ਬਰਨਾਲਾ 17 ਮਾਰਚ (ਨਿਰਮਲ ਸਿੰਘ ਪੰਡੋਰੀ)-
ਪਾਵਰਕੌਮ ਦੀਆਂ ਸਮੁੱਚੀਆਂ ਜਥੇਬੰਦੀਆਂ ਦੇ ਸੂਬਾ ਕਮੇਟੀਆਂ ਦੇ ਸੱਦੇ ‘ਤੇ ਪਾਵਰਕੌਮ ਦੇ ਮੁੱਖ ਦਫਤਰ ਧਨੌਲਾ ਰੋਡ ਬਰਨਾਲਾ ਵਿਖੇ ਵਿਸ਼ਾਲ ਰੈਲੀ ਕੀਤੀ ਗਈ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਗੁਰਲਾਭ ਸਿੰਘ ਮੌੜ , ਗੁਰਮੀਤ ਸਿੰਘ ਦਾਨਗੜ੍ਹ, ਹਰਦੀਪ ਸਿੰਘ ਐਮ ਓ ਯੂ , ਦਲਜੀਤ ਸਿੰਘ ਬਰਨਾਲਾ, ਚੇਤ ਸਿੰਘ ਜਲੂਰ , ਅੰਤਪਾਲ ਸਿੰਘ ਜੇ ਈ ਕੌਂਸਲ , ਜਸਪਾਲ ਸਿੰਘ ਧਨੌਲਾ, ਮੇਲਾ ਸਿੰਘ ਕੱਟੂ, ਰਾਮਪਾਲ ਸਿੰਘ ਧਨੌਲਾ, ਜਗਤਾਰ ਸਿੰਘ ਖੇੜੀ ਨੇ ਕਿਹਾ ਕਿ CRA 295/19 ਰਾਹੀਂ ਭਰਤੀ ਸਹਾਇਕ ਲਾਈਨ ਮੈਨਾਂ ਤੇ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤੇ ਤਾਜ਼ਾ ਮੁਕੱਦਮਿਆਂ ਦੇ ਵਿਰੋਧ ਵਿੱਚ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਆਗੂਆਂ ਕਿਹਾ ਕਿ 9 ਮਾਰਚ ਤੋਂ ਇਹ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ। ਅੱਜ ਪਹਿਲੇ ਪੜਾਅ ਦਾ ਆਖਰੀ ਦਿਨ ਹੈ ਅਤੇ ਆਉਣ ਵਾਲੇ ਸਮੇ ਵਿੱਚ ਇਸ ਸੰਘਰਸ਼ ਨੂੰ ਜਿੱਤ ਤੱਕ ਲਿਜਾਣ ਲਈ ਹੋਰ ਤੇਜ ਕੀਤਾ ਜਾਵੇਗਾ । ਇਸ ਸੰਘਰਸ਼ ਨੂੰ ਪਿੰਡਾਂ ਦੀਆਂ ਸੱਥਾਂ ਤੱਕ ਲੈ ਕੇ ਜਾਣ ਦਾ ਫੈਸਲਾ ਕੀਤਾ ਕਿ ਇਸ ਨੂੰ ਲੋਕ ਸੰਘਰਸ਼ ਦੇ ਏਕੇ ਨਾਲ ਜਿੱਤਿਆ ਜਾਵੇਗਾ । ਇਸ ਰੋਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੈਨਸ਼ਨਰ ਯੂਨੀਅਨ ਦੇ ਆਗੂ ਸੁਖਜੰਟ ਸਿੰਘ ਬਰਨਾਲਾ ਨੇ ਕਿਹਾ ਕਿ ਸਰਕਾਰ ਸਾਮਰਾਜੀ ਦਿਸ਼ਾ ਨਿਰਦੇਸ਼ਾਂ ਤਹਿਤ ਪਾਵਰਕੌਮ ਕੰਪਨੀਆਂ ਵਿੱਚ ਹਜ਼ਾਰਾਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਨਵੀਂ ਭਰਤੀ ਨਹੀਂ ਕਰ ਰਹੀ ਹੈ, ਆਊਟਸੋਰਸਿੰਗ ਅਤੇ ਠੇਕੇਦਾਰੀ ਸਿਸਟਮ ਦੀ ਨੀਤੀ ਨੂੰ ਲਾਗੂ ਕਰਦਿਆਂ ਕੱਚੇ ਕਾਮਿਆਂ ਦਾ ਸ਼ੋਸ਼ਣ ਕਰ ਰਹੀ ਹੈ, ਕੱਚੇ ਕਾਮਿਆਂ ਨੂੰ ਪੱਕੇ ਕਰਨ ਦੀ ਥਾਂ ਉਨ੍ਹਾਂ ਦੀ ਛਾਂਟੀ ਕਰ ਰਹੀ ਹੈ। ਅਜਿਹਾ ਹੋਣ ਨਾਲ ਆਮ ਲੋਕਾਈ ਦੇ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੋਰਨਾਂ ਆਗੂਆਂ ਤੋ ਇਲਾਵਾ ਹਰਜਿੰਦਰ ਸਿੰਘ ਐਮ ਓ ਯੂ , ਜਰਨੈਲ ਸਿੰਘ ਭਗਤਪੁਰਾ ਮੌੜ ਨੇ ਵੀ ਸੰਬੋਧਨ ਕੀਤਾ ਅੰਤ ਵਿੱਚ ਰੋਸ ਰੈਲੀ ਦੀ ਪ੍ਰਧਾਨਗੀ ਕਰਦੇ ਹੋਏ ਕੁਲਵੀਰ ਸਿੰਘ ਔਲਖ ਸਰਕਲ ਆਗੂ ਨੇ ਕਿਹਾ ਕਿ ਅੱਜ ਆਪਾਂ ਸੰਘਰਸ਼ ਦੇ ਪਹਿਲੇ ਪੜਾਅ ਨੂੰ ਦ੍ਰਿੜ ਇਰਾਦੇ ਨਾਲ ਸਫ਼ਲਤਾ ਪੂਰਵਕ ਪੂਰਾ ਕਰ ਲਿਆ ਹੈ,ਆਉਣ ਵਾਲੇ ਦਿਨਾਂ ਚ ਸਟੇਟ ਕਮੇਟੀਆਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ ਨਵੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਜਿਸ ਲਈ ਸਾਰੇ ਸਾਥੀਆ ਨੂੰ ਤਿਆਰ ਰਹਿਣਾ ਚਾਹੀਦਾ ਹੈ। ਆਪਣੇ ਸੰਘਰਸ਼ ਰਾਹੀ ਆਪਣੇ ਏਕੇ ਨੂੰ ਮਜਬੂਤ ਕਰਦੇ ਹੋਏ ਜਿੱਤ ਤੱਕ ਲਿਜਾਣਾ ਹੈ। ਸਾਰੇ ਸਾਥੀਆਂ ਦਾ ਧੰਨਵਾਦ ਕਰਦੇ ਹੋਏ ਆਉਣ ਵਾਲੇ ਦਿਨਾਂ ਵਿੱਚ ਆਪਣੇ ਪਰਿਵਾਰਾਂ ਨੂੰ ਵੀ ਤਿਆਰ ਬਰ ਤਿਆਰ ਰਹਿਣ ਲਈ ਵੀ ਪ੍ਰੇਰਿਤ ਕੀਤਾ ਗਿਆ । ਰੈਲੀ ਦੇ ਅੰਤ ਵਿੱਚ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਮੰਗ ਕੀਤੀ ਗਈ, ਤਿੰਨ ਸਾਲ ਤੋਂ ਡਿਉਟੀ ਕਰਦੇ ਸਹਾਇਕਾਂ ਲਾਈਨਮੈਨਾਂ ਤੇ ਦਰਜ ਕੀਤੇ ਕੇਸ ਰੱਦ ਕੀਤੇ ਜਾਣ,ਬੇਲੋੜੀ ਖੱਜਲ ਖੁਆਰੀ ਬੰਦ ਕੀਤੀ ਜਾਵੇ।ਸਟੇਜ ਦਾ ਸੰਚਾਲਨ ਰਜੇਸ਼ ਕੁਮਾਰ ਬੰਟੀ ਨੇ ਬਾਖੂਬੀ ਕੀਤਾ ।









