Skip to main content

Gee 98News

ਚੋਣਾਂ ’ਚ ਗੱਠਜੋੜ ਸੰਬੰਧੀ ‘ਗੱਡੇ ਨਾਲ ਕੱਟਾ’ ਬੰਨ ਰਹੇ ਹਨ ਸੰਯੁਕਤ ਸਮਾਜ ਮੋਰਚੇ ਦੇ ਆਗੂ

ਚੰਡੀਗੜ, 04 ਜਨਵਰੀ (ਜੀ98 ਨਿਊਜ਼) : ਸੰਯੁਕਤ ਸਮਾਜ ਮੋਰਚਾ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਬਲਵੀਰ ਸਿੰਘ ਰਾਜੇਵਾਲ ਵੱਲੋਂ ਆਮ ਆਦਮੀ ਪਾਰਟੀ ਨਾਲ ਗੱਠਜੋੜ ਸੰਬੰਧੀ ਗੱਲ ਚੱਲਦੀ ਹੋਣ ਦੇ ਬਿਆਨ ਨੇ ਚਰਚਾ ਛੇੜ ਦਿੱਤੀ ਹੈ ਕਿ ਸੰਯੁਕਤ ਸਮਾਜ ਮੋਰਚੇ ਦਾ ਗਠਨ ਅਚਨਚੇਤੀ ਕਾਰਵਾਈ ਨਹੀਂ ਹੈ, ਸਗੋਂ ਇਹ ਵਰਤਾਰਾ ਲੰਮੀ ਸਿਆਸੀ ਕਸਰਤ ਤੋਂ ਬਾਅਦ ਵਾਪਰਿਆ ਹੈ। ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਜਿਨਾਂ ਦਿਨਾਂ ਵਿੱਚ ਖ਼ੁਦ ਰਾਜੇਵਾਲ ਚੋਣ ਨਾ ਲੜਣ ਸੰਬੰਧੀ ਠੋਕ ਵਜਾ ਕੇ ਕਹਿੰਦੇ ਸਨ ਕਿ ਉਨਾਂ ਦਿਨਾਂ ਵਿੱਚ ਹੀ ਕਿਸਾਨ ਜਥੇਬੰਦੀਆਂ ਦੇ ਸਿਆਸਤ ਵਿੱਚ ਕੁੱਦਣ ਦੀ ਖਿਚੜੀ ਪੱਕ ਰਹੀ ਸੀ। ਰਾਜੇਵਾਲ ਦਾ ਬਿਆਨ ਇਸ ਕਰਕੇ ਵੀ ਹੈਰਾਨੀਜਨਕ ਹੈ ਕਿਉਂਕਿ ਬੀਤੇ ਕੱਲ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਸੇ ਪਾਰਟੀ ਨਾਲ ਗੱਠਜੋੜ ਤੋਂ ਨਾਂਹ ਕਰ ਦਿੱਤੀ ਸੀ ਅਤੇ ਕਿਸਾਨ ਆਗੂ ਕੁਲਵੰਤ ਸਿੰਘ ਸੰਧੂ ਨੇ 117 ਵਿੱਚੋਂ 60 ਫ਼ੀਸਦੀ ਸੀਟਾਂ ਕਿਸਾਨਾਂ ਲਈ ਛੱਡਣ ਵਾਲੀ ਪਾਰਟੀ ਨਾਲ ਗੱਠਜੋੜ ਦੀ ਸ਼ਰਤ ਰੱਖੀ ਹੈ ਜਿਸ ਨੂੰ ‘ਗੱਡੇ ਨਾਲ ਕੱਟਾ ਬੰਨਣ’ ਵਾਲੀ ਗੱਲ ਕਿਹਾ ਜਾ ਸਕਦਾ ਹੈ ਕਿਉਂਕਿ ਕੋਈ ਪਾਰਟੀ ਐਨੀਆ ਸੀਟਾਂ ਕਿਸੇ ਵੀ ਹਾਲਤ ਵਿੱਚ ਸੰਯੁਕਤ ਸਮਾਜ ਮੋਰਚੇ ਲਈ ਨਹੀਂ ਛੱਡੇਗੀ। ਅਜਿਹੇ ਹਾਲਾਤਾਂ ਵਿੱਚ ਇਹ ਸਮਝ ਤੋਂ ਪਰੇ ਹੈ ਕਿ ਬਲਵੀਰ ਸਿੰਘ ਰਾਜੇਵਾਲ ਨੇ ‘ਆਪ’ ਨਾਲ ਗੱਠਜੋੜ ਸੰਬੰਧੀ ਗੱਲ ਚੱਲਦੀ ਹੋਣ ਦਾ ਬਿਆਨ ਕਿਸ ਸੰਦਰਭ ਵਿੱਚ ਦਿੱਤਾ ਹੈ, ਉਹ ਵੀ ਉਦੋਂ ਜਦੋਂ ਕਿ ‘ਆਪ’ ਨੇ 100 ਤੋਂ ਵੱਧ ਉਮੀਦਵਾਰ ਐਲਾਨ ਦਿੱਤੇ ਹਨ। ਦੂਜੇ ਪਾਸੇ ਕਿਸਾਨ ਅੰਦੋਲਨ ਦੌਰਾਨ ਚਰਚਿਤ ਚਿਹਰੇ ਦੀਪ ਸਿੱਧੂ ਨੇ ਬਲਵੀਰ ਸਿੰਘ ਰਾਜੇਵਾਲ ਸਮੇਤ ਚੋਣਾਂ ਲੜਣ ਦੇ ਚਾਹਵਾਨ ਕੁਝ ਕਿਸਾਨ ਆਗੂਆਂ ਨੂੰ ਨਿਸ਼ਾਨੇ ’ਤੇ ਲੈਦੇ ਹੋਏ ਕਿਹਾ ਕਿ ਕੁਝ ਕਿਸਾਨ ਵਿਧਾਇਕ ਬਣਨ ਦਾ ਸੁਪਨਾ ਪਾਲ ਰਹੇ ਹਨ ਅਤੇ ਇਸ ਸੁਪਨੇ ਦੀਆਂ ਕਰੁੂੰਬਲਾਂ ਕਿਸਾਨ ਅੰਦੋਲਨ ਦੌਰਾਨ ਹੀ ਫੁੱਟ ਪਈਆਂ ਸਨ।

error: Content is protected !!