ਚੰਡੀਗੜ੍ਹ, 20 ਅਗਸਤ, Gee98 News service-
-ਕਈ ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ, ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਦੇਣ ਅਤੇ 15 ਅਗਸਤ ਨੂੰ ਮੋਹਾਲੀ ਚੰਡੀਗੜ੍ਹ ਵਿਖੇ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਦੇ ਖ਼ਿਲਾਫ਼ ਪੁਲਿਸ ਕਾਰਵਾਈ ਦੇ ਵਿਰੋਧ ਵਿੱਚ ਕੌਮੀ ਇਨਸਾਫ਼ ਮੋਰਚਾ ਨੇ 21 ਅਗਸਤ ਸ਼ੁੱਕਰਵਾਰ ਨੂੰ ਮੁਕੰਮਲ ਪੰਜਾਬ ਬੰਦ ਦਾ ਐਲਾਨ ਕੀਤਾ ਹੈ। ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਸਾਰੇ ਸ਼ਹਿਰਾਂ ਦੇ ਬਜ਼ਾਰ, ਕਾਰੋਬਾਰੀ ਸਥਾਨ, ਸਕੂਲ ਕਾਲਜ, ਸੜਕ ਤੇ ਰੇਲ ਆਵਾਜਾਈ ਪੂਰੀ ਤਰ੍ਹਾਂ ਬੰਦ ਰੱਖੀ ਜਾਵੇਗੀ। ਮੋਰਚੇ ਦੇ ਆਗੂਆਂ ਨੇ ਸਪੱਸ਼ਟ ਕੀਤਾ ਕਿ ਪੰਜਾਬ ਦੀਆਂ ਸਾਰੀਆਂ ਮੁੱਖ ਅਤੇ ਜ਼ਿਲ੍ਹਾ ਸੜਕਾਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਜਾਣਗੀਆਂ। ਦੂਜੇ ਪਾਸੇ ਕੌਮੀ ਇਨਸਾਫ ਮੋਰਚਾ ਦੇ ਇਸ ਬੰਦ ਸੱਦੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ ਵਾਰਿਸ ਪੰਜਾਬ ਦੇ, ਦਲ ਖਾਲਸਾ, ਹਵਾਰਾ ਕਮੇਟੀ ਸਮੇਤ ਕੁਝ ਹੋਰ ਪੰਥਕ ਜਥੇਬੰਦੀਆਂ, ਕਿਸਾਨ ਮਜ਼ਦੂਰ ਅਤੇ ਸਮਾਜਿਕ ਸੰਸਥਾਵਾਂ ਨੇ ਵੀ ਹਮਾਇਤ ਦਿੱਤੀ ਹੈ। ਸ਼੍ਰੋਮਣੀ ਕਮੇਟੀ ਨੇ 21 ਅਗਸਤ ਨੂੰ ਬੰਦ ਦੇ ਮੱਦੇਨਜ਼ਰ ਆਪਣੇ ਸਾਰੇ ਸਿੱਖਿਆ ਅਦਾਰੇ ਅਤੇ ਦਫ਼ਤਰ ਬੰਦ ਰੱਖਣ ਦਾ ਐਲਾਨ ਕੀਤਾ ਹੈ। ਕੌਮੀ ਇਨਸਾਫ਼ ਮੋਰਚੇ ਦੇ ਆਗੂਆਂ ਨੇ ਆਮ ਲੋਕਾਂ ਨੂੰ ਵੀ ਸ਼ਾਂਤੀਪੂਰਨ ਤਰੀਕੇ ਨਾਲ ਬੰਦ ਨੂੰ ਸਫ਼ਲ ਬਣਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਲੋਕ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਮੰਗਾਂ ਦੀ ਪੂਰਤੀ ਲਈ ਬੰਦ ਨੂੰ ਸਹਿਯੋਗ ਦੇਣ ਤਾਂ ਜੋ ਕਿਸੇ ਨੂੰ ਵੀ ਜ਼ਬਰਦਸਤੀ ਬੰਦ ਨਾ ਕਰਵਾਉਣਾ ਪਵੇ ਪ੍ਰਾਪਤ ਜਾਣਕਾਰੀ ਅਨੁਸਾਰ ਮੋਹਾਲੀ ਜ਼ਿਲ੍ਹੇ ‘ਚ ਕਈ ਪ੍ਰਾਈਵੇਟ ਸਕੂਲਾਂ ਨੇ ਬੰਦ ਦੇ ਮੱਦੇਨਜ਼ਰ 21 ਅਗਸਤ ਨੂੰ ਛੁੱਟੀ ਐਲਾਨ ਕਰ ਦਿੱਤਾ ਹੈ। ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦ ਦੇ ਸ਼ਡਿਊਲ ਮੁਤਾਬਕ 21 ਅਗਸਤ ਨੂੰ ਸਵੇਰੇ 7 ਵਜੇ ਤੋਂ 2 ਵਜੇ ਤੱਕ ਮੁਕੰਮਲ ਪੰਜਾਬ ਬੰਦ ਕੀਤਾ ਜਾਵੇਗਾ ਜਦਕਿ ਦੋ ਵਜੇ ਤੋਂ ਬਾਅਦ ਬਾਜ਼ਾਰ ਅਤੇ ਆਵਾਜਾਈ ਖੁੱਲ੍ਹ ਜਾਵੇਗੀ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਬੰਦ ਦੌਰਾਨ ਐਮਰਜੈਂਸੀ ਸੇਵਾਵਾਂ ਜਿਨਾਂ ਵਿੱਚ ਸਿਹਤ ਸੇਵਾਵਾਂ, ਮੈਡੀਕਲ ਸਟੋਰ ਖੁੱਲ੍ਹੇ ਰਹਿਣਗੇ, ਇਸ ਤੋਂ ਇਲਾਵਾ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਪਹਿਚਾਣ ਪੱਤਰ ਦਿਖਾ ਕੇ ਜਾਣ ਦੀ ਆਗਿਆ ਹੋਵੇਗੀ। ਦੂਜੇ ਪਾਸੇ ਵਿਆਹ ਅਤੇ ਸਮਾਜਿਕ ਸਮਾਗਮ (ਜਿਨਾਂ ਦੀ ਤਰੀਕ ਬੰਦ ਦੇ ਐਲਾਨ ਤੋਂ ਪਹਿਲਾਂ ਤੈਅ ਕੀਤੀ ਹੋਵੇਗੀ) ਉਹਨਾਂ ਦੇ ਵਹੀਕਲਾਂ ਨੂੰ ਵੀ ਨਹੀਂ ਰੋਕਿਆ ਜਾਵੇਗਾ। ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਜਿਨਾਂ ਯਾਤਰੀਆਂ ਕੋਲ ਫਲਾਈਟ ਜਾਂ ਟ੍ਰੇਨ ਦਾ ਟਿਕਟ ਹੋਵੇਗਾ ਉਹਨਾਂ ਨੂੰ ਸਟੇਸ਼ਨ ਤੱਕ ਜਾ ਏਅਰਪੋਰਟ ਤੱਕ ਜਾਣ ਦਿੱਤਾ ਜਾਵੇਗਾ।