ਲੁਧਿਆਣਾ, 5 ਅਪ੍ਰੈਲ -ਸੈਂਟਰਲ ਜੇਲ੍ਹ ਲੁਧਿਆਣਾ ਵਿੱਚੋਂ ਮੋਬਾਇਲ ਫੋਨ, ਨਸ਼ੀਲੇ ਪਦਾਰਥ ਅਤੇ ਹੋਰ ਵਰਜਿਤ ਸਾਮਾਨ ਦੀ ਲਗਾਤਾਰ ਬਰਾਮਦਗੀ ਜੇਲ੍ਹ ਦੀ ਸੁਰੱਖਿਆ ਅਤੇ ਜੇਲ੍ਹ ਪ੍ਰਸ਼ਾਸਨ ‘ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ। ਜ਼ਿਕਰਯੋਗ ਹੈ ਕਿ ਪਹਿਲਾਂ 27 ਮਾਰਚ ਨੂੰ 8 ਅਤੇ 28 ਮਾਰਚ ਨੂੰ ਵੀ 1 ਮੋਬਾਇਲ ਸੈਂਟਰਲ ਜੇਲ੍ਹ ਵਿੱਚੋਂ ਮਿਲਿਆ ਸੀ ਅਤੇ ਫਿਰ 29 ਮਾਰਚ ਨੂੰ ਕੀਤੀ ਚੈਕਿੰਗ ਦੌਰਾਨ ਜੇਲ੍ਹ ਅੰਦਰੋਂ ਵੱਖ ਵੱਖ ਕੰਪਨੀਆਂ ਦੇ 10 ਮੋਬਾਇਲ, 149 ਪੈਕਟ ਤੰਬਾਕੂ, 10 ਪੈਕੇਟ ਬੀੜੀਆਂ ਅਤੇ ਇੱਕ ਮੋਬਾਇਲ ਚਾਰਜਰ ਲਵਾਰਿਸ ਹਾਲਤ ’ਚ ਬਰਾਮਦ ਹੋਇਆ ਸੀ। ਪੁਲਿਸ ਵੱਲੋਂ ਜੇਲ੍ਹ ਅਧਿਕਾਰੀਆਂ ਦੇ ਬਿਆਨਾਂ ਅਨੁਸਾਰ ਨਾਮਲੂਮ ਹਵਾਲਾਤੀ/ਕੈਦੀ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ 7 ਮਾਮਲਾ ਦਰਜ ਕੀਤਾ ਗਿਆ ਹੈ। ਗ਼ੌਰਤਲਬ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਜੇਲ੍ਹ ਵਿੱਚੋਂ ਹੀ ਦੋ ਇੰਟਰਵਿਊਜ਼ ਇੱਕ ਨਿੱਜੀ ਟੀਵੀ ਚੈਨਲ ‘ਤੇ ਪ੍ਰਸਾਰਿਤ ਹੋਣ ਤੋਂ ਬਾਅਦ ਪੰਜਾਬ ਸਰਕਾਰ ਦੀ ਬਹੁਤ ਕਿਰਕਿਰੀ ਹੋ ਚੁੱਕੀ ਹੈ ਇਸ ਦੇ ਬਾਵਜੂਦ ਵੀ ਜੇਲ੍ਹ ਵਿੱਚੋਂ ਮੋਬਾਈਲ ਫੋਨ ਬਰਾਮਦ ਹੋ ਰਹੇ ਹਨ।