Gee 98News

ਗੁਰੂ ਜਿਨ੍ਹਾਂ ਦੇ ਟੱਪਣੇ, ਚੇਲੇ ਜਾਣ ਛੜੱਪੇ.. ਦੀ ਮਿਸਾਲ ਬਰਨਾਲਾ ਦਾ ਇੱਕ ਪਰਿਵਾਰ

ਗੁਰੂ ਜਿਨ੍ਹਾਂ ਦੇ ਟੱਪਣੇ, ਚੇਲੇ ਜਾਣ ਛੜੱਪੇ.. ਦੀ ਮਿਸਾਲ ਬਰਨਾਲਾ ਦਾ ਇੱਕ ਪਰਿਵਾਰ

ਪੁੱਤਰ-ਨੂੰਹ ਅਤੇ ਦੋ ਪੋਤੀਆਂ ਨੂੰ ਵੀ ਦਿੱਤੀ ਖੇਡਾਂ ਦੀ ਗੁੜ੍ਹਤੀ

ਬਰਨਾਲਾ, 13 ਸਤੰਬਰ (ਨਿਰਮਲ ਸਿੰਘ ਪੰਡੋਰੀ) :

Gee98 Ads

ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘‘ਖੇਡਾਂ ਵਤਨ ਪੰਜਾਬ ਦੀਆਂ’’ ਦੌਰਾਨ ਬਰਨਾਲਾ ਸ਼ਹਿਰ ਦਾ ਇੱਕ ਅਜਿਹਾ ਪਰਿਵਾਰ ਸਾਹਮਣੇ ਆਇਆ ਹੈ ਜੋ ਪੂਰੀ ਤਰਾਂ ਖੇਡਾਂ ਨੂੰ ਸਮਰਪਿਤ ਹੈ । ਇਸ ਪਰਿਵਾਰ ਦੀਆਂ ਤਿੰਨ ਪੀੜੀਆਂ ਦੇ ਪੰਜ ਖਿਡਾਰੀ ਪਰਿਵਾਰ ਦਾ ਮੁਖੀ ਖ਼ੁਦ ਕੌਰ ਸਿੰਘ, ਉਸ ਦਾ ਪੁੱਤਰ ਤੇ ਨੂੰਹ ਅਤੇ ਉਸ ਦੀਆਂ ਦੋ ਪੋਤੀਆਂ ‘‘ਖੇਡਾਂ ਵਤਨ ਪੰਜਾਬ ਦੀਆਂ’’ ਤਹਿਤ ਵੱਖ-ਵੱਖ ਖੇਡ ਸ਼ੇ੍ਣੀਆਂ ਤੇ ਉਮਰ ਵਰਗ ਵਿੱਚ ਸਫਲਤਾ ਦੇ ਝੰਡੇ ਗੱਡ ਰਹੇ ਹਨ। ਪਰਿਵਾਰ ਦਾ ਮੁਖੀ ਸਾਬਕਾ ਫੌਜੀ ਕੌਰ ਸਿੰਘ (ਧਾਇਆ) ਵੈਟਰਨ ਵਰਗ ਦੇ ਅਥਲੀਟ ਮੁਕਾਬਲਿਆਂ ’ਚ ਕੌਮੀ ਪੱਧਰ ’ਤੇ ਨਾਮਣਾ ਖੱਟ ਚੁੱਕਿਆ ਹੈ, ਜੋ ‘‘ਖੇਡਾਂ ਵਤਨ ਪੰਜਾਬ ਦੀਆਂ’’ ਦੇ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਹੈਮਰ ਥਰੋ ਤੇ ਜੈਵਲਿਨ ਥਰੋ ਵਿੱਚ ਪਹਿਲਾ ਸਥਾਨ ਹਾਸਲ ਕਰਨ ਤੋਂ ਬਾਅਦ ਜ਼ਿਲਾ ਪੱਧਰ ’ਤੇ ਹਿੱਸਾ ਲਵੇਗਾ। ਕੌਰ ਸਿੰਘ ਫੌਜ ਅਤੇ ਪੰਜਾਬ ਨੈਸ਼ਨਲ ਬੈਂਕ ’ਚੋਂ ਸੇਵਾਮੁਕਤ ਹੋ ਚੁੱਕੇ ਹਨ ਅਤੇ ਪਿਛਲੇ ਕਰੀਬ 15 ਸਾਲ ਤੋਂ ਹਰ ਸਾਲ ਕੌਮੀ ਪੱਧਰ ’ਤੇ ਤਗਮੇ ਜਿੱਤਦੇ ਆ ਰਹੇ ਹਨ। ਫੌਜ ’ਚ ਸੇਵਾਵਾਂ ਦੌਰਾਨ ਉਹ ਬਾਸਕਿਟਬਾਲ ਵੀ ਖੇਡਦੇ ਰਹੇ ਹਨ ਤੇ 1967 ’ਚ ਫੌਜ ਦੀ ਨੌਕਰੀ ਦੌਰਾਨ ਪਾਕਿਸਤਾਨ ’ਚ ਕੌਮਾਂਤਰੀ ਮੁਕਾਬਲੇ ’ਚ ਲੰਬੀ ਛਾਲ ਤੇ ਟਿ੍ਪਲ ਜੰਪ ’ਚ ਹਿੱਸਾ ਲਿਆ ਸੀ। ਕੌਰ ਸਿੰਘ ਦਾ ਪੁੱਤਰ ਜਸਵੰਤ ਸਿੰਘ (ਜੱਸੀ) ਵੀ ਬੈਡਮਿੰਟਨ ਦਾ ਕੌਮੀ ਪੱਧਰ ਦਾ ਖਿਡਾਰੀ ਹੈ, ਜੋ ਜ਼ਿਲ੍ਹਾ ਪੱਧਰੀ ਖੇਡਾਂ ’ਚ ਹਿੱਸਾ ਲਵੇਗਾ। ਕੌਮੀ ਪੱਧਰ ਦਾ ਖਿਡਾਰੀ ਜਸਵੰਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨਣਵਾਲ ’ਚ ਕੰਪਿਊਟਰ ਅਧਿਆਪਕ ਹੋਣ ਦੇ ਨਾਲ-ਨਾਲ ਬੈਡਮਿੰਟਨ ਦਾ ਕੋਚ ਵੀ ਹੈ। ਜਸਵੰਤ ਸਿੰਘ ਦੀ ਪਤਨੀ ਹਰਜਿੰਦਰ ਕੌਰ ਵੀ 40 ਸਾਲ ਉਮਰ ਵਰਗ ’ਚ ਸੂਬਾ ਪੱਧਰ ਤੱਕ ਬੈਡਮਿੰਟਨ ਖੇਡ ਚੁੱਕੀ ਹੈ, ਉਹ ਵੀ ‘‘ਖੇਡਾਂ ਵਤਨ ਪੰਜਾਬ ਦੀਆਂ’’ ’ਚ ਖੇਡ ਰਹੀ ਹੈ। ਕੌਰ ਸਿੰਘ ਦੀਆਂ ਦੋ ਪੋਤੀਆਂ ਅਤੇ ਜਸਵੰਤ ਸਿੰਘ ਤੇ ਹਰਜਿੰਦਰ ਕੌਰ ਦੀਆਂ ਪੁੱਤਰੀਆਂ ਖੁਸ਼ਦੀਪ ਕੌਰ 12 ਸਾਲ ਅਤੇ ਬਵਨਜੋਤ ਕੌਰ 9 ਸਾਲ ‘‘ਖੇਡਾਂ ਵਤਨ ਪੰਜਾਬ ਦੀਆਂ’’ ਤਹਿਤ ਬਲਾਕ ਪੱਧਰ ’ਤੇ ਜਿੱਤਣ ਤੋਂ ਬਾਅਦ ਅੰਡਰ-14 ਬੈਡਮਿੰਟਨ ਵਿੱਚ ਜ਼ਿਲਾ ਪੱਧਰ ’ਤੇ ਖੇਡਣਗੀਆਂ। ਖੁਸ਼ਦੀਪ ਕੌਰ ਤੇ ਬਵਨਜੋਤ ਕੌਰ ਪਹਿਲਾਂ ਵੀ ਸੂਬਾ ਪੱਧਰ ਤੱਕ ਆਪਣੀ ਖੇਡ ਦੇ ਜੌਹਰ ਦਿਖਾ ਚੁੱਕੀਆਂ ਹਨ। ਕੌਰ ਸਿੰਘ ਦਾ ਬੇਟਾ ਕੋਚ ਜਸਵੰਤ ਸਿੰਘ ਬੈਡਮਿੰਟਨ ਦੀ ਖੇਡ ਦਾ ਖ਼ੁਦ ਚੰਗਾ ਖਿਡਾਰੀ ਹੋਣ ਦੇ ਨਾਲ-ਨਾਲ ਆਪਣੀ ਕੋਚਿੰਗ ਨਾਲ ਹੋਰ ਚੰਗੇ ਖਿਡਾਰੀ ਪੈਦਾ ਕਰ ਰਿਹਾ ਹੈ।

ਬਾਕਸ ਆਈਟਮ

ਪਰਿਵਾਰ ਦੇ ਮੁਖੀ ਵੈਟਰਨ ਅਥਲੀਟ ਕੌਰ ਸਿੰਘ ਦੀ ਖੇਡ ਜ਼ਿੰਦਗੀ ਦਾ ਇੱਕ ਪਹਿਲੂ ਜ਼ਿਕਰਯੋਗ ਹੈ ਕਿ ਉਹ ਪਹਿਲਾਂ ਟਿ੍ਪਲ ਜੰਪ ਲਾਉਦੇ ਸਨ, ਪਰ ਕੁਝ ਸਾਲ ਪਹਿਲਾਂ ਇਕ ਸੜਕ ਹਾਦਸੇ ਤੋਂ ਬਾਅਦ ਉਨ੍ਹਾਂ ਦੇ ਗੋਡੇ ’ਚ ਸਮੱਸਿਆ ਆ ਗਈ, ਪਰ ਉਨ੍ਹਾਂ ਨੇ ਖੇਡਾਂ ਦਾ ਲੜ ਨਹੀਂ ਛੱਡਿਆ। ਉਹ ਟਿ੍ਰਪਲ ਜੰਪ ਦੀ ਥਾਂ ਜੈਵਲਿਨ ਥਰੋੋ ਤੇ ਹੈਮਰ ਥਰੋ ਵੱਲ ਆ ਗਏ ਅਤੇ ਕਰੀਬ 15 ਸਾਲਾਂ ਤੋਂ ਹਰ ਸਾਲ ਕੌਮੀ ਖੇਡਾਂ ’ਚ ਹਿੱਸਾ ਲੈ ਕੇ ਤਗਮੇ ਜਿੱਤਦੇ ਆ ਰਹੇ ਹਨ।

Gee98 Ads

ਬਾਕਸ ਆਈਟਮ

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕੌਰ ਸਿੰਘ ਦੇ ਪਰਿਵਾਰ ’ਤੇ ਮਾਣ ਮਹਿਸੂਸ ਕਰਦੇ ਹੋਏ ਸਮੁੱਚੇ ਪਰਿਵਾਰ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਖੇਡਾਂ ਦੇ ਖੇਤਰ ’ਚ ਪੰਜਾਬ ਨੂੰ ਦੇਸ਼ ਦਾ ਨੰਬਰ ਵਨ ਸੂਬਾ ਬਣਾਉਣ ਲਈ ਸਜ਼ੀਦਗੀ ਨਾਲ ਯਤਨ ਕਰ ਰਹੀ ਹੈ। ਮੀਤ ਹੇਅਰ ਨੇ ਉਮੀਦ ਪ੍ਰਗਟ ਕੀਤੀ ਕਿ ਸਰਦਾਰ ਕੌਰ ਸਿੰਘ ਵਰਗੇ ਪਰਿਵਾਰਾਂ ਦੀ ਖੇਡ ਭਾਵਨਾ ਕਰਕੇ ਸਰਕਾਰ ਆਪਣੇ ਟੀਚੇ ਤੱਕ ਜ਼ਰੂਰ ਪੁੱਜੇਗੀ। ਬਰਨਾਲਾ ਦੇ ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਨੇ ਵੀ ਸਰਦਾਰ ਕੌਰ ਸਿੰਘ ਦੇ ਸਮੁੱਚੇ ਪਰਿਵਾਰ ਨੂੰ ‘‘ਖੇਡਾਂ ਵਤਨ ਪੰਜਾਬ ਦੀਆਂ’’ ਲਈ ਸ਼ੁਭਕਾਮਨਾਵਾਂ ਦਿੱਤੀਆਂ। ਡਿਪਟੀ ਕਮਿਸ਼ਨਰ ਨੇ ਆਸ ਪ੍ਰਗਟ ਕੀਤੀ ਕਿ ਇਹ ਪਰਿਵਾਰ ‘‘ਖੇਡਾਂ ਵਤਨ ਪੰਜਾਬ ਦੀਆਂ’’ ਦੌਰਾਨ ਜ਼ਿਲ੍ਹੇ ਦਾ ਨਾਮ ਸੂਬਾ ਪੱਧਰ ’ਤੇ ਰੌਸ਼ਨ ਕਰੇਗਾ।

error: Content is protected !!