Skip to main content

Gee 98News

…ਤੇ ਜਦੋਂ ਦੀਪਕ ਢਾਬੇ ‘ਤੇ ਮਾਰੀਆ ਬਰੇਕਾਂ ਸੁਖਬੀਰ ਨੇ..!

ਬਰਨਾਲਾ 22 ਅਗਸਤ (ਨਿਰਮਲ ਸਿੰਘ ਪੰਡੋਰੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਵਾਰ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਪਹਿਲਾਂ ਨਾਲੋਂ ਹਟ ਕੇ ਰਣਨੀਤੀ ਤਿਆਰ ਕੀਤੀ ਲੱਗਦੀ ਹੈ,ਜਿਸ ਤਹਿਤ ਉਹ ਨਿੱਜੀ ਤੌਰ ‘ਤੇ ਆਮ ਲੋਕਾਂ ਨੂੰ ਮਿਲਦੇ ਹਨ ਅਤੇ ਖੁੱਲ੍ਹ ਕੇ ਗੱਲਬਾਤ ਵੀ ਕਰਦੇ ਹਨ। ਆਪਣੇ ਰੋਜ਼ਾਨਾ ਸਫ਼ਰ ਦੌਰਾਨ ਸੁਖਬੀਰ ਸਿੰਘ ਬਾਦਲ ਜਿਥੇ ਕਿਤੇ ਕੁਝ ਵਿਅਕਤੀਆਂ ਨੂੰ ਬੈਠੇ ਦੇਖਦੇ ਹਨ ਤਾਂ ਤੁਰੰਤ ਗੱਡੀਆਂ ਦਾ ਕਾਫ਼ਲਾ ਰੁਕਦਾ ਹੈ ਅਤੇ ਸੁਖਬੀਰ ਸਿੰਘ ਬਾਦਲ ਉਤਰ ਕੇ ਉਨ੍ਹਾਂ ਕੋਲ ਚਲੇ ਜਾਂਦੇ ਹਨ। ਐਤਵਾਰ ਰੱਖੜੀ ਵਾਲੇ ਦਿਨ ਚੰਡੀਗੜ੍ਹ ਤੋਂ ਆਪਣੇ ਜੱਦੀ ਪਿੰਡ ਬਾਦਲ ਜਾਂਦੇ ਸਮੇਂ ਸੁਖਬੀਰ ਸਿੰਘ ਬਾਦਲ ਦਾ ਕਾਫ਼ਲਾ ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਦੇ ਮਸ਼ਹੂਰ ਦੀਪਕ ਢਾਬੇ ‘ਤੇ ਰੁਕਿਆ ਜਿੱਥੇ ਸੁਖਬੀਰ ਬਾਦਲ ਨੇ ਖਾਣਾ ਵੀ ਖਾਧਾ ਅਤੇ ਉਥੇ ਆਏ ਹੋਏ ਲੋਕਾਂ ਨਾਲ ਗੱਲਬਾਤ ਵੀ ਕੀਤੀ। ਆਮ ਲੋਕਾਂ ਨੇ ਬੜੇ ਉਤਸ਼ਾਹ ਨਾਲ ਸੁਖਬੀਰ ਬਾਦਲ ਨਾਲ ਤਸਵੀਰਾਂ ਵੀ ਕਰਵਾਈਆਂ। ਚਰਚਾ ਹੈ ਕਿ ਖੇਤਾਂ ‘ਚ ਮੋਟਰਾਂ ‘ਤੇ ਚਾਹ ਪੀਣੀ, ਢਾਬਿਆਂ ‘ਤੇ ਰੋਟੀ ਖਾਣੀ ਸੁਖਬੀਰ ਸਿੰਘ ਬਾਦਲ ਦੀ ਚੋਣ ਰਣਨੀਤੀ ਦਾ ਹੀ ਹਿੱਸਾ ਹੋ ਸਕਦਾ ਹੈ। ਭਾਵੇਂ ਕਿ ਕਿਸਾਨ ਯੂਨੀਅਨਾਂ ਨੇ ਖੇਤੀ ਅੰਦੋਲਨ ਕਾਰਨ ਸਾਰੀਆਂ ਪਾਰਟੀਆਂ ਦੇ ਲੀਡਰਾਂ ਦਾ ਆਮ ਲੋਕਾਂ ਵਿੱਚ ਵਿਚਰਨ ‘ਤੇ ਵਿਰੋਧ ਦਾ ਐਲਾਨ ਕੀਤਾ ਹੋਇਆ ਹੈ ਪਰ ਸੁਖਬੀਰ ਸਿੰਘ ਬਾਦਲ ਗਾਹੇ-ਬਗਾਹੇ ਆਮ ਲੋਕਾਂ ਵਿੱਚ ਹਾਜ਼ਰੀ ਲਗਵਾ ਹੀ ਜਾਂਦੇ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਧਨੌਲੇ ਦੇ ਦੀਪਕ ਢਾਬੇ ਨਾਲ ਸੁਖਬੀਰ ਸਿੰਘ ਬਾਦਲ ਦਾ ਅਕਾਲੀ-ਭਾਜਪਾ ਸਰਕਾਰ ਸਮੇਂ ਤੋਂ ਹੀ ਕਾਫੀ “ਪ੍ਰੇਮ” ਰਿਹਾ ਹੈ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਤੇ ਬਰਨਾਲਾ ਦੇ ਇੰਚਾਰਜ ਕੁਲਵੰਤ ਸਿੰਘ ਕੀਤੂ ਵੀ ਹਾਜ਼ਰ ਸਨ।

error: Content is protected !!