Skip to main content

Gee 98News

ਪੰਜਾਬ ‘ਚ ਬਲਾਤਕਾਰ ਦੇ ਕੇਸਾਂ ਦੀ ਕੌੜੀ ਸੱਚਾਈ…ਬਹੁਤੇ ਮਾਮਲਿਆਂ ‘ਚ ਆਪਣਿਆਂ ਨੇ ਹੀ ਲੁੱਟੀ ਆਬਰੂ…!

ਚੰਡੀਗੜ੍ਹ, 6 ਦਸੰਬਰ-ਪੰਜਾਬ ਸਬੰਧੀ ਰਾਸ਼ਟਰੀ ਕ੍ਰਾਈਮ ਰਿਕਾਰਡ ਬਿਊਰੋ (NCRB) ਵੱਲੋਂ ਜਾਰੀ ਕੀਤੇ ਅੰਕੜੇ ਸਪੱਸ਼ਟ ਕਰਦੇ ਹਨ ਕਿ ਸੂਬੇ ਦੀ ਸਥਿਤੀ ਮਹਿਲਾਵਾਂ ਨਾਲ ਜਬਰਜਨਾਹ ਦੇ ਕੇਸਾਂ ‘ਚ ਚਿੰਤਾਜਨਕ ਅਤੇ ਸੋਚਣ ਵਾਲੀ ਹੈ। ਪੰਜਾਬ ‘ਚ ਜਬਰਜਨਾਹ ਦੇ ਮਾਮਲਿਆਂ ‘ਚ ਵਾਧਾ ਹੋਇਆ ਹੈ ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਬਰਜਨਾਹ ਦੇ 90 ਫ਼ੀਸਦੀ ਤੋਂ ਜ਼ਿਆਦਾ ਮਾਮਲਿਆਂ ‘ਚ ਜਾਣਕਾਰ ਹੀ ਦੋਸ਼ੀ ਨਿਕਲੇ। ਰਾਸ਼ਟਰੀ ਕ੍ਰਾਈਮ ਰਿਕਾਰਡ ਬਿਊਰੋ (NCRB) ਵੱਲੋਂ ਜਾਰੀ ਕੀਤੀ ਗਈ ਰਿਪੋਰਟ ‘ਚ ਪਤਾ ਲੱਗਿਆ ਹੈ ਕਿ ਪੰਜਾਬ ਵਿੱਚ ਜਬਰ ਜਨਾਹ ਦੇ ਮਾਮਲਿਆਂ ‘ਚ 10.80 ਫ਼ੀਸਦੀ ਦਾ ਵਾਧਾ ਹੋਇਆ ਹੈ। ਸੰਨ 2021 ਵਿੱਚ ਜਬਰ ਜਨਾਹ ਦੇ 464 ਮਾਮਲਿਆਂ ਦੀ ਤੁਲਨਾ ਵਿੱਚ ਸਾਲ 2022 ਵਿੱਚ 517 ਮਾਮਲੇ ਦਰਜ ਹੋਏ ਹਨ। ਰਿਪੋਰਟ ਦਾ ਇੱਕ ਪੱਖ ਇਹ ਵੀ ਹੈ ਕਿ 99.4 ਫ਼ੀਸਦੀ ਮਾਮਲਿਆਂ ਵਿੱਚ ਪੀੜਤਾ ਜਬਰਜਨਾਹ ਕਰਨ ਵਾਲਿਆਂ ਨੂੰ ਪਹਿਲਾਂ ਤੋਂ ਹੀ ਜਾਣਦੀ ਸੀ। “ਆਫ਼ ਦੀ ਰਿਕਾਰਡ” ਬਲਾਤਕਾਰ ਦੇ ਕੇਸਾਂ ਦਾ ਇੱਕ ਪੱਖ ਇਹ ਵੀ ਹੈ ਕਿ ਇਹ ਸਿਰਫ਼ ਉਹ ਅੰਕੜੇ ਹਨ ਜੋ ਦਰਜ ਹੁੰਦੇ ਹਨ,ਜਦ ਕਿ ਅਸਲ ਸੱਚਾਈ ਇਹ ਹੈ ਇਨ੍ਹਾਂ ਅੰਕੜਿਆਂ ਦਾ ਦੋਗੁਣਾ ਹਿੱਸਾ ਦਰਜ ਹੀ ਨਹੀਂ ਹੁੰਦਾ। ਇਹ ਕੌੜੀ ਸੱਚਾਈ ਹੈ ਕਿ ਬਲਾਤਕਾਰ ਦੇ ਬਹੁਤੇ ਕੇਸਾਂ ਵਿੱਚ ਪੀੜਤਾਂ ਦੀ ਜ਼ੁਬਾਨ ਚੁੱਪ ਕਰਵਾ ਦਿੱਤੀ ਜਾਂਦੀ ਹੈ ਜਾਂ ਬਹੁਤੇ ਕੇਸਾਂ ਵਿੱਚ ਥਾਣਿਆਂ ‘ਚ ਹੈਰਾਨ ਪਰੇਸ਼ਾਨ ਕੀਤਾ ਜਾਂਦਾ ਅਤੇ ਮਾਮਲੇ ਹੀ ਦਰਜ ਨਹੀਂ ਕੀਤੇ ਜਾਂਦੇ ਜਿਸ ਤੋਂ ਦੁਖੀ ਹੋ ਕੇ ਪੀੜ੍ਹਤ ਚੁੱਪ ਕਰਕੇ ਬੈਠ ਜਾਂਦੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2022 ਵਿੱਚ ਔਰਤਾਂ ਦੇ ਅਗਵਾ ਦੇ 1478 ਮਾਮਲੇ, ਜਬਰ ਜਨਾਹ ਅਤੇ ਹੱਤਿਆ ਦੇ ਤਿੰਨ ਮਾਮਲੇ, ਦਾਜ ਲਈ ਹੱਤਿਆ ਦੇ 71 ਅਤੇ ਤੇਜਾਬ ਹਮਲੇ ਦੇ ਦੋ ਮਾਮਲੇ ਦਰਜ ਹੋਏ ਹਨ। ਚੋਰੀ ਤੇ ਲੁੱਟ ਦੀਆਂ ਵਾਰਦਾਤਾਂ ਵਿੱਚ ਵਾਧਾ ਉੱਥੇ, ਰਾਜ ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ ਇਕ ਫ਼ੀਸਦੀ ਤੋਂ ਵੀ ਘੱਟ ਵਾਧਾ ਹੋਇਆ ਹੈ। ਰਿਪੋਰਟ ਅਨੁਸਾਰ, ਭਾਰਤੀ ਦੰਡਾਵਲੀ ਅਤੇ ਵਿਸ਼ੇਸ਼ ਤੇ ਸਥਾਨਕ ਕਾਨੂੰਨ (ਐੱਸਐੱਲਐੱਲ) ਤਹਿਤ ਪੰਜਾਬ ਵਿੱਚ ਦਰਜ ਅਪਰਾਧ ਦੇ ਕੁੱਲ ਮਾਮਲੇ 2021 ਵਿੱਚ73581 ਸਨ, ਜੋ ਮਾਮੂਲੀ ਤੌਰ ‘ਤੇ ਵਧ ਕੇ 2022 ਵਿੱਚ 73625 ਹੋ ਗਏ ਹਨ। ਹੱਤਿਆ ਨਾਲ ਸਬੰਧਤ ਘਟਨਾਵਾਂ 2021 ਵਿੱਚ 723 ਸਨ, ਜੋ 2022 ਵਿੱਚ ਘਟ ਕੇ 670 ਹੋ ਗਈਆਂ। ਰਿਪੋਰਟ ਅਨੁਸਾਰ, ਅਗਵਾ ਦੇ ਮਾਮਲਿਆਂ ਵਿੱਚ 7.44 ਫ਼ੀਸਦੀ ਦੀ ਗਿਰਾਵਟ ਆਈ। ਰਾਜ ਵਿੱਚ ਹਿੰਸਕ ਅਪਰਾਧ ਦੇ ਮਾਮਲੇ ਵੀ ਘਟ ਕੇ 2022 ਵਿੱਚ 6230 ਹੋ ਗਏ, ਜੋ 2021 ਵਿੱਚ 6322 ਸਨ।

error: Content is protected !!