ਚੰਡੀਗੜ੍ਹ 17 ਮਾਰਚ ( ਜੀ98 ਨਿਊਜ਼ ਸਰਵਿਸ )-ਮੋਟਰਸਾਈਕਲ ‘ਤੇ ਸਵਾਰ ਅਣਪਛਾਤਿਆਂ ਵੱਲੋਂ ਗੋਲੀ ਮਾਰ ਕੇ ਇੱਕ 6 ਸਾਲ ਦੇ ਬੱਚੇ ਨੂੰ ਮੌਤ ਦੇ ਘਾਟ ਉਤਾਰਨ ਦੀ ਦੁਖਦਾਈ ਖ਼ਬਰ ਮਿਲੀ ਹੈ ।ਇਹ ਘਟਨਾ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀ ਕਲਾਂ ਨਾਲ ਸਬੰਧਿਤ ਹੈ ਜਿਥੋਂ ਦਾ ਇੱਕ ਵਿਅਕਤੀ ਜਸਪ੍ਰੀਤ ਸਿੰਘ ਆਪਣੇ 6 ਸਾਲ ਦੇ ਪੁੱਤਰ ਉਦੈਵੀਰ ਸਿੰਘ ਅਤੇ ਬੇਟੀ ਨਵਸੀਰਤ ਨਾਲ ਘਰ ਨੂੰ ਜਾ ਰਿਹਾ ਸੀ ਇਸ ਦੌਰਾਨ ਦੋ ਮੋਟਰਸਾਈਕਲ ਸਵਾਰਾਂ ਨੇ ਉਸ ਉੱਪਰ ਗੋਲੀ ਚਲਾ ਦਿੱਤੀ ਜੋ 6 ਸਾਲ ਦੇ ਉਦੈਵੀਰ ਨੂੰ ਲੱਗੀ ਜਿਸ ਨਾਲ ਉਸ ਦੀ ਮੌਤ ਹੋ ਗਈ, ਅਣਪਛਾਤਿਆਂ ਵੱਲੋਂ ਚਲਾਈ ਗੋਲੀ ਦੇ ਕੁੱਝ ਛੱਰੇ ਬੇਟੀ ਨਵਸੀਰਤ ਨੂੰ ਵੀ ਲੱਗੇ ਜਿਸ ਕਾਰਨ ਉਹ ਜ਼ਖਮੀ ਹੋ ਗਈ । ਘਟਨਾ ਤੋਂ ਬਾਅਦ ਦੋਵਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਦੈਵੀਰ ਨੂੰ ਮ੍ਰਿਤਕ ਐਲਾਨ ਦਿੱਤਾ । ਘਟਨਾ ਦੀ ਸੂਚਨਾ ਮਿਲਦੇ ਹੀ ਜ਼ਿਲਾ ਪੁਲਿਸ ਮੁਖੀ ਡਾ. ਨਾਨਕ ਸਿੰਘ ਮੌਕੇ ‘ਤੇ ਪੁੱਜੇ । ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕਰ ਰਹੀ ਹੈ । 6 ਸਾਲ ਦੇ ਮਾਸੂਮ ਬੱਚੇ ਦੀ ਗੋਲੀ ਨਾਲ ਮੌਤ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਸ ਖ਼ਬਰ ਨੇ ਸੂਬੇ ਦੇ ਅਮਨ ਕਾਨੂੰਨ ਦੇ ਹਾਲਾਤਾਂ ਉਪਰ ਸਵਾਲ ਖੜ੍ਹੇ ਕੀਤੇ ਹਨ ।








