Gee 98News

ਦੋਹਰੇ ਕਤਲ ਕਾਂਡ ਨਾਲ ਕੰਬਿਆ ਜ਼ਿਲ੍ਹਾ ਬਰਨਾਲਾ,ਮਾਵਾਂ-ਧੀਆਂ ਦਾ ਕਤਲ,ਜਵਾਈ ਜਖ਼ਮੀ

-ਲਗਾਤਾਰ ਵਾਪਰ ਰਹੀਆਂ ਘਟਨਾਵਾਂ ਨੇ ਪੁਲਿਸ ਪ੍ਰਬੰਧਾਂ ‘ਤੇ ਖੜੇ ਕੀਤੇ ਸਵਾਲ

ਬਰਨਾਲਾ,16 ਅਗਸਤ ( ਨਿਰਮਲ ਸਿੰਘ ਪੰਡੋਰੀ )-ਆਜ਼ਾਦੀ ਦਿਵਸ ਕਾਰਨ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਦੌਰਾਨ ਵੀ ਬਰਨਾਲਾ ਜ਼ਿਲ੍ਹੇ ਵਿੱਚ ਇੱਕ ਵੱਡੀ ਵਾਰਦਾਤ ਵਾਪਰੀ ਜਿਸ ਤਹਿਤ ਦੋ ਔਰਤਾਂ ਨੂੰ ਕਤਲ ਕਰ ਦਿੱਤਾ ਗਿਆ ਤੇ ਇੱਕ ਵਿਅਕਤੀ ਨੂੰ ਜ਼ਖਮੀ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਪਿੰਡ ਸੇਖਾ ਵਿੱਚ ਅਣਪਛਾਤੇ ਵਿਅਕਤੀਆਂ ਨੇ ਇੱਕ ਘਰ ‘ਚ ਦਾਖਲ ਹੋ ਕੇ ਪਰਮਜੀਤ ਕੌਰ ਅਤੇ ਹਰਬੰਸ ਕੌਰ ਨਾਮ ਦੀਆਂ ਦੋ ਔਰਤਾਂ ਦਾ ਕਤਲ ਕਰ ਦਿੱਤਾ ਜੋ ਆਪਸ ਵਿੱਚ ਮਾਵਾਂ-ਧੀਆਂ ਸਨ ਅਤੇ ਰਾਜਦੀਪ ਸਿੰਘ ਨੂੰ ਸਖ਼ਤ ਜ਼ਖਮੀ ਕਰ ਦਿੱਤਾ, ਦੋ ਜੇਰੇ ਇਲਾਜ ਹੈ । ਵਾਰਦਾਤ ਵਿੱਚ ਜ਼ਖ਼ਮੀ ਹੋਇਆ ਰਾਜਦੀਪ ਸਿੰਘ ਪਿੰਡ ਸੇਖਾ ਵਿਖੇ ਘਰ ਜਵਾਈ ਬਣ ਕੇ ਰਹਿ ਰਿਹਾ ਸੀ ਜਿਸ ਦੀ ਪਤਨੀ ਅਤੇ ਸੱਸ ਦਾ ਕਤਲ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਣਪਛਾਤੇ ਵਿਅਕਤੀ ਕੰਧ ਟੱਪ ਕੇ ਘਰ ਵਿੱਚ ਦਾਖ਼ਲ ਹੋਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਕਾਤਲ ਲੁਟੇਰੇ ਘਰ ਦੀਆਂ ਅਲਮਾਰੀਆਂ ਤੋੜ ਕੇ ਸਮਾਨ ਵੀ ਚੋਰੀ ਕਰਕੇ ਲੈ ਗਏ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕਾਤਲ ਘਰ ਵਿੱਚ ਲੱਗੇ CCTV ਦਾ DVR ਵੀ ਨਾਲ ਲਾਏ ਗਏ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਕਾਤਲਾਂ ਨੂੰ ਪਹਿਲਾਂ ਹੀ ਘਰ ਦੇ ਹਾਲਾਤਾਂ ਬਾਰੇ ਪੂਰੀ ਜਾਣਕਾਰੀ ਸੀ। ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਨੇ ਮੌਕੇ ‘ਤੇ ਪੁੱਜ ਕੇ ਘਟਨਾ ਸਥਾਨ ਦਾ ਮੁਆਇਨਾ ਕੀਤਾ । ਪੁਲਿਸ ਪਾਰਟੀ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ । ਘਟਨਾ ਸਥਾਨ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਐਸਪੀ ਨੇ ਦਾਅਵਾ ਕੀਤਾ ਕਿ ਕਾਤਲਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਲਗਾਤਾਰ ਵਾਪਰ ਰਹੀਆਂ ਵਾਰਦਾਤਾਂ ਕਾਰਨ ਬਰਨਾਲਾ ਜ਼ਿਲ੍ਹੇ ਵਿਚ ਅਮਨ ਕਾਨੂੰਨ ਦੇ ਹਾਲਾਤ ਜ਼ਿਲ੍ਹੇ ਦੀ ਪੁਲੀਸ ਦੇ ਵੱਸ ਤੋਂ ਬਾਹਰ ਲੱਗ ਰਹੇ ਹਨ । ਕੁਝ ਦਿਨ ਪਹਿਲਾਂ ਹੀ ਬਰਨਾਲਾ ਦੇ ਸੇਖਾ ਰੋਡ ‘ਤੇ ਇੱਕ ਘਰ ਅੰਦਰ ਦਾਖਲ ਹੋ ਕੇ ਲੁਟੇਰਿਆਂ ਨੇ ਔਰਤ ਦਾ ਕਤਲ ਕਰ ਦਿੱਤਾ ਸੀ। ਭਾਵੇਂ ਕਿ ਪੁਲਿਸ ਨੇ ਉਨ੍ਹਾਂ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਪਰੰਤੂ ਪੂਰੇ ਸ਼ਹਿਰ ਵਿੱਚ ਉਸ ਘਟਨਾ ਤੋਂ ਬਾਅਦ ਸਹਿਮ ਦਾ ਮਾਹੌਲ ਹੈ। ਹੁਣ ਪਿੰਡ ਸੇਖਾ ਵਿਖੇ ਵਾਪਰੀ ਦੋਹਰੇ ਕਤਲ ਕਾਂਡ ਦੀ ਇਸ ਕਹਾਣੀ ਨੇ ਪਿੰਡਾਂ ਦੇ ਵਿੱਚ ਵੀ ਸਹਿਮ ਪੈਦਾ ਕੀਤਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜ਼ਿਲ੍ਹੇ ਦੇ ਉੱਚ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਅਮਨ ਕਾਨੂੰਨ ਦੇ ਹਾਲਾਤਾਂ ਸਬੰਧੀ ਸਖ਼ਤਾਈ ਕਰਨ ਦੇ ਨਿਰਦੇਸ਼ ਦਿੱਤੇ ਸਨ ਪ੍ਰੰਤੂ ਇਸਦੇ ਬਾਵਜੂਦ ਵੀ ਬਰਨਾਲਾ ਜ਼ਿਲ੍ਹੇ ਵਿੱਚ ਕਤਲਾਂ, ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਬੇਝਿਜਕ ਵਾਪਰ ਰਹੀਆਂ ਹਨ।

error: Content is protected !!