Gee 98News

ਮਾਨਸਾ ਦੀ ਮੰਜੂ ਰਾਣੀ ਨੇ ਸਿਰਜਿਆ ਇਤਿਹਾਸ, ਨੈਸ਼ਨਲ ਖੇਡਾਂ ਵਿੱਚ ਜਿੱਤਿਆ ਸੋਨੇ ਦਾ ਮੈਡਲ

ਬਰਨਾਲਾ 16 ਜੂਨ ( ਨਿਰਮਲ ਸਿੰਘ ਪੰਡੋਰੀ )-

ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਧੀ ਮੰਜੂ ਰਾਣੀ ਨੇ ਸਪੋਰਟਸ ਖੇਤਰ ਵਿੱਚ ਆਪਣੀਆਂ ਪ੍ਰਾਪਤੀਆਂ ਦੀ ਲੜੀ ਵਿੱਚ ਇਕ ਹੋਰ ਸੋਨੇ ਦਾ ਮਣਕਾ ਜੋੜਦੇ ਹੋਏ ਨੈਸ਼ਨਲ ਗੇਮਜ਼ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ । ਮਾਨਸਾ ਜਿਲ੍ਹੇ ਦੇ ਸਰਦੂਲਗੜ੍ਹ ਨੇੜੇ ਪਿੰਡ ਖੈਰਾ ਖੁਰਦ ਦੀ ਜੰਮਪਲ ਮੰਜੂ ਰਾਣੀ ਨੇ “35 ਕਿਲੋਮੀਟਰ ਵਾਕਿੰਗ ਰੇਸ” ਵਿੱਚ ਭੁਬਨੇਸ਼ਵਰ ਵਿਖੇ ਹੋ ਰਹੀਆਂ ਨੈਸ਼ਨਲ ਖੇਡਾਂ ( ਨੈਸ਼ਨਲ ਇੰਟਰਸਟੇਟ ਸੀਨੀਅਰ ਐਥਲੈਟਿਕਸ ਚੈਂਪੀਅਨਸ਼ਿਪ-2023 ) ਵਿੱਚ ਸੋਨੇ ਦਾ ਮੈਡਲ ਜਿੱਤਿਆ । ਸ਼ੁੱਕਰਵਾਰ 16 ਜੂਨ ਸੋਨੇ ਦਾ ਮੈਡਲ ਜਿੱਤਣ ਤੋਂ ਬਾਅਦ ਜੀ98 ਨਿਊਜ਼ ਸਰਵਿਸ ਨਾਲ ਫੋਨ ‘ਤੇ ਗੱਲਬਾਤ ਕਰਦੇ ਹੋਏ ਮੰਜੂ ਰਾਣੀ ਨੇ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਉਹਦੇ ਸੁਪਨਿਆਂ ਦੀ ਲੜੀ ਦਾ ਇਕ ਵੱਡਾ ਸੁਪਨਾ ਪੂਰਾ ਹੋਇਆ ਹੈ । ਉਸ ਨੇ ਕਿਹਾ ਕਿ ਹੁਣ ਉਹਦੀ ਅੱਖ ਏਸ਼ੀਅਨ ਅਤੇ ਓਲੰਪਿਕ ਖੇਡਾਂ ‘ਤੇ ਟਿਕੀ ਹੋਈ ਹੈ । ਮੰਜੂ ਰਾਣੀ ਨੇ ਨੈਸ਼ਨਲ ਖੇਡਾਂ ਵਿੱਚ ਸੋਨੇ ਦਾ ਮੈਡਲ ਜਿੱਤਣ ਦਾ ਸਿਹਰਾ ਆਪਣੇ ਕੋਚ ਅਤੇ ਆਪਣੇ ਪਿਤਾ ਨੂੰ ਦਿੱਤਾ। ਦੱਸਣਯੋਗ ਹੈ ਕਿ ਮੰਜੂ ਰਾਣੀ ਦੀ ਮਾਤਾ ਦਾ ਕੁਝ ਸਮਾਂ ਪਹਿਲਾਂ ਦੇਹਾਂਤ ਹੋ ਗਿਆ ਸੀ ਉਸਦੇ ਪਿਤਾ ਨੇ ਹੀ ਉਸ ਨੂੰ ਮਾਂ ਬਣ ਕੇ ਪਾਲਿਆ ਅਤੇ ਖੇਡਾਂ ਦੇ ਖੇਤਰ ਵਿੱਚ ਮੰਜੂ ਦੀ ਰੁਚੀ ਦੇਖਦੇ ਹੋਏ ਪਿਤਾ ਨੇ ਆਪਣੀ ਦੋ ਏਕੜ ਜ਼ਮੀਨ ਵੀ ਗਹਿਣੇ ਰੱਖ ਦਿੱਤੀ ਜਿਸ ਨੂੰ ਉਹ ਅਜੇ ਤੱਕ ਵੀ ਨਹੀਂ ਛੁਡਵਾ ਸਕਿਆ। ਇੱਥੇ ਹੀ ਬੱਸ ਨਹੀਂ ਸਗੋਂ ਖੁਦ ਮੰਜੂ ਰਾਣੀ ਨੇ ਵੀ ਆਪਣੇ ਖੇਡ ਸਫ਼ਰ ਨੂੰ ਜਾਰੀ ਰੱਖਣ ਲਈ ਬੈਂਕ ਤੋਂ ਕਰਜ਼ਾ ਲਿਆ ਹੋਇਆ ਹੈ, ਜਿਸ ਦੀਆਂ ਕਿਸ਼ਤਾਂ ਭਰਨ ਵਿਚ ਉਸ ਨੂੰ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪ੍ਰੰਤੂ ਉਸਨੇ ਆਪਣਾ ਖੇਡ ਸਫ਼ਰ ਜਾਰੀ ਰੱਖਿਆ ਹੋਇਆ ਹੈ ਤੇ ਅੱਜ ਉਸਨੇ ਨੈਸ਼ਨਲ ਖੇਡਾਂ ਵਿੱਚ ਪੰਜਾਬ ਲਈ ਸੋਨੇ ਦਾ ਮੈਡਲ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ ।

ਮੰਜੂ ਰਾਣੀ ਦੀ ਪ੍ਰਾਪਤੀ ‘ਤੇ ਪੱਥਰਾਂ ਦਾ ਸੀਨਾ ਪਾੜ ਕੇ ਉੱਗਣ ਵਾਲੀ ਕਹਾਵਤ ਪੂਰੀ ਤਰ੍ਹਾਂ ਢੁੱਕਦੀ ਹੈ । ਦੂਜੇ ਪਾਸੇ ਮੰਜੂ ਰਾਣੀ ਨੇ ਖੇਡ ਸਫ਼ਰ ਨਾਲ ਜੁੜੀ ਇਕ ਤਰਾਸਦੀ ਇਹ ਹੈ ਕਿ ਪੰਜਾਬ ਸਰਕਾਰ ਨੇ ਅਜੇ ਤੱਕ ਮੰਜੂ ਰਾਣੀ ਨੂੰ ਇੱਕ ਫੁੱਟੀ ਕੌਡੀ ਦੀ ਸਹਾਇਤਾ ਵੀ ਨਹੀਂ ਦਿੱਤੀ । ਕੁਝ ਮਹੀਨੇ ਪਹਿਲਾਂ ਬਰਨਾਲਾ ਵਿਖੇ ਪੁੱਜੀ ਮੰਜੂ ਰਾਣੀ ਨੇ ਪੰਜਾਬ ਦੇ ਖੇਡ ਮੰਤਰੀ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਸਦੀ ਆਰਥਿਕ ਮੱਦਦ ਕੀਤੀ ਜਾਵੇ । ਖੇਡ ਮੰਤਰੀ ਨੇ ਨਿੱਜੀ ਤੌਰ ‘ਤੇ ਆਪਣੇ ਜਿਲ੍ਹੇ ਦੇ ਪਿੰਡ ਧੌਲਾ ਨਾਲ ਸਬੰਧਤ ਇਕ ਖਿਡਾਰੀ ਦੀ ਪੰਜ ਲੱਖ ਰੁਪਏ ਦੇ ਕੇ ਸਹਾਇਤਾ ਕੀਤੀ ਪ੍ਰੰਤੂ ਮੰਜੂ ਰਾਣੀ ਦੀ ਆਰਥਿਕ ਸਹਾਇਤਾ ਦੀ ਗੁਹਾਰ ਨੂੰ ਖੇਡ ਮੰਤਰੀ ਨੇ ਅਜੇ ਤੱਕ ਨਹੀਂ ਸੁਣਿਆ । ਫਿਰ ਵੀ ਮੰਜੂ ਰਾਣੀ ਨੇ ਨੈਸ਼ਨਲ ਖੇਡਾਂ ਵਿੱਚ ਆਪਣੇ ਬਲਬੂਤੇ ‘ਤੇ ਆਰਥਿਕ ਤੰਗੀਆਂ-ਤੁਰਸ਼ੀਆਂ ਨਾਲ ਲੜਦੇ ਹੋਏ ਵੀ ਪੰਜਾਬ ਦਾ ਨਾਮ ਰੌਸ਼ਨ ਕੀਤਾ । ਸ਼ਾਇਦ ! ਇਸ ਵੱਡੀ ਪ੍ਰਾਪਤੀ ਤੋਂ ਬਾਅਦ ਪੰਜਾਬ ਸਰਕਾਰ ਦੀ ਸਵੱਲੀ ਨਜ਼ਰ ਮੰਜੂ ਰਾਣੀ ਦੀ ਆਰਥਿਕਤਾ ਵੱਲ ਜਾਵੇ ਅਤੇ ਪੰਜਾਬ ਸਰਕਾਰ ਉਸ ਦੇ ਬਾਪ ਦੀ ਗਹਿਣੇ ਪਈ ਜ਼ਮੀਨ ਛੁਡਵਾਉਣ ਅਤੇ ਉਸਦਾ ਬੈਂਕ ਦਾ ਕਰਜ਼ਾ ਮੋੜਨ ਵਿੱਚ ਕੁੱਝ ਸਹਾਇਤਾ ਕਰ ਦੇਵੇ ।

Gee98 Ads
error: Content is protected !!