ਚੰਡੀਗੜ੍ਹ ,20 ਸਤੰਬਰ, Gee98 news service-
-ਬਹਿਰੀਨ ਤੋਂ ਆਈ ਇੱਕ ਔਰਤ ਨਾਲ ਬਲਾਤਕਾਰ ਦੇ ਮਾਮਲੇ ‘ਚ ਉਲਝੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਚਾਵਲਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਵਿੱਚੋਂ ਛੇਕਣ ਦਾ ਹੁਕਮਨਾਮਾ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਬਤੌਰ ਡਰਾਈਵਰ ਡਿਊਟੀ ਨਿਭਾ ਰਹੇ ਮਲਕੀਤ ਸਿੰਘ ਨੂੰ ਵੀ ਪੰਥ ਵਿੱਚੋਂ ਛੇਕ ਦਿੱਤਾ ਗਿਆ। ਇਹ ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਤੋਂ ਬਾਅਦ ਜਾਰੀ ਕੀਤਾ ਗਿਆ। ਡਰਾਈਵਰ ਮਲਕੀਤ ਸਿੰਘ ਨੂੰ ਅਸ਼ਲੀਲ ਚੈਟ ਕਰਨ ਦੇ ਦੋਸਾਂ ਹੇਠ ਛੇਕਿਆ ਗਿਆ ਹੈ। ਅਮਰਜੀਤ ਸਿੰਘ ਚਾਵਲਾ ਤੇ ਮਲਕੀਤ ਸਿੰਘ ਦੋਵੇਂ ਜਣੇ ਹੁਣ ਕਿਸੇ ਧਾਰਮਿਕ ਸੰਸਥਾ ਵਿੱਚ ਸ਼ਾਮਿਲ ਨਹੀਂ ਹੋ ਸਕਣਗੇ ਤੇ ਨਾ ਹੀ ਕੋਈ ਧਾਰਮਿਕ ਸੇਵਾ ਕਰ ਸਕਣਗੇ। ਦੂਜੇ ਪਾਸੇ ਇਸ ਮਾਮਲੇ ‘ਚ ਪੁਲਿਸ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਉੱਠ ਰਹੇ ਹਨ ਕਿ ਉਸਨੇ FIR ਨੂੰ ਲੰਬੇ ਸਮੇਂ ਤੱਕ ਜ਼ਾਹਿਰ ਕਿਉਂ ਨਹੀਂ ਕੀਤਾ। ਅਮਰਜੀਤ ਸਿੰਘ ਚਾਵਲਾ ਇੱਕ ਮਹੀਨੇ ਤੋਂ ਫਰਾਰ ਹੈ। ਦੋ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਪਾ ਕੇ ਉਸਨੇ ਆਪਣੇ ਆਪ ਨੂੰ ਬੇਕਸੂਰ ਦੱਸਦੇ ਹੋਏ ਕਿਹਾ ਕਿ ਉਹ ਅਦਾਲਤ ਵਿੱਚ ਆਪਣੀ ਬੇਕਸੂਰੀ ਸਿੱਧ ਕਰਨਗੇ।