Skip to main content

Gee 98News

ਇਲਾਜ ਤੋਂ ਬਿਨ੍ਹਾਂ ਖ਼ੁਰ ਰਹੀ ਇੱਕ ਜ਼ਿੰਦਗੀ ਨੂੰ ਬਚਾਉਣ ਲਈ ਅਪੀਲ

ਬਰਨਾਲਾ, 7 ਸਤੰਬਰ (ਨਿਰਮਲ ਸਿੰਘ ਪੰਡੋਰੀ) :

ਮੁਲਕ ਦੀ ਆਜ਼ਾਦੀ ਦੇ 75ਵਰੇ ਬਾਅਦ ਤੱਕ ਵੀ ਵੱਡੀ ਗਿਣਤੀ ਵਿੱਚ ਲੋਕ ਮਹਿੰਗੀਆਂ ਸਿਹਤ ਸਹੂਲਤਾਂ ਕਾਰਨ ਇਲਾਜ ਕਰਵਾਉਣ ਤੋਂ ਅਸਮਰੱਥ ਬਿਮਾਰੀਆਂ ਕਾਰਨ ਮਰ ਰਹੇ ਹਨ। ਬਹੁ-ਗਿਣਤੀ ਆਬਾਦੀ ਤੱਕ ਮੁੱਢਲੀਆਂ ਸਿਹਤ ਸਹੂਲਤਾਂ ਵੀ ਨਹੀਂ ਪੁੱਜੀਆਂ ਜਿਸ ਕਰਕੇ ਕਈ ਵਾਰ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਛੋਟੀਆਂ-ਛੋਟੀਆਂ ਬਿਮਾਰੀਆਂ ਜਾਨਲੇਵਾ ਬਣ ਜਾਂਦੀਆਂ ਹਨ। ਕਈ ਵਾਰ ਆਰਥਿਕ ਤੰਗੀ ਅਜਿਹੀਆਂ ਬਿਮਾਰੀਆਂ ਦੇ ਇਲਾਜ ਲਈ ਰੁਕਾਵਟ ਬਣ ਜਾਂਦੀ ਹੈ ਅਤੇ ਕਿਸੇ ਪਰਿਵਾਰ ਦਾ ਚਿਰਾਗ ਅੱਖਾਂ ਦੇ ਸਾਹਮਣੇ ਹੀ ਦਿਨੋ-ਦਿਨ ਥੋੜਾ-ਥੋੜਾ ਕਰਕੇ ਬੁਝ ਜਾਂਦਾ ਹੈ। ਦੇਸ਼ ਦੀ ਸੱਤਾ ’ਤੇ ਕਾਬਜ਼ ਹੁੰਦੇ ਆ ਰਹੇ ਹੁਕਮਰਾਨਾਂ ਨੇ ਗਰੀਬ ਲੋਕਾਂ ਦੀ ਇਸ ਤਰਾਸਦੀ ਨੂੰ 75 ਵਰੇ ਤੱਕ ਵੀ ਨਹੀਂ ਸਮਝਿਆ ਪ੍ਰੰਤੂ ਫਿਰ ਵੀ ਕੁਝ ਆਮ ਲੋਕ ਰੱਬ ਦਾ ਰੂਪ ਬਣ ਕੇ ਇਲਾਜ ਖੁਣੋਂ ਮੌਤ ਦੇ ਨੇੜੇ ਜਾ ਰਹੇ ਮਰੀਜ਼ਾਂ ਨੂੰ ਜ਼ਿੰਦਗੀ ਬਖ਼ਸ ਦਿੰਦੇ ਹਨ। ਕਿਹਾ ਜਾਂਦਾ ਹੈ ਕਿ ਨਗਰ (ਪਿੰਡ) ਸਮੁੰਦਰ ਦੀ ਤਰਾਂ ਹੁੰਦੇ ਹਨ ਜਿਨ੍ਹਾਂ ਵਿੱਚੋਂ ਜਦੋ ਮਰਜ਼ੀ, ਜੋ ਮਰਜ਼ੀ ਕੱਢ ਲਵੋ। ਅਜਿਹੀ ਇੱਕ ਮਿਸਾਲ ਬਰਨਾਲਾ ਜ਼ਿਲ੍ਹੇ ਦੇ ਪਿੰਡ ਹਮੀਦੀ ਦੇ ਲੋਕਾਂ ਨੇ ਪੇਸ਼ ਕੀਤੀ ਹੈ ਜਿੱਥੇ ਪਿੰਡ ਵਾਸੀਆਂ ਨੇ ਬਿਨ੍ਹਾਂ ਡਾਕਟਰੀ ਇਲਾਜ ਤੋਂ ਖ਼ੁਰ ਰਹੀ ਇੱਕ ਜ਼ਿੰਦਗੀ ਨੂੰ ਬਚਾਉਣ ਲਈ ਉਪਰਾਲਾ ਕੀਤਾ ਹੈ। ਪਿੰਡ ਵਾਸੀ ਨੰਬਰਦਾਰ ਗੁਰਮੁਖ ਸਿੰਘ ਹਮੀਦੀ ਨੇ ਦੱਸਿਆ ਕਿ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਇੱਕ 25 ਸਾਲ ਦਾ ਨੌਜਵਾਨ ਰਣਜੀਤ ਸਿੰਘ ਪੁੱਤਰ ਸਮਸ਼ੇਰ ਸਿੰਘ ਕਿਸੇ ਬਿਮਾਰੀ ਕਾਰਨ ਪਿਛਲੇ ਕਈ ਦਿਨਾਂ ਤੋਂ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ’ਤੇ ਗਰੀਬੀ ਦੀ ਮਾਰ ਐਨੀ ਕੁ ਹੈ ਕਿ ਕਈ ਵਾਰ ਦੋ ਵਕਤ ਦੀ ਰੋਟੀ ਦੇ ਜੁਗਾੜ ਲਈ ਵੀ ਫਿਕਰ ਖੜਾ ਹੋ ਜਾਂਦਾ ਹੈ। ਰਣਜੀਤ ਸਿੰਘ ਦੀ ਬਿਮਾਰੀ ਬਾਰੇ ਪਤਾ ਲੱਗਣ ’ਤੇ ਪਿੰਡ ਦੇ ਕੁਝ ਨੌਜਵਾਨਾਂ ਨੇ ਉਸ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਿਲ ਕਰਵਾਇਆ ਜਿੱਥੋ ਡਾਕਟਰਾਂ ਨੇ ਮੈਡੀਕਲ ਹਸਪਤਾਲ ਫਰੀਦਕੋਟ ਲਈ ਰੈਫ਼ਰ ਕਰ ਦਿੱਤਾ। ਉੱਘੇ ਸਮਾਜਸੇਵੀ ਭਾਨ ਸਿੰਘ ਜੱਸੀ ਪੇਧਨੀ, ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਏਕਮ ਸਿੰਘ ਦਿਉਲ , ਮਿਸਤਰੀ ਜਗਦੀਸ ਸਿੰਘ ਦੀਸਾ ਅਤੇ ਹੋਰ ਪਿੰਡ ਵਾਸੀਆਂ ਵੱਲੋਂ ਮੁੱਢਲੀ ਮਾਲੀ ਸਹਾਇਤਾ ਇਕੱਠੀ ਕਰਕੇ ਰਣਜੀਤ ਸਿੰਘ ਦਾ ਇਲਾਜ ਕਰਵਾਉਣ ਦਾ ਬੀੜਾ ਚੁੱਕਿਆ ਗਿਆ ਹੈ। ਨੰਬਰਦਾਰ ਗੁਰਮੁਖ ਸਿੰਘ ਹਮੀਦੀ ਅਤੇ ਪ੍ਰਧਾਨ ਏਕਮ ਸਿੰਘ ਦਿਉਲ ਨੇ ਸਮਾਜ ਸੇਵੀ ਲੋਕਾਂ ਨੂੰ ਰਣਜੀਤ ਸਿੰਘ ਦੇ ਇਲਾਜ ਲਈ ਸਿੱਧੇ ਤੌਰ ’ਤੇ ਮਾਲੀ ਸਹਾਇਤਾ ਦੀ ਅਪੀਲ ਕੀਤੀ ਤਾਂ ਜੋ ਇੱਕ ਨੌਜਵਾਨ ਦੀ ਜ਼ਿੰਦਗੀ ਬਚਾਈ ਜਾ ਸਕੇ।

error: Content is protected !!