Gee 98News

‘ਬਸੰਤੀ ਤੇ ਖ਼ਾਕੀ’ ਰੰਗ ’ਚ ਤਾਲਮੇਲ ਦੀ ਘਾਟ ਦਾ ਵੱਡਾ ਸਬੂਤ ਨੇ ਜਗਾੜੂ ਰੇਹੜੀਆਂ ਸੰਬੰਧੀ ਹੁਕਮ

ਇਹ ਹੁਕਮ ਹਨ ਖ਼ਾਸ, ਕਿਉਂਕਿ ਅਫ਼ਸਰਸਾਹੀ ਆਪਣੀ ਹੋਂਦ ਦਾ ਕਰਵਾ ਰਹੀ ਹੈ ਅਹਿਸਾਸ

-ਜਗਾੜੂ ਰੇਹੜੀਆਂ ਹੁਕਮਾਂ ਦੇ ਮਾਮਲੇ ’ਚ ਮੁੱਖ ਮੰਤਰੀ ਦੀ ਨਰਾਜ਼ਗੀ ਨੇ ਦਿੱਤਾ ਵੱਡਾ ਸੰਕੇਤ

ਬਰਨਾਲਾ, 24 ਅਪ੍ਰੈਲ (ਨਿਰਮਲ ਸਿੰਘ ਪੰਡੋਰੀ) :

Gee98 Ads

ਪੰਜਾਬ ਸਰਕਾਰ ਨੇ ਜਗਾੜੂ ਮੋਟਰਸਾਈਕਲ ਰੇਹੜੀਆਂ ਬੰਦ ਕਰਨ ਸੰਬੰਧੀ ਪਹਿਲਾਂ ਜਾਰੀ ਕੀਤੇ ਹੁਕਮਾਂ ’ਤੇ ਫਿਲਹਾਲ ਰੋਕ ਲਗਾ ਦਿੱਤੀ ਹੈ। ਸੂਬੇ ਭਰ ’ਚ ਇਨਾਂ ਹੁਕਮਾਂ ਖ਼ਿਲਾਫ਼ ਜਗਾੜੂ ਰੇਹੜੀਆ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਵਾਲੇ ਮਜ਼ਦੂਰਾਂ ਵਿੱਚ ਆਮ ਆਦਮੀ ਪਾਰਟੀ ਖ਼ਿਲਾਫ਼ ਤਕੜਾ ਗੁੱਸਾ ਛਲਕਿਆ, ਜਿਸ ਤੋਂ ਬਾਅਦ ਰੇਹੜੀ ਵਾਲਿਆਂ ਨੇ ‘ਆਪ’ ਸਰਕਾਰ ਦੇ ਮੰਤਰੀਆਂ/ਵਿਧਾਇਕਾਂ ਖ਼ਿਲਾਫ਼ ਧਰਨੇ ਲਾ ਕੇ ਮੁਰਦਾਬਾਦ ਵੀ ਕੀਤੀ। ਸੂਬੇ ’ਚ ਕੁਝ ਕੁ ਥਾਵਾਂ ’ਤੇ ਰੇਹੜੀ ਵਾਲਿਆਂ ਨੇ ਰੇਹੜੀਆਂ ਇਕੱਠੀਆਂ ਕਰਕੇ ‘ਆਪ’ ਵਿਧਾਇਕਾਂ ਦੇ ਘਰਾਂ ਅੱਗੇ ਖੜੀਆਂ ਕਰ ਦਿੱਤੀਆਂ ਅਤੇ ਚਾਬੀਆਂ ਵਿਧਾਇਕਾਂ ਦੇ ਦਰਵਾਜੇ ’ਤੇ ਸੁੱਟ ਕੇ ਕਿਹਾ ਕਿ ‘‘ਆਹ ਚੁੱਕੋ ਜਗਾੜੂ ਰੇਹੜੀਆਂ ਦੀਆਂ ਚਾਬੀਆਂ, ਹੁਣ ਇਹ ਸਾਡੇ ਕੰਮ ਦੀਆਂ ਨਹੀਂ ਤੁਸੀ ਸਰਕਾਰੀ ਟਰਾਂਸਪੋਰਟ ਦਾ ਇਨਾਂ ਰੇਹੜੀਆਂ ਨੂੰ ਹਿੱਸਾ ਬਣਾ ਲਵੋਂ’’। ਸ਼ਨੀਵਾਰ ਸਾਰਾ ਦਿਨ ਸੂਬੇ ’ਚ ‘ਆਪ’ ਸਰਕਾਰ ਦੀ ਕਿਰਕਰੀ ਹੁੰਦੀ ਰਹੀ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਉਕਤ ਮਾਮਲੇ ਦਾ ਨੋਟਿਸ ਲੈਂਦੇ ਹੋਏ ਤੁੰਰਤ ਇਹ ਹੁਕਮ ਰੱਦ ਕਰਨ ਲਈ ਕਿਹਾ। ਭਾਵੇਂ ਮੁੱਖ ਮੰਤਰੀ ਦੇ ਦਖ਼ਲ ਤੋਂ ਬਾਅਦ ਜਗਾੜੂ ਰੇਹੜੀਆਂ ਸੰਬੰਧੀ ਪੁਲਿਸ ਦੀ ਕਾਰਵਾਈ ਫਿਲਹਾਲ ਟਲ ਗਈ ਹੈ ਪ੍ਰੰਤੂ ਇਨਾਂ ਹੁਕਮਾਂ ਤੋਂ ਸਪੱਸ਼ਟ ਜ਼ਰੂਰ ਹੁੰਦਾ ਹੈ ਕਿ ਅਜੇ ਤੱਕ ਮਾਨ ਸਰਕਾਰ ਸੂਬੇ ਦੀ ਅਫ਼ਸਰਸਾਹੀ ਨੂੰ ਆਪਣੇ ਕੰਟਰੋਲ ਵਿੱਚ ਨਹੀਂ ਲੈ ਸਕੀ। ਕਿਉਂਕਿ ਸਿੱਧੇ ਤੌਰ ’ਤੇ ਲੋਕ ਹਿੱਤਾਂ/ਕਿਸੇ ਖ਼ਾਸ ਵਰਗ ਦੇ ਰੁਜ਼ਗਾਰ ਨਾਲ ਜੁੜੇ ਮਸਲਿਆਂ ਸੰਬੰਧੀ ਵੱਡੇ ਹੁਕਮ ਅਫ਼ਸਰਸਾਹੀ ਆਪਣੇ ਪੱਧਰ ’ਤੇ ਹੀ ਕਿਵੇਂ ਜਾਰੀ ਕਰ ਸਕਦੀ ਹੈ। ਏਡੀਜੀਪੀ ਟ੍ਰੈਫਿਕ ਨੇ ਭਾਵੇਂ ਆਪਣੇ ਪਹਿਲੇ ਹੁਕਮਾਂ ਦਾ ਆਧਾਰ ਜਗਾੜੂ ਰੇਹੜੀਆਂ ਦੇ ਮਾਮਲੇ ’ਚ ਹਾਈਕੋਰਟ ਵੱਲੋਂ ਜਾਰੀ ਹੁਕਮਾਂ ਨੂੰ ਦੱਸਿਆ ਹੈ ਪ੍ਰੰਤੂ ਉਕਤ ਏਡੀਜੀਪੀ ਕੋਲ ਇਸ ਗੱਲ ਦਾ ਕੀ ਜਵਾਬ ਹੈ ਕਿ ਉਨਾਂ ਵੱਲੋਂ ਪਹਿਲਾਂ ਜਾਰੀ ਕੀਤੇ ਹੁਕਮ ਰੱਦ ਕਰਨ ਤੋਂ ਬਾਅਦ ਵੀ ਹਾਈਕੋਰਟ ਦੇ ਹੁਕਮ ਜਿਉਂ ਦੀ ਤਿਉਂ ਹਨ ਅਤੇ ਹਾਈਕੋਰਟ ਵੱਲੋਂ ਹੋਰ ਵੀ ਬਹੁਤ ਸਾਰੇ ਮਾਮਲਿਆਂ ਵਿੱਚ ਜਿਵੇ ਲੋਕਾਂ ਦੀ ਸਿਹਤ ਨਾਲ ਜੁੜੇ/ਸਿੱਖਿਆ ਸੰਬੰਧੀ ਲੋਕਾਂ ਨੂੰ ਸਹੂਲਤ ਦੇਣ ਵਾਲੇ ਹੁਕਮ ਸਰਕਾਰਾਂ ਨੂੰ ਕਈ ਵਰਿਆਂ ਤੋਂ ਜਾਰੀ ਕੀਤੇ ਹੋਏ ਹਨ ਜੋ ਸਰਕਾਰਾਂ/ਪੰਜਾਬ ਪੁਲਿਸ ਨੇ ਠੰਡੇ ਬਸਤੇ ਵਿੱਚ ਪਾ ਕੇ ਰੱਖੇ ਹੋਏ ਹਨ। ਚਰਚਾ ਤਾਂ ਇਹ ਵੀ ਹੈ ਕਿ ਸਰਕਾਰ ਦੇ ਮੰਤਰੀਆਂ/ਵਿਧਾਇਕਾਂ ਵੱਲੋਂ ਸਰਕਾਰੀ ਅਦਾਰਿਆਂ ’ਚ ਛਾਪੇ ਮਾਰਨ ਦੀ ਮੁਹਿੰਮ ਤੋਂ ਅਫ਼ਸਰਸਾਹੀ ਦੁਖ਼ੀ ਹੈ ਅਤੇ ਉਕਤ ਹੁਕਮਾਂ ਵਰਗੇ ਫ਼ੈਸਲੇ ਲੈ ਕੇ ਅਫ਼ਸਰਸਾਹੀ ਸਰਕਾਰ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾ ਰਹੀ ਹੈ। ਬਹਰਹਾਲ! ਉਕਤ ਮਾਮਲੇ ’ਚ ਮੁੱਖ ਮੰਤਰੀ ਵੱਲੋਂ ਜ਼ਾਹਰ ਕੀਤੀ ਨਾਰਾਜ਼ਗੀ ਨੇ ਵੀ ਸਰਕਾਰ ਤੇ ਅਫ਼ਸਰਸਾਹੀ ਦੇ ਭਵਿੱਖੀ ਸੰਬੰਧਾਂ ਬਾਰੇ ਗੁੱਝਾ ਸੰਕੇਤ ਦੇ ਦਿੱਤਾ ਹੈ

error: Content is protected !!