ਚੰਡੀਗੜ੍ਹ,16 ਜਨਵਰੀ, Gee98 news service
-ਦਿੱਲੀ ਵਿਧਾਨ ਸਭਾ ਚੋਣਾਂ ਲਈ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਇਸ ਦੌਰਾਨ ਸਿਆਸੀ ਨੇਤਾ ਆਪਣੇ ਵਿਰੋਧੀ ਨੇਤਾਵਾਂ ‘ਤੇ ਸ਼ਬਦੀ ਹਮਲੇ ਕਰਦੇ ਹੋਏ ਮਰਿਆਦਾ ਦੀਆਂ ਧੱਜੀਆਂ ਉਡਾ ਰਹੇ ਹਨ। ਚੋਣ ਪ੍ਰਚਾਰ ਦੌਰਾਨ ਸਭ ਤੋਂ ਵਧੇਰੇ ਭਾਜਪਾ ਆਗੂ ਰਮੇਸ਼ ਬਿਧੂੜੀ ਦੀ ਚਰਚਾ ਹੋ ਰਹੀ ਹੈ ਜਿਸ ਦੇ ਇੱਕ ਤੋਂ ਬਾਅਦ ਇੱਕ ਵਿਵਾਦਿਤ ਬਿਆਨ ਸਾਹਮਣੇ ਆ ਰਹੇ ਹਨ। ਦੱਸ ਦੇਈਏ ਕਿ ਭਾਜਪਾ ਆਗੂ ਰਮੇਸ਼ ਬਿਧੂੜੀ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਦੇ ਖ਼ਿਲਾਫ਼ ਵਿਧਾਨ ਸਭਾ ਹਲਕਾ ਕਾਲਕਾਜੀ ਤੋਂ ਚੋਣ ਲੜ ਰਹੇ ਹਨ। ਹੁਣ ਰਮੇਸ਼ ਬਿਧੂੜੀ ਨੇ ਇੱਕ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਲਈ ਇਤਰਾਜਯੋਗ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਕਿਹਾ ਕਿ “ਆਤਿਸ਼ੀ ਦਿੱਲੀ ਦੀਆਂ ਸੜਕਾਂ ‘ਤੇ ਹਿਰਨੀ ਵਾਂਗ ਘੁੰਮ ਰਹੀ ਹੈ”। ਇਸ ਤੋਂ ਪਹਿਲਾਂ ਇੱਕ ਬਿਆਨ ਦਿੰਦੇ ਹੋਏ ਰਮੇਸ਼ ਬਿਧੂੜੀ ਨੇ ਕਿਹਾ ਸੀ ਕਿ ਕਾਲਕਾਜੀ ਖੇਤਰ ਦੀਆਂ ਸੜਕਾਂ ਪ੍ਰਿਯੰਕਾ ਗਾਂਧੀ ਦੀਆਂ ਗੱਲ੍ਹਾਂ ਵਰਗੀਆਂ ਬਣਾ ਦੇਣਗੇ। ਆਪਣੇ ਇਕ ਹੋਰ ਵਿਵਾਦਿਤ ਬਿਆਨ ਵਿੱਚ ਰਮੇਸ਼ ਬਿਧੂੜੀ ਨੇ ਕਿਹਾ ਸੀ ਕਿ ਆਤਿਸ਼ੀ ਨੇ ਆਪਣਾ ਪਿਤਾ ਬਦਲ ਲਿਆ ਹੈ, ਉਹ ਮਾਰਲੇਨਾ ਤੋਂ ਸਿੰਘ ਬਣ ਗਈ ਹੈ। ਭਾਜਪਾ ਉਮੀਦਵਾਰ ਰਮੇਸ਼ ਬਿਧੂੜੀ ਦੇ ਇਹਨਾਂ ਬਿਆਨਾਂ ਕਰਕੇ ਭਾਜਪਾ ਵੀ ਕਸੂਤੀ ਸਥਿਤੀ ਵਿੱਚ ਫਸੀ ਹੋਈ ਹੈ। ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਆਗੂ ਰਮੇਸ਼ ਬਿਧੂੜੀ ਦੇ ਇਹਨਾਂ ਬਿਆਨਾਂ ਨੂੰ ਭਾਜਪਾ ਦੀ ਮਾਨਸਿਕਤਾ ਕਰਾਰ ਦੇ ਰਹੇ ਹਨ। ਆਪਣੇ ਇਹਨਾਂ ਵਿਵਾਦਿਤ ਬਿਆਨਾਂ ਕਰਕੇ ਰਮੇਸ਼ ਬਿਧੂੜੀ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਕਰ ਪੈ ਰਿਹਾ ਪਰੰਤੂ ਰਮੇਸ਼ ਬਿਧੂੜੀ ਦੀ ਜ਼ੁਬਾਨ ਰੁਕਣ ਦਾ ਨਾਮ ਨਹੀਂ ਲੈ ਰਹੀ। ਕਾਂਗਰਸੀ ਅਤੇ ਆਪ ਆਗੂਆਂ ਨੇ ਚੋਣ ਕਮਿਸ਼ਨ ਨੂੰ ਰਮੇਸ਼ ਬਿਧੂੜੀ ਦੇ ਬਿਆਨਾਂ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਹੈ।