Skip to main content

Gee 98News

ਵਿਧਾਨ ਸਭਾ ਦੇ ਘਿਰਾਓ ਲਈ ਬਰਨਾਲੇ ਤੋਂ ਕਾਮਰੇਡ ਮੱਖਣ ਰਾਮਗੜ ਦੀ ਅਗਵਾਈ ਵਿੱਚ ਮਜਦੂਰਾਂ ਦਾ ਰਵਾਨਾ

ਬਰਨਾਲਾ 17 ਮਾਰਚ ( ਨਿਰਮਲ ਸਿੰਘ ਪੰਡੋਰੀ )- ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਜ਼ਦੂਰ ਯੂਨੀਅਨਾਂ ਨੂੰ ਮੀਟਿੰਗ ਦਾ ਸਮਾਂ ਦੇ ਕੇ ਵਾਰ ਵਾਰ ਮੁੱਕਰਨ ਅਤੇ ਮਜ਼ਦੂਰਾਂ ਦੀਆਂ ਮੰਗਾਂ ਪ੍ਰਤੀ ਬੇਰੁਖ਼ੀ ਅਪਣਾਉਣ ਦੇ ਰੋਸ ਵਜੋਂ ਵਿਧਾਨ ਸਭਾ ਦੇ ਘਿਰਾਓ ਲਈ ਬਰਨਾਲਾ ਤੋਂ ਮਜ਼ਦੂਰਾਂ ਦਾ ਜਥਾ ਰਵਾਨਾ ਹੋਇਆ ।ਰਵਾਨਾ ਹੋਣ ਸਮੇਂ ਇਕੱਠ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚੇ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸਿੰਗਾਰਾ ਸਿੰਘ ਚੁਹਾਣਕੇ ਕਲਾਂ ਨੇ ਕਿਹਾ ਕਿ ਇੱਕ ਸਾਲ ਤੋਂ ਮੁੱਖ ਮੰਤਰੀ ਭਗਵੰਤ ਮਾਨ ਮਜਦੂਰਾਂ ਨੂੰ ਮੀਟਿੰਗ ਦਾ ਟਾਈਮ ਦੇ ਕੇ ਵਾਰ ਵਾਰ ਮੀਟਿੰਗ ਰੱਦ ਕਰਕੇ ਮਜ਼ਦੂਰਾਂ ਦਾ ਮਜ਼ਾਕ ਉਡਾਉਂਦਾ ਆ ਰਿਹਾ ਹੈ। ਜਥੇਬੰਦੀਆਂ ਦੇ ਆਗੂਆਂ ਨੂੰ ਚੰਡੀਗੜ੍ਹ ਮੀਟਿੰਗ ਲਈ ਬੁਲਾਕੇ, ਉਥੋਂ ਜ਼ਲੀਲ ਕਰਕੇ ਮੋੜਦਾ ਰਿਹਾ ਹੈ ਅੱਜ ਫੇਰ ਛੇਵੀਂ ਵਾਰ ਮੀਟਿੰਗ ਰੱਦ ਕਰਕੇ ਪੰਜਾਬ ਦੇ ਸਮੁੱਚੇ ਮਜ਼ਦੂਰ ਵਰਗ ਦਾ ਮਜ਼ਾਕ ਉਡਾਇਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਵਾਰ ਵਾਰ ਮੀਟਿੰਗ ਰੱਦ ਕਰਨ ਕਰਕੇ ਮਜ਼ਦੂਰ ਵਰਗ ਵਿੱਚ ਭਾਰੀ ਨਿਰਾਸ਼ਤਾ ਸਾਈ ਹੋਈ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੂਰਾ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਮਜ਼ਦੂਰ ਵਰਗ ਲਈ ਇੱਕ ਵੀ ਸ਼ਬਦ ਮੂੰਹੋਂ ਨਹੀਂ ਬੋਲਿਆ ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਮੁੱਖ ਮੰਤਰੀ ਲੋਕਾਂ ਦਾ ਨਹੀਂ ਬਲਕਿ ਕਿਸੇ ਖਾਸ ਫ਼ਿਰਕੇ ਦਾ ਮੁੱਖ ਮੰਤਰੀ ਹੈ। ਵੋਟਾਂ ਤੋਂ ਪਹਿਲਾਂ ਮਜ਼ਦੂਰਾਂ ਨਾਲ ਬਹੁਤ ਸਾਰੀਆਂ ਗਰੰਟੀਆਂ ਕੀਤੀਆਂ ਸਨ ਪਰ ਹੁਣ ਮੁੱਖ ਮੰਤਰੀ ਸਾਰੀਆਂ ਗਰੰਟੀਆਂ ਤੋਂ ਭੱਜ ਗਿਆ ਹੈ। ਉਨ੍ਹਾਂ ਕਿਹਾ ਕਿ ਦੋਵੇਂ ਵਾਰ ਬਜਟ ਵਿੱਚ ਵੀ ਮਜ਼ਦੂਰਾਂ ਲਈ ਕੁੱਝ ਨਹੀਂ ਰੱਖਿਆ। ਉਨ੍ਹਾਂ ਨੇ ਅੱਗੇ ਕਿਹਾ ਕਿ ਅੱਜ ਹਜ਼ਾਰਾਂ ਗਿਣਤੀ ਵਿੱਚ ਮਜ਼ਦੂਰ ਚੰਡੀਗੜ ਪਹੁੰਚ ਰਹੇ ਹਨ ਅਤੇ ਸਰਕਾਰ ਦੀ ਹਰ ਰੋਕ ਤੋੜ ਕੇ ਵਿਧਾਨ ਸਭਾ ਦੇ ਗੇਟ ਤੱਕ ਪਹੁੰਚਣਗੇ। ਇਸ ਮੌਕੇ ਮਜਦੂਰ ਮੁਕਤੀ ਮੋਰਚੇ ਦੇ ਜਿਲਾ ਆਗੂਆਂ ਕਾਮਰੇਡ ਗੁਰਜੰਟ ਸਿੰਘ ਢਿਲਵਾਂ, ਨਾਨਕ ਸਿੰਘ ਤਪਾ, ਜੁਗਰਾਜ ਸਿੰਘ ਤਾਜੋ, ਗੁਰਜੀਤ ਸਿੰਘ ਕਰਮਗੜ, ਰੋਸ਼ਨ ਧੌਲਾ, ਮੰਗੂ ਖਾਨ ਧੌਲਾ ,ਮਹਿਮਾ ਸਿੰਘ ਭਦੌੜ, ਅਤੇ ਹਰਚਰਨ ਸਿੰਘ ਰੂੜੇਕੇ ਜਥੇ ਵਿੱਚ ਮੌਜੂਦ ਸਨ।

error: Content is protected !!