Skip to main content

Gee 98News

ਵੋਟਰ ਸੂਚੀਆਂ ਦੀ SIR ਹਲਕਾ ਭਦੌੜ ਦਾ BLO ਅੰਕੁਰ ਕੁਮਾਰ ਸੂਬੇ ਭਰ ‘ਚੋਂ ਮੋਹਰੀ

-ਗਣਨਾ ਫਾਰਮਾਂ ਦੀ ਡਿਜੀਟਾਈਜੇਸ਼ਨ ਦਾ ਕੰਮ 100 ਫੀਸਦੀ ਕੀਤਾ ਮੁਕੰਮਲ

ਬਰਨਾਲਾ, 3 ਜੁਲਾਈ ( ਨਿਰਮਲ ਸਿੰਘ ਪੰਡੋਰੀ )-

– ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਦੀ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ.) ਤਹਿਤ ਗਣਨਾ ਫਾਰਮ ਭਰਵਾਉਣ ਅਤੇ ਡਿਜੀਟਾਈਜੇਸ਼ਨ ਦਾ ਕੰਮ 100 ਫੀਸਦੀ ਮੁਕੰਮਲ ਕਰਨ ਵਿਚ ਜ਼ਿਲ੍ਹਾ ਬਰਨਾਲਾ ਦੇ ਹਲਕਾ 102 ਭਦੌੜ ਦੇ BLO ਅੰਕੁਰ ਕੁਮਾਰ ਨੇ ਸੂਬੇ ਭਰ ਵਿਚੋਂ ਮੋਹਰੀ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਹਰਪ੍ਰੀਤ ਸਿੰਘ ਆਈ.ਏ.ਐੱਸ ਨੇ ਮੁੱਖ ਚੋਣ ਅਫਸਰ ਪੰਜਾਬ ਵਲੋਂ ਜਾਰੀ ਪ੍ਰਸ਼ੰਸਾ ਪੱਤਰ ਨਾਲ ਅੰਕੁਰ ਕੁਮਾਰ ਦਾ ਸਨਮਾਨ ਕੀਤਾ ਅਤੇ ਉਸਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਬੀ.ਐਲ.ਓ ਅੰਕੁਰ ਕੁਮਾਰ ਬਾਕੀਆਂ ਲਈ ਵੀ ਮਿਸਾਲ ਹੈ ਜਿਸ ਨੇ ਬਹੁਤ ਮਿਹਨਤ ਅਤੇ ਸ਼ਿੱਦਤ ਨਾਲ ਇਹ ਕੰਮ ਨੇਪਰੇ ਚਾੜ੍ਹਿਆ ਹੈ। ਉਹਨਾਂ ਦੱਸਿਆ ਕਿ ਵਿਧਾਨ ਸਭਾ ਹਲਕਾ 102 ਭਦੌੜ ਦੇ ਸ਼ਹਿਰ ਤਪਾ ਦੇ ਬੂਥ ਨੰਬਰ 94 ਦੇ ਬੀ.ਐਲ.ਓ ਅੰਕੁਰ ਕੁਮਾਰ ਨੇ ਪੰਜਾਬ ਭਰ ‘ਚੋਂ ਮੋਹਰੀ ਰਹਿੰਦਿਆਂ 100 ਫੀਸਦੀ ਗਣਨਾ ਫਾਰਮ ਭਰਵਾ ਕੇ ਡਿਜੀਟਾਈਜ਼ਡ ਕਰ ਦਿੱਤੇ ਹਨ। ਅੰਕੁਰ ਕੁਮਾਰ, ਜੋ ਕਿ ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਤਪਾ (ਲੜਕੇ) ਵਿਖੇ ਕੰਪਿਊਟਰ ਅਧਿਆਪਕ ਹਨ ਅਤੇ ਪਿਛਲੇ 7-8 ਸਾਲਾਂ ਤੋਂ ਬੂਥ ਲੈਵਲ ਅਫ਼ਸਰ (BLO) ਵਜੋਂ ਸੇਵਾ ਨਿਭਾ ਰਹੇ ਹਨ। ਬੂਥ ਨੰਬਰ 94, ਤਪਾ, ਵਿਧਾਨ ਸਭਾ ਚੋਣ ਹਲਕਾ 102 ਭਦੌੜ ਵਿਖੇ 731 ਵੋਟਰਾਂ ਦੀ ਜ਼ਿੰਮੇਵਾਰੀ ਸੰਭਾਲਦਿਆਂ, ਉਨ੍ਹਾਂ ਨੇ ਇੱਕ ਅਜਿਹਾ ਤਰੀਕਾ ਅਪਣਾਇਆ ਹੈ ਜੋ ਉਨ੍ਹਾਂ ਨੂੰ ਮੋਹਰੀ ਰਹਿਣ ਦੇ ਯੋਗ ਬਣਾਉਂਦਾ ਹੈ। ਉਨ੍ਹਾਂ ਦੀ ਤਿਆਰੀ ਵਿਸ਼ੇਸ਼ ਗਹਿਰੀ ਸੁਧਾਈ (SIR) ਤੋਂ ਕਾਫੀ ਪਹਿਲਾਂ ਹੀ ਸ਼ੁਰੂ ਹੋ ਗਈ ਸੀ। ਭਾਰਤੀ ਚੋਣ ਕਮਿਸ਼ਨ ਦੀ ਆਧਾਰ ਸੀਡਿੰਗ ਪ੍ਰਕਿਰਿਆ ਦੌਰਾਨ, ਉਨ੍ਹਾਂ ਨੇ ਬੜੀ ਬਾਰੀਕੀ ਨਾਲ ਇੱਕ ਅਜਿਹਾ ਡਾਟਾਬੇਸ ਤਿਆਰ ਕੀਤਾ ਜਿਸ ਵਿੱਚ ਹਰੇਕ ਵੋਟਰ ਦਾ ਨਾਮ, ਰਿਸ਼ਤੇਦਾਰ ਦਾ ਨਾਮ, ਮਕਾਨ ਨੰਬਰ, ਆਧਾਰ ਨੰਬਰ ਅਤੇ ਮੋਬਾਈਲ ਨੰਬਰ ਸ਼ਾਮਲ ਸੀ। ਜਦੋਂ ਪ੍ਰੀ-ਐਸ.ਆਈ.ਆਰ. ਮੈਪਿੰਗ ਦੀ ਪ੍ਰਕਿਰਿਆ ਸ਼ੁਰੂ ਹੋਈ, ਤਾਂ ਬੂਥ ਨੰਬਰ 94 ਨੇ 100% ਮੈਪਿੰਗ ਕੀਤੀ। ਅੰਕੁਰ ਨੇ pre-sir ਮੈਪਿੰਗ ਡਾਟਾ ਡਾਊਨਲੋਡ ਕੀਤਾ ਅਤੇ ਇੱਕ ਰਜਿਸਟਰ ਤਿਆਰ ਕੀਤਾ, ਜਿਸ ਵਿੱਚ ਹਰੇਕ ਵੋਟਰ ਦਾ ਐਪਿਕ (EPIC) ਨੰਬਰ, ਨਾਮ, ਰਿਸ਼ਤੇਦਾਰ ਦਾ ਨਾਮ, ਰਾਜ, ਵਿਧਾਨ ਸਭਾ ਚੋਣ ਹਲਕਾ, ਪਾਰਟ ਨੰਬਰ, ਸੀਰੀਅਲ ਨੰਬਰ ਅਤੇ ਹੋਰ ਲੋੜੀਂਦੇ ਵੇਰਵੇ ਸ਼ਾਮਲ ਸਨ, ਕਿਉਂਕਿ ਉਨ੍ਹਾਂ ਕੋਲ ਪਹਿਲਾਂ ਹੀ ਲੱਗਭੱਗ ਹਰ ਘਰ ਦੇ ਮੋਬਾਈਲ ਨੰਬਰ ਮੌਜੂਦ ਸਨ, ਇਸ ਲਈ ਉਨ੍ਹਾਂ ਬੂਥ ਨੰਬਰ 94 ਦੇ ਵੋਟਰਾਂ ਲਈ ਇੱਕ ਵਿਸ਼ੇਸ਼ ਵਟਸਐਪ ਗਰੁੱਪ ਬਣਾਇਆ। ਇਸ ਗਰੁੱਪ ਰਾਹੀਂ, ਉਹ ਵੋਟਰਾਂ ਨੂੰ ਐਸ.ਆਈ.ਆਰ. ਲਈ ਲੋੜੀਂਦੇ ਦਸਤਾਵੇਜ਼ਾਂ ਬਾਰੇ ਲਗਾਤਾਰ ਸੂਚਿਤ ਕਰਦੇ ਰਹੇ ਅਤੇ ਗਣਨਾ ਫਾਰਮ ਵੰਡਣ ਅਤੇ ਭਰਵਾਉਣ ਦਾ ਕੰਮ ਮੋਹਰੀ ਰਹਿੰਦਿਆਂ ਮੁਕੰਮਲ ਕਰ ਲਿਆ। ਅੰਕੁਰ ਦਾ ਕਹਿਣਾ ਹੈ ਕਿ ਜੇਕਰ ਮਿਹਨਤ, ਲਗਨ ਤੇ ਯੋਜਨਾਬੰਦੀ ਨਾਲ ਕੰਮ ਕੀਤਾ ਜਾਵੇ ਤਾਂ ਕੰਮ ਬੋਝ ਵੀ ਨਹੀਂ ਲਗਦਾ ਅਤੇ ਸਮਾਂਬੱਧ ਤਰੀਕੇ ਨਾਲ ਨੇਪਰੇ ਵੀ ਚੜ੍ਹਦਾ ਹੈ। ਇਸ ਮੌਕੇ ਐੱਸ.ਡੀ.ਐਮ ਤਪਾ ਕਮ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਭਦੌੜ ਆਯੂਸ਼ ਗੋਇਲ IAS ਨੇ ਵੀ ਅੰਕੁਰ ਦੀ ਸ਼ਲਾਘਾ ਕੀਤੀ। ਓਹਨਾਂ ਕਿਹਾ ਕਿ ਸਾਰੇ ਬੀ.ਐਲ.ਓ ਪੂਰੀ ਮਿਹਨਤ ਨਾਲ ਇਸ ਕਾਰਜ ਵਿੱਚ ਜੁਟੇ ਹੋਏ ਹਨ।

Gee98 Ads
error: Content is protected !!