-ਹਰਿਆਣਾ ‘ਚ ਫੜੇ ਗਏ ਨਸ਼ੀਲੇ ਟੀਕਿਆਂ ਦੀ ਤਾਰ ਜੁੜੀ ਪੰਜਾਬ ਨਾਲ
ਚੰਡੀਗੜ੍ਹ, 17 ਮਾਰਚ (ਜੀ98 ਨਿਊਜ਼ ਸਰਵਿਸ)-ਪੰਜਾਬ ਦੇ ਕੁਝ ਕਬੱਡੀ ਖਿਡਾਰੀਆਂ ਵੱਲੋਂ ਆਪਣੇ ਸਰੀਰ ਨੂੰ “ਬੋਨਸ ਤਾਕਤ” ਦੇਣ ਲਈ ਕੁਝ ਪਾਬੰਦੀਸ਼ੁਦਾ ਦਵਾਈਆਂ ਦੀ ਵਰਤੋਂ ਸਬੰਧੀ ਖ਼ਬਰਾਂ ਅਕਸਰ ਮਿਲਦੀਆਂ ਰਹਿੰਦੀਆਂ ਹਨ । ਪੰਜਾਬ ਦੇ ਪਿੰਡਾਂ ਵਿੱਚ ਕਬੱਡੀ ਦੇ ਟੂਰਨਾਮੈਂਟ ਦੇ ਨੇੜਲੇ ਥਾਵਾਂ ‘ਤੇ ਖਾਲੀ ਸਰਿੰਜਾਂ ਅਤੇ ਵਰਤੇ ਗਏ ਟੀਕੇ ਮਿਲਣ ਦੀਆਂ ਸੁਰਖੀਆਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ । ਬੀਤੇ ਦਿਨੀਂ ਹਰਿਆਣਾ ਪੁਲਿਸ ਵੱਲੋਂ ਕਾਬੂ ਕੀਤੇ ਇੱਕ ਵਿਅਕਤੀ ਦੇ ਇਕਬਾਲੀਆ ਬਿਆਨ ਨੇ ਉਕਤ ਚਰਚਾ ਨੂੰ ਹੋਰ ਪੁਖਤਗੀ ਦਿੱਤੀ ਹੈ । ਹਰਿਆਣਾ ਵਿੱਚ ਹਾਂਸੀ ਪੁਲਿਸ ਨੇ ਇਕ ਕਬੱਡੀ ਖਿਡਾਰੀ ਨੂੰ 500 ਤਾਕਤ ਦੇ ਟੀਕਿਆਂ ਸਮੇਤ ਕਾਬੂ ਕੀਤਾ ਹੈ । ਉਸ ਕੋਲੋਂ 200 ਪਾਬੰਦੀਸ਼ੁਦਾ ਟੀਕੇ ਵੀ ਬਰਾਮਦ ਹੋਏ ਹਨ । ਨਸ਼ਾ ਰੋਕੂ ਸੈੱਲ ਦੀ ਟੀਮ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਅਜੈ ਨਾਮ ਦੇ ਇਸ ਕਬੱਡੀ ਖਿਡਾਰੀ ਨੇ ਖੁਲਾਸਾ ਕੀਤਾ ਹੈ ਕਿ ਟੀਕਿਆਂ ਦੀ ਇਹ ਖੇਪ ਪੰਜਾਬ ਦੇ ਖਿਡਾਰੀਆਂ ਨੂੰ ਦਿੱਤੀ ਜਾਣੀ ਸੀ । ਪੁਲਿਸ ਨੇ ਇੱਕ ਸੂਚਨਾ ਦੇ ਅਧਾਰ ‘ਤੇ ਹਾਂਸੀ ਨੇੜੇ ਨਾਕਾਬੰਦੀ ਦੌਰਾਨ ਗੱਡੀ ਨੰਬਰ HR 12 AF 6262 ਸਵਿਫਟ ਡਿਜਾਇਰ ਵਿੱਚੋਂ ਉਕਤ ਵਿਅਕਤੀ ਨੂੰ ਨਸ਼ੀਲੇ ਪਦਾਰਥਾਂ ਅਤੇ ਪਾਬੰਦੀਸ਼ੁਦਾ ਟੀਕਿਆਂ ਸਮੇਤ ਕਾਬੂ ਕੀਤਾ । ਇਸ ਮੌਕੇ ਡਰੱਗ ਕੰਟਰੋਲਰ ਦਿਨੇਸ਼ ਰਾਣਾ ਅਤੇ ਗਜ਼ਟਿਡ ਅਫ਼ਸਰ ਡਾਕਟਰ ਸੁਧੀਰ ਮਲਿਕ ਵੀ ਹਾਜ਼ਰ ਸਨ । ਪੁਲਿਸ ਅਧਿਕਾਰੀਆਂ ਅਨੁਸਾਰ ਫੜੇ ਗਏ ਵਿਅਕਤੀ ਕੋਲੋਂ ਰਿਮਾਂਡ ਦੌਰਾਨ ਪੁੱਛਗਿੱਛ ਕਰਕੇ ਪਤਾ ਲਗਾਇਆ ਜਾਵੇਗਾ ਕਿ ਇਹ ਨਸ਼ੀਲੇ ਟੀਕੇ ਕਿੱਥੋਂ ਆਏ ਅਤੇ ਪੰਜਾਬ ‘ਚ ਕਿੱਥੇ ਸਪਲਾਈ ਕੀਤੇ ਜਾਣੇ ਸਨ । ਪੰਜਾਬ ਸਰਕਾਰ ਨੂੰ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਨਸ਼ਿਆਂ ਦੇ ਪਰਛਾਵੇਂ ਤੋਂ ਬਾਹਰ ਕੱਢਿਆ ਜਾ ਸਕੇ ।








