–ਸੂਬਾ ਪੱਧਰੀ ਮੀਟਿੰਗ ’ਚ ਵਿਚਾਰੇ ਅਹਿਮ ਮੁੱਦੇ
ਬਰਨਾਲਾ 6 ਦਸੰਬਰ (ਨਿਰਮਲ ਸਿੰਘ ਪੰਡੋਰੀ) –
ਬੀਕੇਯੂ ਏਕਤਾ(ਡਕੌਂਦਾ) ਦੀ ਸੂਬਾ ਕਮੇਟੀ ਦੀ ਮੀਟਿੰਗ ਸਥਾਨਕ ਤਰਕਸ਼ੀਲ ਭਵਨ ਵਿਖੇ ਹੋਈ, ਜਿਸ ਵਿੱਚ ਪੰਜਾਬ ਸਰਕਾਰ ਨਾਲ ਸਬੰਧਿਤ ਮੰਗਾਂ ‘ਤੇ ਚਰਚਾ ਕਰਦਿਆਂ ਕਿਸਾਨ-ਅੰਦੋਲਨ ਦੇ ਦੂਜੇ ਪੜਾਅ ਦੇ ਸੰਘਰਸ਼ ਲਈ ਵਿਉਂਤਬੰਦੀ ਕੀਤੀ ਗਈ। ਕਿਸਾਨ-ਆਗੂਆਂ ਨੇ ਕਿਹਾ ਕਿ ਬੀਕੇਯੂ-ਏਕਤਾ (ਡਕੌਂਦਾ) ਦੀ ਅਗਵਾਈ ਹੇਠ ਪੱਖੋ-ਕੈਂਚੀਆਂ ਟੌਲ ਪਲਾਜ਼ੇ ‘ਤੇ ਲੱਗੇ ਮੋਰਚੇ ਨੂੰ 100 ਦਿਨ ਪੂਰੇ ਹੋ ਗਏ ਹਨ, ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੀ ਸਹਿਮਤ ਸਨ ਕਿ ਇਹ ਟੌਲ-ਪਲਾਜ਼ਾ ਨਜਾਇਜ਼ ਲੱਗਿਆ ਹੈ, ਪ੍ਰੰਤੂ ਹੁਣ ਸੱਤਾ ‘ਚ ਆਉਣ ਤੋਂ ਬਾਅਦ ਉਹ ਇਹ ਮੁੱਦਾ ਮਨੋਂ ਵਿਸਾਰੀ ਬੈਠੇ ਹਨ, ਜਿਸਤੋਂ ਸਪੱਸ਼ਟ ਹੈ ਕਿ ਪੰਜਾਬ ਸਰਕਾਰ ਕਾਰਪੋਰੇਟ-ਘਰਾਣਿਆਂ ਦੇ ਦਬਾਅ ਹੇਠ ਕੰਮ ਕਰ ਰਹੀ ਹੈ। ਕਿਸਾਨ-ਆਗੂਆਂ ਵੱਲੋਂ ਪੰਜਾਬ ਸਰਕਾਰ ਤੋਂ ਕਿਸਾਨ-ਅੰਦੋਲਨ ਦੇ ਸ਼ਹੀਦਾਂ ਦੀ ਯਾਦਗਾਰ ਸਥਾਪਤ ਕਰਨ ਦੀ ਮੰਗ ਵੀ ਕੀਤੀ ਗਈ। ਇਸ ਮੌਕੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ, ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਹੋਰ ਆਗੂਆਂ ਨੇ ਕਿਹਾ ਕਿ 8 ਦਸੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਕੌਮੀ ਮੀਟਿੰਗ ਕਰਨਾਲ ‘ਚ ਹੋਵੇਗੀ, ਜਿਸ ਦੌਰਾਨ ਅਗਲੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਜਾਵੇਗਾ। 11 ਦਸੰਬਰ ਤੱਕ ਸੰਸਦ ਮੈਂਬਰਾਂ ਨੂੰ ਚਿਤਾਵਨੀ-ਪੱਤਰ ਸੌਂਪੇ ਜਾਣਗੇ ਅਤੇ ਅਪੀਲ ਕੀਤੀ ਜਾਵੇਗੀ ਕਿ ਉਹ 29 ਦਸੰਬਰ ਤੱਕ ਚੱਲਣ ਵਾਲੇ ਸੰਸਦ ਦੇ ਇਜਲਾਸ ਦੌਰਾਨ ਜ਼ੋਰ-ਸ਼ੋਰ ਨਾਲ ਕਿਸਾਨੀ-ਮੰਗਾਂ ਉਠਾਉਣ।11 ਦਸੰਬਰ ਤੱਕ ਸੰਸਦ ਮੈਂਬਰਾਂ ਨੂੰ ਚਿਤਾਵਨੀ-ਪੱਤਰ ਸੌਂਪੇ ਜਾਣਗੇ ਅਤੇ ਅਪੀਲ ਕੀਤੀ ਜਾਵੇਗੀ ਕਿ ਉਹ 29 ਦਸੰਬਰ ਤੱਕ ਚੱਲਣ ਵਾਲੇ ਸੰਸਦ ਦੇ ਇਜਲਾਸ ਦੌਰਾਨ ਜ਼ੋਰ-ਸ਼ੋਰ ਨਾਲ ਕਿਸਾਨੀ-ਮੰਗਾਂ ਉਠਾਉਣ।
11 ਦਸੰਬਰ ਨੂੰ ਕਿਸਾਨ-ਅੰਦੋਲਨ ਦੀ ਜਿੱਤ ਦੀ ਪਹਿਲੀ ਵਰੇਗੰਢ ਵੀ ਮਨਾਈ ਜਾਵੇਗੀ। ਮੀਟਿੰਗ ਦੌਰਾਨ ਆਗੂਆਂ ਨੇ ਸੰਗਰੂਰ ‘ਚ ਮੁੱਖ-ਮੰਤਰੀ ਭਗਵੰਤ ਮਾਨ ਦੀ ਕੋਠੀ ਸਾਹਮਣੇ ਰੋਸ-ਮੁਜ਼ਾਹਰਾ ਕਰ ਰਹੇ ਮਜ਼ਦੂਰਾਂ ‘ਤੇ ਹੋਏ ਪੁਲਿਸ ਲਾਠੀਚਾਰਜ ਦੀ ਸਖ਼ਤ ਨਿਖੇਧੀ ਕੀਤੀ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਮਜ਼ਦੂਰ ਆਗੂਆਂ ਦੀਆਂ ਮੰਗਾਂ ਦੀ ਛੇਤੀ ਸੁਣਵਾਈ ਕਰਕੇ ਮੰਗਾਂ ਮੰਨੀਆਂ ਜਾਣ। ਮੀਟਿੰਗ ਵਿੱਚ ਸ਼ਹੀਦ ਅਤੇ ਜਖ਼ਮੀ ਕਿਸਾਨ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੇ ਨਾਲ-ਨਾਲ ਸਾਰੀਆਂ ਫ਼ਸਲਾਂ ਲਈ ਵਿਆਪਕ ਅਤੇ ਪ੍ਰਭਾਵੀ ਫ਼ਸਲੀ ਬੀਮਾ ਯੋਜਨਾ, ਕਿਸਾਨ ਅਤੇ ਖੇਤ-ਮਜ਼ਦੂਰਾਂ ਲਈ ਮਹੀਨਾਵਾਰ ਪੈਨਸ਼ਨ ਸਕੀਮ ਲਾਗੂ ਕਰਨ ਅਤੇ ਕਿਸਾਨ ਅੰਦੋਲਨ ਦੌਰਾਨ ਸਾਰੇ ਸੂਬਿਆਂ ਅਤੇ ਕੇਂਦਰ ਸਾਸ਼ਤ ਪ੍ਰਦੇਸ਼ਾਂ ਵਿੱਚ ਦਰਜ ਹੋਏ ਪੁਲੀਸ ਕੇਸ ਵਾਪਸ ਲੈਣ ਸਮੇਤ ਕਿਸਾਨਾਂ ਮਜ਼ਦੂਰਾਂ ਦੀਆਂ ਭੱਖਦੀਆਂ ਮੰਗਾਂ ਉੱਪਰ ਵੀ ਵਿਚਾਰ ਕੀਤਾ ਗਿਆ। ਜਥੇਬੰਦੀ ਦੀ ਸੂਬਾ ਪੱਧਰੀ ਇਸ ਮੀਟਿੰਗ ਵਿੱਚ 16 ਜਿਲਿਆਂ ਦੇ ਪ੍ਰਧਾਨ ਅਤੇ ਜਨਰਲ-ਸਕੱਤਰ ਹਾਜ਼ਰ ਸਨ, ਜਿਨਾਂ ਨੇ ਜਥੇਬੰਦੀ ਦੇ ਸਾਰੇ ਪ੍ਰੋਗਰਾਮਾਂ ਨੂੰ ਜ਼ੋਰ-ਸ਼ੋਰ ਨਾਲ ਲਾਗੂ ਕਰਨ ਦਾ ਉਤਸ਼ਾਹ ਨਾਲ ਨਿਸ਼ਚਾ ਪ੍ਰਗਟ ਕੀਤਾ। ਇਸ ਮੌਕੇ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਗੁਰਮੀਤ ਸਿੰਘ ਭੱਟੀਵਾਲ, ਦਰਸ਼ਨ ਸਿੰਘ ਰਾਏਸਰ, ਪ੍ਰੈੱਸ ਸਕੱਤਰ ਬਲਵੰਤ ਸਿੰਘ ਉੱਪਲੀ, ਖਜ਼ਾਨਚੀ ਰਾਮ ਸਿੰਘ ਮਟੋਰੜਾ ਅਤੇ ਵਿਸ਼ੇਸ਼ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ ਆਦਿ ਵੀ ਹਾਜ਼ਰ ਸਨ।