Gee 98News

“ਅਜੀਤ ਅਤੇ ਆਪ” ਦੀ ਪੈਗੀ ਗਲਵੱਕੜੀ…ਅਜੀਤ ਦੇ ਵਿਹੜੇ ਪੁੱਜੇ ਅਮਨ ਅਰੋੜਾ…ਭਾਅਜੀ ਨੇ ਕੀਤਾ ਨਿੱਘਾ ਸਵਾਗਤ

-ਇੱਕ ਸਾਲ ਤੋਂ ਵਧੇਰੇ ਸਮੇਂ ਲਈ ਇੱਕ ਵੱਡੇ ਮੀਡੀਆ ਅਦਾਰੇ “ਅਜੀਤ ਪ੍ਰਕਾਸ਼ਨ ਸਮੂਹ” ਨਾਲ 36 ਦਾ ਅੰਕੜਾ ਰੱਖਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ‘ਅਜੀਤ’ ਦੀਆਂ ਨੀਤੀਆਂ ਨੂੰ ਸਹੀ ਮੰਨਦੇ ਹੋਏ ‘ਅਜੀਤ’ ਨਾਲ ਸਮਝੌਤਾ ਕਰ ਲਿਆ ਹੈ। ਅਜੀਤ ਨਾਲ 36 ਦਾ ਅੰਕੜਾ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਬਰਜਿੰਦਰ ਸਿੰਘ ਹਮਦਰਦ ਦੇ ਖ਼ਿਲਾਫ਼ ਕੀਤੀ ਕਾਨੂੰਨੀ ਕਾਰਵਾਈ ਤੋਂ ਸ਼ੁਰੂ ਹੋਇਆ ਸੀ ਪਰ ਸੂਬੇ ‘ਚ ਆਮ ਆਦਮੀ ਪਾਰਟੀ ਦੇ ਮੁਖੀ ਦਾ ਅਹੁਦਾ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਕੋਲ ਆਉਣ ਤੋਂ ਬਾਅਦ ਇਹ 36 ਦਾ ਅੰਕੜਾ ਉਲਟਾ ਹੋ ਕੇ 63 ਦਾ ਬਣਦਾ ਨਜ਼ਰ ਆ ਰਿਹਾ ਹੈ। ਪਿਛਲੇ ਦਿਨੀ ਸ੍ਰੀ ਅਮਨ ਅਰੋੜਾ ਵੱਲੋਂ ਅਜੀਤ ਪ੍ਰਕਾਸ਼ਨ ਸਮੂਹ ਦੇ ਵਿਹੜੇ ਜਲੰਧਰ ਵਿਖੇ ਪਾਈ ਫੇਰੀ ਆਮ ਆਦਮੀ ਪਾਰਟੀ ਅਤੇ ਅਜੀਤ ਵਿਚਕਾਰ ਬਦਲੀਆਂ ਪਰਸਥਿਤੀਆਂ ਬਿਆਨ ਕਰ ਰਹੀ ਹੈ। ਇਸ ਮੌਕੇ ਅਜੀਤ ਦੇ ਵਿਹੜੇ ਸ੍ਰੀ ਅਮਨ ਅਰੋੜਾ ਨਾਲ ਅਜੀਤ ਵੱਲੋਂ ਇੱਕ ਇੰਟਰਵਿਊ ਵੀ ਕੀਤੀ ਗਈ ਜਿਸ ਨੂੰ ਅਜੀਤ ਨੇ 1 ਦਸੰਬਰ ਦੇ ਅੰਕ ਵਿੱਚ ਪਹਿਲੇ ਪੰਨੇ ‘ਤੇ ਪ੍ਰਮੁੱਖਤਾ ਨਾਲ ਛਾਪਿਆ ਹੈ। ਆਪਣੀ ਇੰਟਰਵਿਊ ਦੌਰਾਨ ਅਜੀਤ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਸ੍ਰੀ ਅਮਨ ਅਰੋੜਾ ਨੇ ਬੜੀ ਲਿਆਕਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪੱਖ ਨੂੰ ਪੇਸ਼ ਕੀਤਾ ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਸਮੁੱਚੀ ਇੰਟਰਵਿਊ ਦੇ ਦੌਰਾਨ ਸ੍ਰੀ ਅਮਨ ਅਰੋੜਾ ਨੇ ਇੱਕ ਵਾਰ ਵੀ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਨਹੀਂ ਲਿਆ, ਜੇਕਰ ਸ੍ਰੀ ਅਰੋੜਾ ਨੇ ਭਗਵੰਤ ਮਾਨ ਦਾ ਨਾਮ ਲਿਆ ਵੀ ਹੋਵੇਗਾ ਤਾਂ ਸਮੁੱਚੀ ਇੰਟਰਵਿਊ ‘ਚ ਕਿਧਰੇ ਵੀ ਮੁੱਖ ਮੰਤਰੀ ਦਾ ਨਾਮ ਨਹੀਂ ਛਪਿਆ ਜਿਸ ਤੋਂ ਸਪੱਸ਼ਟ ਹੈ ਕਿ ਮੁੱਖ ਮੰਤਰੀ ਨਾਲ ਭਾਵੇਂ ਅਜੀਤ ਦਾ 36 ਦਾ ਅੰਕੜਾ ਬਣਿਆ ਹੀ ਰਿਹਾ ਹੋਵੇ ਪ੍ਰੰਤੂ ਸੂਬੇ ਦੀ ਸੱਤਾਧਾਰੀ ਪਾਰਟੀ ਨੇ ਇੱਕ ਵੱਡੇ ਮੀਡੀਆ ਅਦਾਰੇ ਨਾਲ ਆਪਣੇ ਸਬੰਧ ਸਧਾਰਨ ਵੱਲ ਪਹਿਲ ਕਦਮੀ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਸ੍ਰੀ ਬਰਜਿੰਦਰ ਸਿੰਘ ਹਮਦਰਦ ਦੇ ਖ਼ਿਲਾਫ਼ ਸ਼ਹੀਦਾਂ ਦੀ ਯਾਦਗਾਰ ‘ਚ ਵਰਤੇ ਗਏ ਫੰਡਾਂ ਦੀ ਦੁਰਵਰਤੋਂ ਸਬੰਧੀ ਕੀਤੀ ਗਈ ਕਾਰਵਾਈ ਇੱਕ ਵੱਖਰਾ ਮੁੱਦਾ ਹੈ ਅਤੇ ਇਸ ਦਾ ਇੱਕ ਕਾਨੂੰਨੀ ਪਹਿਲੂ ਵੀ ਹੈ ਪ੍ਰੰਤੂ ਬਰਜਿੰਦਰ ਸਿੰਘ ਹਮਦਰਦ ਦੇ ਖ਼ਿਲਾਫ਼ ਜਿਸ ਤਰ੍ਹਾਂ ਦੀ ਸ਼ਬਦਾਵਲੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੇ ਮੀਡੀਆ ਸਲਾਹਕਾਰ ਵੱਲੋਂ ਵਰਤੀ ਜਾਂਦੀ ਰਹੀ ਹੈ, ਉਸ ਦੇ ਮੱਦੇਨਜ਼ਰ ਲੱਗਦਾ ਸੀ ਕਿ ਸੱਤਾ ਵੱਲੋਂ ਸ਼ੁਰੂ ਕੀਤੀ ‘ਅਜੀਤ ਅਤੇ ਆਪ ਸਰਕਾਰ’ ਦੀ ਦੁਸ਼ਮਣੀ ਭਵਿੱਖ ‘ਚ ਜਲਦੀ ਖਤਮ ਨਹੀਂ ਹੋਵੇਗੀ, ਇਸ ਦੁਸ਼ਮਣੀ ਨੂੰ ਸਿਆਸੀ ਅਤੇ ਪ੍ਰਸ਼ਾਸਨਿਕ ਦੁਸ਼ਮਣੀ ਦਾ ਨਾਮ ਵੀ ਦਿੱਤਾ ਜਾ ਸਕਦਾ ਹੈ। ‌ ਹੈਰਾਨੀ ਇਸ ਗੱਲ ਦੀ ਹੈ ਕਿ ਆਪ ਸਰਕਾਰ ਦੀ ਕੈਬਨਿਟ ਦੇ ਇੱਕ ਅਹਿਮ ਚਿਹਰੇ ਅਤੇ ਸੂਬੇ ‘ਚ ਸੱਤਾਧਾਰੀ ਪਾਰਟੀ ਦੇ ਮੁਖੀ ਨੇ ਖ਼ੁਦ ਪਹਿਲਕਦਮੀ ਕਰਦੇ ਹੋਏ ‘ਅਜੀਤ’ ਦੇ ਵਿਹੜੇ ‘ਚ ਕਦਮ ਰੱਖੇ ਅਤੇ ਅੱਗੇ “ਭਾਅ ਜੀ ਨੇ ਵੀ ਉਹਨਾਂ ਦਾ ਫਰਾਖਦਿਲੀ ਨਾਲ ਨਿੱਘਾ ਸਵਾਗਤ ਕੀਤਾ। ਇੱਥੇ ਇਹ ਵੀ ਯਾਦ ਕਰਵਾ ਦੇਈਏ ਕਿ ਆਪ ਸਰਕਾਰ ਵੱਲੋਂ ਬਰਜਿੰਦਰ ਸਿੰਘ ਹਮਦਰਦ ਦੇ ਖ਼ਿਲਾਫ਼ ਕਾਰਵਾਈ ਕੀਤੇ ਜਾਣ ਤੋਂ ਬਾਅਦ ਉਸ ਵੇਲੇ ਦੇ ਕੈਬਨਿਟ ਮੰਤਰੀ ਇੰਦਰਜੀਤ ਸਿੰਘ ਨਿੱਝਰ ਨੇ ਜਦ ਹਮਦਰਦ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਤਾਂ ਉਹਨਾਂ ਨੂੰ ਕੈਬਨਿਟ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਸੀ ਪ੍ਰੰਤੂ ਹੁਣ ਕੈਬਨਿਟ ਦੇ ਹੀ ਇੱਕ ਚਿਹਰੇ ਨੇ ਅਜੀਤ ਪ੍ਰਕਾਸ਼ਨ ਦੇ ਸਮੂਹ ਦੇ ਵਿਹੜੇ ‘ਚ ਦੋਵੇਂ ਕਦਮ ਰੱਖ ਦਿੱਤੇ ਹਨ ਤਾਂ ਕੀ ਮੁੱਖ ਮੰਤਰੀ ਭਗਵੰਤ ਮਾਨ ਜਾਂ ਉਨਾਂ ਦੇ ਸਲਾਹਕਾਰਾਂ ਦੀ ਹਿੰਮਤ ਹੋਵੇਗੀ ਕਿ ਉਹ ਅਮਨ ਅਰੋੜਾ ਨੂੰ ਕੈਬਨਿਟ ‘ਚੋਂ ਬਾਹਰ ਦਾ ਰਸਤਾ ਵਿਖਾਉਣ ? ਅਜਿਹਾ ਕਦੇ ਵੀ ਨਹੀਂ ਹੋਵੇਗਾ ਕਿਉਂਕਿ ਅਮਨ ਅਰੋੜਾ ਦੇ ਸਿਰ ‘ਤੇ ਪ੍ਰਧਾਨਗੀ ਦਾ ਤਾਜ ਆਪ ਦੀ ਕੇਂਦਰੀ ਲੀਡਰਸ਼ਿਪ ਨੇ ਸਜਾਇਆ ਹੈ। ਸੂਤਰਾਂ ਅਨੁਸਾਰ ਸ੍ਰੀ ਅਮਨ ਅਰੋੜਾ ਦੇ ਅਜੀਤ ਦੇ ਵਿਹੜੇ ‘ਚ ਕਦਮ ਅਚਾਨਕ ਨਹੀਂ ਪਏ ਸਗੋਂ ਇਹ ਆਪ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਪੰਜਾਬ ‘ਚ ਆਪ ਦੇ ਖ਼ਿਲਾਫ਼ ਵਧ ਰਹੇ ਜਨਤਾ ਦੇ ਰੋਸ ਅਤੇ ਇਸ ਰੋਸ ਲਹਿਰ ਨੂੰ ਮੀਡੀਆ ਦੇ ਇੱਕ ਵੱਡੇ ਪਲੇਟਫਾਰਮ ਵੱਲੋਂ ਗੁੰਦ ਕੇ ਪੇਸ਼ ਕੀਤੇ ਜਾਣ ਦੀ ਨੀਤੀ ਨੂੰ ਵੇਖਦੇ ਹੋਏ ਆਪ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਲਿਆ ਇੱਕ ਨੀਤੀਗਤ ਫੈਸਲਾ ਹੈ ਜਿਸ ਤਹਿਤ ਆਪ ਦੇ ਸੂਬਾ ਪ੍ਰਧਾਨ ਨੇ “ਭਾਅ ਜੀ” ਦੀ ਬੁੱਕਲ ਦਾ ਨਿੱਘ ਮਾਣਿਆ। ਵੇਖਣਯੋਗ ਹੋਵੇਗਾ ਕਿ ਹੁਣ ਇਸ ਨਿੱਘ ਦਾ ਸੇਕ ਮੁੱਖ ਮੰਤਰੀ ਅਤੇ ਉਨਾਂ ਦੇ ਸਲਾਹਕਾਰਾਂ ਨੂੰ ਕਿਵੇਂ ਲੱਗਦਾ ਹੈ। ਇੱਥੇ ਇਸ ਗੱਲ ਦਾ ਵੀ ਜ਼ਿਕਰ ਕਰ ਦੇਈਏ ਕਿ ਸ੍ਰੀ ਅਮਨ ਅਰੋੜਾ ਦੀ ਅਜੀਤ ਵਿੱਚ ਛਪੀ ਇੰਟਰਵਿਊ ਦੀ ਸਮੁੱਚੀ ਇਬਾਰਤ ਨੂੰ ਜੇਕਰ ਧਿਆਨ ਨਾਲ ਪੜ੍ਹਿਆ ਅਤੇ ਘੋਖਿਆ ਜਾਵੇ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਪੰਜਾਬ ‘ਚ ਸੱਤਾ ਦੇ ਦੋ ਕੇਂਦਰ ਕਾਇਮ ਹੋ ਚੁੱਕੇ ਹਨ, ਜਿਸ ਦੀ ਤਸਵੀਰ ਨਗਰ ਨਿਗਮ ਚੋਣਾਂ ‘ਚ ਟਿਕਟਾਂ ਦੀ ਵੰਡ ਅਤੇ ਸਰਗਰਮੀਆਂ ਦੌਰਾਨ ਸਾਹਮਣੇ ਆਵੇਗੀ।

Gee98 Ads
error: Content is protected !!