਚ ਕੁੱਲ 2 ਕਰੋੜ ਤੋਂ ਜ਼ਿਆਦਾ ਵੋਟਰ ਹਨ ਜਿਨਾਂ ਵਿੱਚੋਂ ਇੱਕ ਕਰੋੜ ਤੋਂ ਵੱਧ ਮਹਿਲਾ ਵੋਟਰ ਹਨ। ਪੰਜਾਬ ਦੀਆਂ ਕਈ ਸੀਟਾਂ ‘ਤੇ ਜਿੱਤ ਹਾਰ ਦਾ ਫੈਸਲਾ ਵੀ ਮਹਿਲਾ ਵੋਟਰਾਂ ਦੇ ਰੁਝਾਨ ਦੇ ਅਨੁਸਾਰ ਹੀ ਹੁੰਦਾ ਹੈ। ਪੰਜਾਬ ‘ਚ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਮਹਿਲਾਵਾਂ ਨੂੰ ਇੱਕ-ਇੱਕ ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ ਪਰੰਤੂ ਆਪ ਸਰਕਾਰ ਅਜੇ ਤੱਕ ਆਪਣੀ ਇਹ ਗਰੰਟੀ ਪੂਰੀ ਨਹੀਂ ਕਰ ਸਕੀ।ਦੂਜੇ ਪਾਸੇ ਸੂਤਰਾਂ ਅਨੁਸਾਰ ਭਾਜਪਾ ਵੱਲੋਂ ਪੰਜਾਬ ਦੀਆਂ ਮਹਿਲਾ ਵੋਟਰਾਂ ਨੂੰ 2500 ਤੋਂ ਲੈ ਕੇ 3000 ਤੱਕ ਪ੍ਰਤੀ ਮਹੀਨਾ ਦੇਣ ਦੀ ਯੋਜਨਾ ਸਬੰਧੀ ਐਲਾਨ ਕੀਤਾ ਜਾ ਸਕਦਾ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਪਹਿਲਾਂ ਹੀ ਅਜਿਹਾ ਸੰਕੇਤ ਦੇ ਚੁੱਕੇ ਹਨ।
ਕੇਵਲ ਸਿੰਘ ਢਿੱਲੋਂ ਆਪਣੇ ਭਾਸ਼ਣ ਦੌਰਾਨ ਇਹ ਜ਼ਿਕਰ ਅਕਸਰ ਕਰਦੇ ਹਨ ਕਿ ਭਾਜਪਾ ਸਰਕਾਰ ਹਰਿਆਣਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਦਿੱਲੀ, ਉੜੀਸਾ ਅਤੇ ਪੱਛਮੀ ਬੰਗਾਲ ਵਰਗੇ ਰਾਜਾਂ ‘ਚ ਉੱਥੋਂ ਦੀਆਂ ਮਹਿਲਾਵਾਂ ਨੂੰ ‘ਡਾਇਰੈਕਟ ਕੈਸ਼” ਯੋਜਨਾ ਤਹਿਤ ਲਾਭ ਦੇ ਰਹੀ ਹੈ। ਕੇਵਲ ਸਿੰਘ ਢਿੱਲੋਂ ਤੋਂ ਇਲਾਵਾ ਵੀ ਭਾਜਪਾ ਦੇ ਸੀਨੀਅਰ ਆਗੂ ਸੂਬੇ ‘ਚ ਅਕਸਰ ਅਜਿਹਾ ਜ਼ਿਕਰ ਕਰਦੇ ਹਨ ਜਿਸ ਤੋਂ ਬਾਅਦ ਮੰਨਿਆ ਜਾ ਸਕਦਾ ਹੈ ਕਿ ਭਾਜਪਾ ਪੰਜਾਬ ਦੇ ਵਿੱਚ ਵੀ ਸੂਬੇ ਦੀਆਂ ਮਹਿਲਾਵਾਂ ਨੂੰ ਪ੍ਰਤੀ ਮਹੀਨਾ ਉਹਨਾਂ ਦੇ ਖਾਤਿਆਂ ਵਿੱਚ ਡਾਇਰੈਕਟ ਕੈਸ਼ ਯੋਜਨਾ ਸਬੰਧੀ ਐਲਾਨ ਕਰ ਸਕਦੀ ਹੈ, ਜਿਸ ਤਹਿਤ ਭਾਜਪਾ ਆਮ ਆਦਮੀ ਪਾਰਟੀ ਵੱਲੋਂ ਐਲਾਨ ਕੀਤੀ ਰਕਮ ਤੋਂ ਦੁੱਗਣੀ ਰਕਮ ਦਾ ਵਾਅਦਾ ਸੂਬੇ ਦੇ ਮਹਿਲਾ ਵੋਟਰਾਂ ਨਾਲ ਕਰ ਸਕਦੀ ਹੈ। ਇਥੇ ਇਹ ਵੀ ਦੱਸ ਦਈਏ ਕਿ ਭਾਜਪਾ ਸਰਕਾਰਾਂ ਵੱਲੋਂ ਮੱਧ ਪ੍ਰਦੇਸ਼ ਵਿੱਚ, ਮਹਾਰਾਸ਼ਟਰ, ਛਤੀਸ਼ਗੜ੍ਹ, ਓਡੀਸ਼ਾ, ਪੱਛਮੀ ਬੰਗਾਲ, ਹਰਿਆਣਾ, ਅਸਾਮ ਵਿਚ ਪਹਿਲਾਂ ਹੀ ਅਜਿਹੀਆਂ ਯੋਜਨਾਵਾਂ ਤਹਿਤ ਉਥੋਂ ਦੀਆਂ ਮਹਿਲਾਵਾਂ ਨੂੰ ਪ੍ਰਤੀ ਮਹੀਨਾ ਵਿੱਤੀ ਲਾਭ ਦਿੱਤਾ ਜਾ ਰਿਹਾ ਹੈ। ਦੂਜੇ ਪਾਸੇ ਝਾਰਖੰਡ ਵਿੱਚ “ਝਾਰਖੰਡ ਮੁਕਤੀ ਮੋਰਚਾ” ਦੀ ਸਰਕਾਰ ਵੱਲੋਂ ਪਹਿਲਾਂ ਔਰਤਾਂ ਨੂੰ 1000 ਪ੍ਰਤੀ ਮਹੀਨਾ ਦਿੱਤਾ ਜਾ ਰਿਹਾ ਸੀ ਪਰੰਤੂ ਚੋਣਾਂ ਤੋਂ ਪਹਿਲਾਂ ਮੋਰਚਾ ਦੀ ਗਠਬੰਧਨ ਸਰਕਾਰ ਨੇ ਇਹ ਰਾਸ਼ੀ ਵਧਾ ਕੇ 2500 ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਜਿਸ ਤੋਂ ਬਾਅਦ ਗਠਬੰਧਨ ਦੀ ਸਰਕਾਰ ਨੇ ਝਾਰਖੰਡ ਵਿੱਚ ਇਤਿਹਾਸਿਕ ਜਿੱਤ ਦਰਜ ਕੀਤੀ। ਹਿਮਾਚਲ ਪ੍ਰਦੇਸ਼ ਵਿੱਚ ਵੀ ਕਾਂਗਰਸ ਨੇ ਸੂਬੇ ਦੀਆਂ ਮਹਿਲਾਵਾਂ ਨੂੰ 1500 ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਅਤੇ ਇਹ ਐਲਾਨ ਹਿਮਾਚਲ ਵਿੱਚ ਕਾਂਗਰਸ ਲਈ ਕਾਫੀ ਫਾਇਦੇਮੰਦ ਰਿਹਾ ਜਿਸ ਤੋਂ ਬਾਅਦ ਹਿਮਾਚਲ ‘ਚ ਕਾਂਗਰਸ ਸੱਤਾ ‘ਤੇ ਕਬਜ਼ਾ ਕਰਨ ਵਿੱਚ ਕਾਮਯਾਬ ਰਹੀ। ਹੁਣ ਵੇਖਣਾ ਹੋਵੇਗਾ ਕਿ ਭਾਜਪਾ ਪੰਜਾਬ ਚੋਣਾਂ ਦੇ ਮੱਦੇਨਜ਼ਰ ਸੂਬੇ ਦੀਆਂ ਮਹਿਲਾਵਾਂ ਨੂੰ ਪ੍ਰਤੀ ਮਹੀਨਾ ਆਮ ਆਦਮੀ ਪਾਰਟੀ ਨਾਲੋਂ ਵੱਧ ਪੈਸੇ ਦੇਣ ਵਰਗੀ ਕੋਈ ਯੋਜਨਾ ਦਾ ਐਲਾਨ ਕਰਦੀ ਹੈ ਅਤੇ ਕੀ ਅਜਿਹੀ ਯੋਜਨਾ ਭਾਜਪਾ ਲਈ ਸੂਬੇ ‘ਚ ‘ਗੇਮ ਚੇਂਜਰ’ ਸਾਬਤ ਹੋ ਸਕਦੀ ਹੈ ?









