-ਦਿੱਲੀ ਸਰਕਾਰ ਦੇ ਕਥਿਤ ਘਪਲਿਆਂ ਨਾਲ ਸਬੰਧਤ ਹਨ ਫਾਈਲਾਂ
ਚੰਡੀਗੜ੍ਹ-ਦਿੱਲੀ ਪੁਲਿਸ ਨੇ ਵਿਜੀਲੈਂਸ ਵਿਭਾਗ ਦੀਆਂ ਕੁਝ ਮਹੱਤਵਪੂਰਨ ਫਾਇਲਾਂ ਚੋਰੀ ਹੋਣ ਦੇ ਮਾਮਲੇ ‘ਚ ਅਣਪਛਾਤੇ ਵਿਅਕਤੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ । ਚਰਚਾ ਹੈ ਕਿ ਵਿਜੀਲੈਂਸ ਵਿਭਾਗ ਦੇ ਵਿਸ਼ੇਸ਼ ਸਕੱਤਰ ਦੇ ਦਫ਼ਤਰ ਵਿੱਚੋਂ ਆਬਕਾਰੀ ਵਿਭਾਗ ਦੀ ਚਾਰਜਸ਼ੀਟ, ਸੀਐਮ ਹਾਊਸ ਦੇ ਕਾਗਜ਼ਾਤ, ਸੂਚਨਾ ਅਤੇ ਪ੍ਰਚਾਰ ਭੁਗਤਾਨ, ਦਿੱਲੀ ਜਲ ਬੋਰਡ ਨਾਲ ਸਬੰਧਤ, ਵਪਾਰ ਅਤੇ ਟੈਕਸ ਵਿੱਚ ਸੋਨੇ ਦੀ ਚੋਰੀ ਦੇ ਕੇਸ, ਜੇਲ੍ਹ ਅਤੇ ਜੇਲ੍ਹ ਮੰਤਰੀਆਂ ਵਿਚਾਲੇ ਗਠਜੋੜ ਦੇ ਕੇਸਾਂ ਨਾਲ ਸਬੰਧਿਤ ਹਾਈ ਪ੍ਰੋਫਾਈਲ ਫਾਈਲਾਂ ਗਾਇਬ ਹੋ ਗਈਆਂ ਹਨ । ਫਾਈਲਾਂ ਗਾਇਬ ਕਰਨ ਨਾਲ ਸੰਬੰਧਿਤ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜੋ ਦਿੱਲੀ ਪੁਲਿਸ ਨੇ ਆਪਣੇ ਕਬਜ਼ੇ ਵਿਚ ਕਰ ਲਈ ਹੈ । ਇਹ ਮਹੱਤਵਪੂਰਨ ਫਾਇਲਾਂ ਗਾਇਬ ਹੋਣ ਦੇ ਸਬੰਧ ਵਿੱਚ ਵਿਸ਼ੇਸ਼ਤਾ ਇਹ ਹੈ ਕਿ ਵਿਸ਼ੇਸ਼ ਸਕੱਤਰ ਵਿਜੀਲੈਂਸ ਨੇ ਦੋਸ਼ ਲਗਾਇਆ ਹੈ ਕਿ “ਆਮ ਆਦਮੀ ਪਾਰਟੀ ਦੇ ਇੱਕ ਮੰਤਰੀ ਦੇ ਕਹਿਣ ਤੇ ਇਹ ਫਾਈਲਾਂ ਗਾਇਬ ਕੀਤੀਆਂ ਗਈਆਂ ਹਨ ਭਾਵ ਕਿ ਫਾਈਲਾਂ ਚੋਰੀ ਦੇ ਮਾਮਲੇ ‘ਚ ਆਮ ਆਦਮੀ ਪਾਰਟੀ ਦੇ ਮੰਤਰੀ ‘ਤੇ ਸਿੱਧੇ ਦੋਸ਼ ਲੱਗੇ ਹਨ । ਇਹ ਦੋਸ਼ ਇਸ ਕਰਕੇ ਵੀ ਧਿਆਨ ਮੰਗਦੇ ਹਨ ਕਿਉਂਕਿ ਸਾਰੀਆਂ ਫਾਇਲਾਂ ਕੇਜਰੀਵਾਲ ਸਰਕਾਰ ਦੇ ਕਥਿਤ ਘਪਲਿਆਂ ਨਾਲ ਸਬੰਧਿਤ ਹਨ । ਵਿਜੀਲੈਂਸ ਵਿਭਾਗ ਦੇ ਦਫ਼ਤਰ ‘ਚੋਂ ਇਹ ਪਹਿਲਾਂ ਚੋਰੀ ਹੋਣ ਤੋਂ ਬਾਅਦ ਕਾਫ਼ੀ ਹਲਚਲ ਮੱਚੀ ਹੋਈ ਹੈ । ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਲੰਘੀ 1 ਜੂਨ ਨੂੰ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 380/464/465/120-ਬੀ ਤਹਿਤ ਮਾਮਲਾ ਦਰਜ ਕੀਤਾ ਹੈ।









