ਕਿਸਾਨਾਂ ਨੇ ਮਜ਼ਬੂਰੀ ਵਸ ਗੋਭੀ ਦੀ ਫਸਲ ਵਾਹੀ
ਚੰਡੀਗੜ੍ਹ 14 ਮਾਰਚ (ਜੀ98 ਨਿਊਜ਼ ਸਰਵਿਸ)-“ਸਰਕਾਰਾਂ ਅਕਸਰ ਹੀ ਕਿਸਾਨ ਵਰਗ ਪ੍ਰਤੀ ਹਮਦਰਦ ਬਣਨ ਦੇ ਵੱਡੇ-ਵੱਡੇ ਦਾਅਵੇ ਕਰਦੀਆਂ ਹੋਈਆਂ ਲਾਚਾਰ ਤੇ ਬੇਵੱਸ ਕਿਸਾਨਾਂ ਨਾਲ ਹੇਜ਼ ਜਿਤਾੳਣ ਦੇ ਦਮਗਜ਼ੇ ਮਾਰਦੀਆਂ ਰਹਿੰਦੀਆਂ ਹਨ,ਜਦ ਕਿ ਹੇਠਲੇ ਪੱਧਰ ‘ਤੇ ਹਕੀਕੀ ਤੌਰ ‘ਤੇ ਸਭ ਕੁਝ ਇਸ ਦੇ ਉਲਟ ਹੋ ਰਿਹਾ ਹੈ।ਪੰਜਾਬ ਦੇ ਕਿਸਾਨਾਂ ਨੂੰ ਝੋਨੇ-ਕਣਕ ਦੇ ਫਸਲੀ ਚੱਕਰ ‘ਚੋਂ ਬਾਹਰ ਕੱਢਣ ਲਈ ਸਰਕਾਰਾਂ ਗੰਭੀਰ ਨਹੀਂ ਹਨ,ਜਿਸ ਕਾਰਨ ਪੰਜਾਬ ਦੀ ਧਰਤੀ ਦਾ ਪਾਣੀ ਖਤਮ ਹੋਣ ਦੀ ਸਥਿਤੀ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ।ਕਿਸਾਨ ਵਰਗ ਕਣਕ-ਝੋਨੇ ਦੇ ਫ਼ਸਲੀ ਚੱਕਰ ‘ਚ ਬੁਰੀ ਤਰ੍ਹਾਂ ਜਕੜ੍ਹ ਚੁੱਕਾ ਹੈ। ਮਹਿੰਗਾਈ ਯੁੱਗ ‘ਚ ਫਸਲਾਂ ਦੀ ਪੈਦਾਵਾਰ ਕਰਨ ਲਈ ਮਹਿੰਗੇ ਭਾਅ ਦੀ ਖਾਦ, ਤੇਲ ਅਤੇ ਕੀਟਨਾਸ਼ਕ ਦਵਾਈਆਂ ਦੀ ਖਰੀਦ ਕਰਨੀ ਕਿਸਾਨਾਂ ਦੇ ਵੱਸ ਤੋਂ ਬਾਹਰ ਹੋ ਚੁੱਕੀ ਹੈ।ਫਸਲਾਂ ਦੇ ਵਾਜਬ ਭਾਅ ਨਾ ਮਿਲਣ ਕਾਰਨ ਕਿਸਾਨਾਂ ਦੇ ਸਿਰ ‘ਤੇ ਕਰਜ਼ੇ ਦੀ ਪੰਡ ਦਿਨੋ-ਦਿਨ ਭਾਰੀ ਹੁੰਦੀ ਜਾ ਰਹੀ ਹੈ।ਜਿਸ ਕਾਰਨ ਕਿਸਾਨਾਂ ਦੇ ਪਰਿਵਾਰਾਂ ‘ਚ ਪੈਦਾ ਹੋਣ ਵਾਲੇ ਬੱਚੇ ਜਨਮ ਲੈਣ ਮੌਕੇ ਹੀ ਕਰਜ਼ਾਈ ਹੋ ਜਾਂਦੇ ਹਨ।ਅੰਨ ਦਾਤਾ ਕਹਾੳਣ ਵਾਲਾ ਕਿਸਾਨ ਕਰਜ਼ੇ ਦੀ ਮਾਰ ਕਾਰਨ ਲਾਚਾਰ ਤੇ ਬੇਵੱਸ ਹੋਣ ਕਰਕੇ ਖੁਦਕਸ਼ੀਆਂ ਕਰਨ ਲਈ ਮਜ਼ਬੂਰ ਹੋ ਰਿਹਾ ਹੈ”। ਇਹ ਚਿੰਤਾ ਕਿਸਾਨ ਯੂਥ ਆਰਗੇਨਾਈਜੇਸ਼ਨ ਆਫ ਇੰਡੀਆ (ਕੇਵਾਈਓਆਈ)ਦੇ ਸੂਬਾ ਪ੍ਰਧਾਨ ਨਿਰਮਲ ਦੋਸਤ ਰਾਏਕੋਟ ਨੇ ਪ੍ਰੈੱਸ ਨੂੰ ਜਾਰੀ ਇੱਕ ਬਿਆਨ ‘ਚ ਕੀਤੀ ਹੈ।
ਨਿਰਮਲ ਦੋਸਤ ਨੇ ਇਸੇ ਸੰਦਰਭ ‘ਚ ਅੱਗੇ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੂਪਾ (ਬੀਜਾ)ਦੇ ਦੋ ਕਿਸਾਨਾਂ ਹਰਪਾਲ ਸਿੰਘ ਅਤੇ ਮਲਕੀਤ ਸਿੰਘ ਨੇ ਆਪਣੇ ਖੇਤਾਂ ਅੰਦਰ ਬੀਜੀ ਹੋਈ ਗੋਭੀ ਦੀ 4 ਕਿਲ੍ਹੇ ਫ਼ਸਲ ਮਜ਼ਬੂਰੀ ਵੱਸ ਵਾਹ ਦਿੱਤੀ, ਕਿਉਂਕਿ ਮੰਡੀ ‘ਚ ਗੋਭੀ ਦੀ ਫਸਲ ਦਾ ਵਾਜਬ ਭਾਅ ਮਿਲ ਨਹੀਂ ਰਿਹਾ ਸੀ,ਜਦਕਿ ਪੈਦਾਵਾਰ ਲਈ ਲਾਗਤ ਜ਼ਿਆਦਾ ਆ ਗਈ ਸੀ। ਨਿਰਮਲ ਦੋਸਤ ਨੇ ਉਪਰੋਕਤ ਪੀੜ੍ਹਤ ਕਿਸਾਨਾਂ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਪੀੜ੍ਹਤ ਪਰਿਵਾਰਾਂ ਨੂੰ ਬਣਦਾ ਯੋਗ ਮੁਆਵਜ਼ਾ ਦਿੱਤਾ ਜਾਵੇ ਅਤੇ ਖੇਤੀ ਸੈਕਟਰ ਵੱਲ ਉਚੇਚਾ ਧਿਆਨ ਦਿੱਤਾ ਜਾਵੇ।ਕਣਕ ਝੋਨੇ ਦੇ ਫਸਲੀ ਚੱਕਰ ‘ਚੋਂ ਕਿਸਾਨਾਂ ਨੂੰ ਬਾਹਰ ਕੱਢਣ ਲਈ ਕਣਕ-ਝੋਨੇ ਦੇ ਬਦਲ ਵਾਲੀਆਂ ਫਸਲਾਂ ਲਈ ਮੰਡੀਕਰਨ ਦੇ ਯੋਗ ਪ੍ਰਬੰਧ ਕੀਤੇ ਜਾਣ, ਕਿਉਂਕਿ ਦੇਸ਼ ਦੀ ਆਰਥਿਕਤਾ ਖੇਤੀ ‘ਤੇ ਨਿਰਭਰ ਕਰਦੀ ਹੈ।