Gee 98News

ਜੱਗ ਜ਼ਾਹਿਰ ਹੈ ਕਿ ਭਗਵੰਤ ਮਾਨ, ਰਾਸ਼ਟਰਪਤੀ ਦਾ ਕਿੰਨਾ ਕੁ ਸਤਿਕਾਰ ਕਰਦੇ ਹਨ- ਚੀਮਾ

ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਵੱਲੋਂ ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਗਮ ਦਾ ਬਾਈਕਾਟ ਕਰਨ ‘ਤੇ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਨਵੇਂ ਸੰੰਸਦ ਭਵਨ ਦੇ ਉਦਘਾਟਨ ਸਬੰਧੀ ਸਮਾਗਮ ਦੇਸ਼ ਦੇ ਸਨਮਾਨ ਦਾ ਮੌਕਾ ਹੈ, ਇਸ ਉੱਤੇ ਸਿਆਸਤ ਨਹੀਂ ਹੋਣੀ ਚਾਹੀਦੀ । ਜ਼ਿਕਰਯੋਗ ਹੈ ਕਿ ਸੰਸਦ ਭਵਨ ਦੇ ਸਮਾਗਮ ਮੌਕੇ ਰਾਸ਼ਟਰਪਤੀ ਨੂੰ ਬੁਲਾਵਾ ਨਾ ਦਿੱਤੇ ਜਾਣ ਦੇ ਰੋਸ ਵਜੋਂ ਆਮ ਆਦਮੀ ਪਾਰਟੀ ਨੇ ਇਸ ਸਮਾਗਮ ਦੇ ਬਾਈਕਾਟ ਦਾ ਐਲਾਨ ਕੀਤਾ ਹੈ । ਆਮ ਆਦਮੀ ਪਾਰਟੀ ਦੇ ਫ਼ੈਸਲੇ ‘ਤੇ ਟਿੱਪਣੀ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਜੱਗ ਜ਼ਾਹਿਰ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੇਸ਼ ਦੇ ਰਾਸ਼ਟਰਪਤੀ ਦਾ ਕਿੰਨਾ ਕੁ ਸਤਿਕਾਰ ਕਰਦੇ ਹਨ । ਚੀਮਾ ਨੇ ਯਾਦ ਕਰਵਾਇਆ ਕਿ ਜਦ ਦੇਸ਼ ਦੇ ਰਾਸ਼ਟਰਪਤੀ ਪਹਿਲੀ ਵਾਰ ਚੰਡੀਗੜ੍ਹ ਏਅਰਫੋਰਸ ਦੇ ਸਮਾਗਮ ‘ਚ ਸ਼ਾਮਲ ਹੋਣ ਲਈ ਆਏ ਸਨ ਤਾਂ ਭਗਵੰਤ ਮਾਨ ਬਤੌਰ ਮੁੱਖ ਮੰਤਰੀ ਉਨ੍ਹਾਂ ਦਾ ਸਵਾਗਤ ਕਰਨ ਨਹੀਂ ਗਏ ਸਨ । ਚੀਮਾ ਨੇ ਕਿਹਾ ਕਿ ਇਹ ਵੀ ਸਭ ਜਾਣਦੇ ਹਨ ਕਿ ਪੰਜਾਬ ਦੇ ਜਿਸ ਗਵਰਨਰ ਨੂੰ ਦੇਸ਼ ਦੇ ਰਾਸ਼ਟਰਪਤੀ ਨੇ ਨਿਯੁਕਤ ਕੀਤਾ, ਉਸ ਗਵਰਨਰ ਦੀ ਇੱਜ਼ਤ ਆਮ ਆਦਮੀ ਪਾਰਟੀ ਕਿਸ ਤਰੀਕੇ ਨਾਲ ਕਰ ਰਹੀ ਹੈ । ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੰਸਦ ਭਵਨ ਦੇ ਉਦਘਾਟਨੀ ਸਮਾਗਮ ਵਿੱਚ ਸ਼ਾਮਲ ਹੋਵੇਗਾ ।

error: Content is protected !!