Gee 98News

ਹਫ਼ਤੇ ਦੇ 3-3 ਦਿਨ ਦੋ ਪਤਨੀਆਂ ਵਿਚਕਾਰ ਵੰਡਿਆ ਗਿਆ ਪਤੀ..ਐਤਵਾਰ ਹੋਵੇਗਾ ਮਰਜ਼ੀ ਦਾ ਮਾਲਕ

-ਵਿਆਹੁਤਾ ਵਿਅਕਤੀ ਵੱਲੋਂ ਦੂਜਾ ਵਿਆਹ ਕਰਵਾਉਣ ‘ਤੇ ਹੋਈ ਅਨੋਖੀ ਵੰਡ

ਚੰਡੀਗੜ੍ਹ 14 ਮਾਰਚ (ਜੀ98 ਨਿਊਜ਼ ਸਰਵਿਸ)-ਆਮ ਤੌਰ ‘ਤੇ ਜ਼ਮੀਨ- ਜਾਇਦਾਦ ਦੀ ਵੰਡ ਤਾਂ ਹੁੰਦੀ ਦੇਖੀ-ਸੁਣੀ ਹੈ ਪ੍ਰੰਤੂ ਹੁਣ ਇੱਕ ਪਤੀ ਦੀ ਦੋ ਪਤਨੀਆਂ ਵਿਚਕਾਰ ਵੰਡ ਦੀ ਦਿਲਚਸਪ ਕਹਾਣੀ ਸਾਹਮਣੇ ਆਈ ਹੈ । ਵੰਡ ਮੁਤਾਬਕ ਹਫਤੇ ਦੇ ਤਿੰਨ ਦਿਨ ਪਤੀ ਇੱਕ ਪਤਨੀ ਨਾਲ ਰਹੇਗਾ ਅਤੇ ਤਿੰਨ ਦਿਨ ਦੂਜੀ ਪਤਨੀ ਨਾਲ ਰਹੇਗਾ ਜਦਕਿ ਐਤਵਾਰ ਪਤੀ ਨੂੰ ਛੁੱਟੀ ਹੋਵੇਗੀ ਭਾਵ ਉਹ ਆਪਣੀ ਮਰਜ਼ੀ ਦਾ ਮਾਲਕ ਹੋਏਗਾ । ਇਹ ਮਾਮਲਾ ਮੱਧ ਪ੍ਰਦੇਸ਼ ਦੇ ਗਵਾਲੀਅਰ ਨਾਲ ਸਬੰਧਿਤ ਹੈ ਜਿੱਥੋਂ ਦਾ ਇੱਕ ਸਾਫਟਵੇਅਰ ਇੰਜਨੀਅਰ ਸ਼ਾਦੀਸ਼ੁਦਾ ਨੌਜਵਾਨ ਹਰਿਆਣਾ ਦੇ ਗੁਰੂ੍ਗ੍ਰਾਮ (ਹਰਿਆਣਾ) ਨੌਕਰੀ ਕਰਨ ਆਇਆ ਅਤੇ ਆਪਣੀ ਸਾਥੀ ਮਹਿਲਾ ਮੁਲਾਜ਼ਮ ਨੂੰ ਦਿਲ ਦੇ ਬੈਠਾ । ਦੋਵੇਂ ਜਣੇ ਪਹਿਲਾਂ ਲਿਵ-ਇਨ-ਰਿਲੇਸ਼ਨਸ਼ਿਪ ‘ਚ ਰਹਿੰਦੇ ਰਹੇ ਅਤੇ ਫਿਰ ਬਾਅਦ ਵਿੱਚ ਦੋਵਾਂ ਨੇ ਵਿਆਹ ਕਰਵਾ ਲਿਆ। ਨੌਜਵਾਨ ਨੇ ਦੂਜੀ ਪਤਨੀ ਨੂੰ ਆਪਣੇ ਪਹਿਲੇ ਵਿਆਹ ਤੋਂ ਧੋਖੇ ਵਿੱਚ ਰੱਖਿਆ। ਕਾਫ਼ੀ ਸਮਾਂ ਜਦ ਨੌਜਵਾਨ ਵਾਪਸ ਗਵਾਲੀਅਰ ਆਪਣੀ ਪਹਿਲੀ ਪਤਨੀ ਕੋਲ ਨਾ ਗਿਆ ਤਾਂ ਉਹ ਖੁਦ ਗੁਰੂ ਗਰਾਮ ਆਈ ਜਿਸਤੋਂ ਬਾਅਦ ਉਸ ਦੇ ਪਤੀ ਦੇ ਦੂਜੇ ਵਿਆਹ ਦਾ ਭਾਂਡਾ ਫੁਟਿਆ । ਪਹਿਲੀ ਪਤਨੀ ਨੇ ਵਾਪਸ ਗਵਾਲੀਅਰ ਜਾ ਕੇ ਅਦਾਲਤ ਵਿੱਚ ਗੁਜ਼ਾਰੇ ਭੱਤੇ ਦਾ ਕੇਸ ਕਰਨ ਦੀ ਤਿਆਰੀ ਕੀਤੀ ਹੈ ਪਰ ਕੌਂਸਲਰ ਹਰੀਸ਼ ਦੀਵਾਨ ਅਤੇ ਹੋਰ ਵਿਅਕਤੀਆਂ ਨੇ ਇਸ ਮਾਮਲੇ ਨੂੰ ਪੰਚਾਇਤੀ ਤੌਰ ‘ਤੇ ਸੁਲਝਾਉਂਦੇ ਹੋਏ ਪਤੀ ਦੀ ਦੋਵਾਂ ਪਤਨੀਆਂ ਵਿਚਕਾਰ ਵੰਡ ਕਰ ਦਿੱਤੀ । ਸਮਝੌਤੇ ਅਨੁਸਾਰ ਇੰਜਨੀਅਰ ਪਤੀ ਦੋਵੇਂ ਪਤਨੀਆਂ ਨੂੰ ਗੁਰੂ੍ਗ੍ਰਾਮ ਵਿੱਚ ਵੱਖ-ਵੱਖ ਫਲੈਟ ਲੈ ਕੇ ਦੇਵੇਗਾ। ਉਹ ਹਫ਼ਤੇ ਤਿੰਨ ਦਿਨ ਇੱਕ ਪਤਨੀ ਨਾਲ ਅਤੇ ਤਿੰਨ ਦਿਨ ਦੂਜੀ ਪਤਨੀ ਨਾਲ ਰਹੇਗਾ । ਇੰਜੀਨੀਅਰ ਪਤੀ ਇੱਕ ਦਿਨ ਇੱਕ ਪਤਨੀ ਦੇ ਘਰ ਖਾਣਾ ਖਾਵੇਗਾ ਅਤੇ ਦੂਜੇ ਦਿਨ ਦੂਜੀ ਪਤਨੀ ਦੇ ਘਰ ਖਾਣਾ ਖਾਣ ਜਾਵੇਗਾ। ਇੰਜਿਨੀਅਰ ਪਤੀ ਆਪਣੇ ਖਰਚੇ ਲਈ ਪੈਸੇ ਕੱਢ ਕੇ ਬਾਕੀ ਬਚਦੀ ਤਨਖਾਹ ਦੋਵੇਂ ਪਤਨੀਆਂ ਵਿਚਕਾਰ ਅੱਧੋ-ਅੱਧ ਵੰਡੇਗਾ। ਦੋ ਪਤਨੀਆਂ ਵਿਚਕਾਰ ਪਤੀ ਦੀ ਇਹ ਅਨੋਖੀ ਵੰਡ ਸੋਸ਼ਲ ਮੀਡੀਆ ‘ਤੇ ਸੁਰਖ਼ੀਆਂ ਬਟੋਰ ਰਹੀ ਹੈ।

error: Content is protected !!