Gee 98News

ਧੀਆਂ, ਪੁੱਤਰਾਂ ਤੋਂ ਕਈ ਵਾਰ ਬਹੁਤ ਅੱਗੇ ਵੀ ਨਿਕਲ ਜਾਂਦੀਆਂ ਹਨ.. ..!

ਚੰਡੀਗੜ , 06 ਦਸੰਬਰ (ਨਿਰਮਲ ਸਿੰਘ ਪੰਡੋਰੀ) :

ਮਾਪੇ ਧੀਆਂ ਨਾਲੋਂ ਪੁੱਤਰਾਂ ਨੂੰ ਅਕਸਰ ਜ਼ਿਆਦਾ ਪਹਿਲ ਦਿੰਦੇ ਹਨ ਪ੍ਰੰਤੂ ਧੀਆਂ ਨੇ ਕਈ ਵਾਰ ਆਪਣੇ ਵਿਲੱਖਣ ਕਾਰਨਾਮਿਆਂ ਕਰਕੇ ਇਹ ਸਿੱਧ ਕੀਤਾ ਹੈ ਕਿ ਮੁਸੀਬਤ ਵੇਲੇ ਧੀਆਂ ਕਈ ਵਾਰ ਪੁੱਤਰਾਂ ਨਾਲੋਂ ਵੀ ਅੱਗੇ ਹੋ ਕੇ ਖੜ ਜਾਂਦੀਆਂ ਹਨ । ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੀ ਧੀ ਰੋਹਿਣੀ ਅਚਾਰੀਆ ਨੇ ਅਜਿਹੀ ਇੱਕ ਮਿਸਾਲ ਪੈਦਾ ਕੀਤੀ ਹੈ ਜਦ ਉਸ ਨੇ ਆਪਣੇ ਪਿਤਾ ਦੀ ਜਾਨ ਬਚਾਉਣ ਲਈ ਆਪਣੇ ਸਰੀਰ ਦਾ ਇੱਕ ਅਹਿਮ ਅੰਗ ਕੁਰਬਾਨ ਕਰ ਦਿੱਤਾ। ਲਾਲੂ ਯਾਦਵ ਦਾ ਸਿੰਘਾਪੁਰ ਵਿੱਚ ਇੱਕ ਸਫਲ ਸਰਜਰੀ ਰਾਹੀਂ ਗੁਰਦਾ ਬਦਲਿਆ ਗਿਆ ਹੈ। ਇਹ ਗੁਰਦਾ ਲਾਲੂ ਯਾਦਵ ਦੀ ਧੀ ਰੋਹਿਣੀ ਅਚਾਰੀਆ ਨੇ ਦਿੱਤਾ। ਰੋਹਿਣੀ ਲਾਲੂ ਯਾਦਵ ਦੇ ਬੇਟੇ ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਤੋਂ ਵੱਡੀ ਹੈ। ਜਿਸ ਨੇ ਆਪਣੇ ਪਿਤਾ ਦੀ ਤਕਲੀਫ਼ ਨੂੰ ਸਮਝਦੇ ਹੋਏ ਇਹ ਹਿੰਮਤ ਵਾਲਾ ਫ਼ੈਸਲਾ ਕੀਤਾ, ਜਿਸ ਤੋਂ ਬਾਅਦ ਲਾਲੂ ਯਾਦਵ ਦੀ ਸਿੰਘਾਪੁਰ ਵਿੱਚ ਟਰਾਂਸਪਲਾਂਟ ਸਰਜਰੀ ਕੀਤੀ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਲਾਲੂ ਯਾਦਵ ਅਤੇ ਰੋਹਿਣੀ ਸਰਜਰੀ ਤੋਂ ਬਾਅਦ ਪੂਰੀ ਤਰਾਂ ਠੀਕ ਹਨ। ਆਪਣੇ ਪਿਤਾ ਦੀ ਲੰਮੀ ਉਮਰ ਲਈ ਗੁਰਦਾ ਦਾਨ ਕਰਨ ਵਾਲੀ ਰੋਹਿਣੀ ਸਿੰਘਾਪੁਰ ਦੇ ਇੱਕ ਸਾਫਟਵੇਅਰ ਇੰਜੀਨੀਅਰ ਨਾਲ ਵਿਆਹੀ ਹੋਈ ਹੈ।

error: Content is protected !!