Gee 98News

ਐਨਐਚਐਮ ਮੁਲਾਜ਼ਮਾਂ ਵੱਲੋਂ ਰੈਗੂਲਰ ਕਰਨ ਦੀ ਮੰਗ ਲਈ ਅਰਥੀਆਂ ਫੂਕਣ ਦਾ ਐਲਾਨ

-ਸੋਮਵਾਰ ਨੂੰ ਦੋ ਘੰਟੇ ਕੰਮ ਬੰਦ ਰੱਖਣਗੇ ਸਿਹਤ ਮੁਲਾਜ਼ਮ

ਬਰਨਾਲਾ, 10 ਸਤੰਬਰ (ਮੰਗਲ ਸਿੰਘ ਠੀਕਰੀਵਾਲਾ) :

ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਐਨਐਚਐਮ ਮੁਲਾਜ਼ਮਾਂ ਵੱਲੋਂ ਰੈਗੂਲਰ ਕਰਨ ਦੀ ਮੰਗ ਖਾਤਰ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕਣ ਦਾ ਐਲਾਨ ਕੀਤਾ ਗਿਆ ਹੈ। ਸੋਮਵਾਰ ਨੂੰ ਪੰਜਾਬ ਸਰਕਾਰ ਦੀ ਅਰਥੀ ਫੂਕਣ ਵਾਲੇ ਦਿਨ ਸਾਰੇ ਕੱਚੇ ਸਿਹਤ ਮੁਲਾਜ਼ਮ ਦੋ ਘੰਟੇ ਲਈ ਕੰਮ ਬੰਦ ਰੱਖਣਗੇ। ਐਨਐਚਐਮ ਅਧੀਨ ਕੰਮ ਕਰਦੇ ਮੁਲਾਜਮਾਂ ਨੇ ਕਿਹਾ ਕਿ ਉਹ ਪਿਛਲੇ 15 ਸਾਲਾਂ ਤੋਂ ਨਿਗੂਣੀਆਂ ਤਣਖਾਹਾਂ ਤਹਿਤ ਕੰਮ ਕਰ ਰਹੇ ਹਨ ਤੇ ਪਿਛਲੇ ਸਮੇਂ ਹਰ ਸਰਕਾਰ ਨੇ ਉਹਨਾਂ ਨਾਲ ਧੋਖਾ ਕੀਤਾ ਹੈ। ਐਨਐਚਐਮ ਇੰਪਲਾਈਜ਼ ਯੂਨੀਅਨ ਆਗੂ ਕਮਲਜੀਤ ਕੌਰ ਪੱਤੀ,ਗੁਰਦੀਪ ਸਿੰਘ,ਨਰਿੰਦਰ ਸਿੰਘ,ਅਰੁਣ ਕੁਮਾਰ,ਗੁਰਜੀਤ ਸਿੰਘ,ਤਜਿੰਦਰ ਪਾਲ ਸਿੰਘ ਆਦਿ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਦੌਰਾਨ ਐਨਐਚਐਮ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਸਰਕਾਰ ਬਨਣ ‘ਤੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਹੀ ਸਮੂਹ ਐਨਐਚਐਮ ਮੁਲਾਜ਼ਮਾਂ (ਕਰੋਨਾ ਯੋਧਿਆਂ) ਨੂੰ ਪਹਿਲ ਦੇ ਅਧਾਰ ‘ਤੇ ਰੈਗੂਲਰ ਕੀਤਾ ਜਾਵੇਗਾ ਪ੍ਰੰਤੂ ਹੁਣ ‘ਆਪ’ ਸਰਕਾਰ ਆਪਣੇ ਵਾਅਦੇ ਤੋਂ ਭੱਜਦੀ ਨਜ਼ਰ ਆ ਰਹੀ ਹੈ ਜਿਸ ਦੇ ਵਿਰੋਧ ਵਿੱਚ ਰੋਸ ਵਜੋਂ ਸਿਹਤ ਵਿਭਾਗ ਵਿੱਚ ਤਾਇਨਾਤ ਐਨਐਚਐਮ ਅਧੀਨ ਕੰਮ ਕਰਦੇ ਸੂਬਾ ਭਰ ਦੇ ਸਮੂਹ ਠੇਕਾ ਮੁਲਾਜ਼ਮਾਂ ਵੱਲੋਂ ਸੋਮਾਵਾਰ ਨੂੰ 12 ਤੋਂ 2 ਵਜੇ ਤੱਕ 2 ਘੰਟੇ ਲਈ ਮੁਕੱਮਲ ਤੌਰ ‘ਤੇ ਕੰਮ ਬੰਦ ਕਰਕੇ ਜ਼ਿਲਾ ਪੱਧਰ ‘ਤੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਉਨਾਂ ਨੇ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਸਿਹਤ ਵਿਭਾਗ ਵਰਗੇ ਅਹਿਮ ਮਹਿਕਮੇ ਨੂੰ ਇਸ ਪਾਲਿਸੀ ਤੋਂ ਬਾਹਰ ਰੱਖਦੀ ਹੈ ਅਤੇ 10 ਸਾਲ ਤੋਂ ਘੱਟ ਸਮੇਂ ਦੀਆਂ ਸੇਵਾਵਾਂ ਵਾਲੇ ਐਨ.ਐਚ.ਐਮ ਮੁਲਾਜ਼ਮਾਂ ਸਬੰਧੀ ਕੋਈ ਫੈਸਲਾ ਨਹੀਂ ਲੈਂਦੀ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਐਨਐਚਐਮ ਮੁਲਾਜ਼ਮਾਂ ਵੱਲੋਂ ਸਿਵਲ ਸਰਜ਼ਨ ਬਰਨਾਲਾ ਡਾਕਟਰ ਜਸਵੀਰ ਸਿੰਘ ਔਲਖ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ।

Gee98 Ads
error: Content is protected !!