Gee 98News

…SDO,JE ਜਾਂ ਡਾਕਟਰ ‘ਤੇ ਡਿੱਗੇਗੀ ਜਾਂਚ ਦੀ ਬਿਜਲੀ…ਜਾਂ ਰਾਣੀ ਆਪਣਾ ਅੱਗਾ ਵੀ ਢਕੇਗੀ… ਰਾਜਿੰਦਰਾ ਹਸਪਤਾਲ ‘ਚ ਆਪਰੇਸ਼ਨ ਦੌਰਾਨ ਬਿਜਲੀ ਬੰਦ ਹੋਣ ਦੇ ਮਾਮਲੇ ਦੀ ਜਾਂਚ ਸ਼ੁਰੂ

-ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਆਪਰੇਸ਼ਨ ਦੌਰਾਨ ਬਿਜਲੀ ਬੰਦ ਹੋਣ ਦੀ ਘਟਨਾ ਦੀ ਜਾਂਚ ਸ਼ੁਰੂ ਹੋ ਗਈ ਹੈ।‌‌ ਇਸ ਮਾਮਲੇ ਦੀ ਜਾਂਚ ਲਈ ਸਿਹਤ ਮੰਤਰੀ ਦੇ ਹੁਕਮਾਂ ਤੇ ਕੋਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਪਾਵਰਕਾਮ ਦੇ ਅਧਿਕਾਰੀਆਂ ਦੇ ਨਾਲ ਲੋਕ ਨਿਰਮਾਣ ਵਿਭਾਗ ਦੇ ਇਲੈਕਟ੍ਰੀਕਲ ਵਿੰਗ ਦੇ ਅਧਿਕਾਰੀ ਵੀ ਸ਼ਾਮਲ ਹਨ। ਦੂਜੇ ਪਾਸੇ ਹਸਪਤਾਲ ਪ੍ਰਸ਼ਾਸਨ ਅਪਰੇਸ਼ਨ ਥੀਏਟਰ ਵਿੱਚ ਵੀਡੀਓ ਬਣਾਉਣ ਵਾਲੇ ਰੈਜ਼ੀਡੈਂਟ ਡਾਕਟਰ ਤੋਂ ਜਵਾਬਦੇਹੀ ਕਰਨ ਦੀ ਤਿਆਰੀ ਕਰ ਰਿਹਾ ਹੈ। ਹਸਪਤਾਲ ਪ੍ਰਸ਼ਾਸਨ ਜਾਂਚ ਕਰ ਰਿਹਾ ਹੈ ਕਿ ਡਾਕਟਰ ਨੇ ਇਹ ਵੀਡੀਓ ਅਪਰੇਸ਼ਨ ਥੀਏਟਰ ਵਿੱਚ ਮੌਜੂਦ ਆਪਣੇ ਸੀਨੀਅਰ ਦੀ ਸਹਿਮਤੀ ਨਾਲ ਬਣਾਈ ਹੈ ਜਾਂ ਆਪਣੀ ਮਰਜ਼ੀ ਨਾਲ। ਹਸਪਤਾਲ ਪ੍ਰਸ਼ਾਸਨ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਬਣਾਉਣ ਦੀ ਤਿਆਰੀ ਹੈ। ਜਿਕਰਯੋਗ ਹੈ ਕਿ ਬੀਤੇ ਸ਼ੁੱਕਰਵਾਰ ਨੂੰ ਰਾਜਿੰਦਰਾ ਹਸਪਤਾਲ ‘ਚ ਓਪਰੇਸ਼ਨ ਦੌਰਾਨ ਬਿਜਲੀ ਬੰਦ ਹੋਣ ਤੋਂ ਬਾਅਦ ਇਕ ਰੈਜ਼ੀਡੈਂਟ ਡਾਕਟਰ ਨੇ ਓਪਰੇਸ਼ਨ ਥੀਏਟਰ ਦੀ ਵੀਡੀਓ ਬਣਾ ਕੇ ਦੱਸਿਆ ਸੀ ਕਿ ਓਪਰੇਸ਼ਨ ਦੌਰਾਨ ਵਾਰ ਵਾਰ ਬਿਜਲੀ ਜਾ ਰਹੀ ਹੈ। ਵੀਡਿਓ ਵਾਇਰਲ ਹੋਣ ਤੋਂ ਬਾਅਦ ਸਿਹਤ ਮੰਤਰੀ ਡਾ. ਬਲਬੀਰ ਨੇ ਸ਼ਨਿਚਰਵਾਰ ਨੂੰ ਹਸਪਤਾਲ ਪ੍ਰਸ਼ਾਸਨ, ਲੋਕ ਨਿਰਮਾਣ ਵਿਭਾਗ ਅਤੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਮਾਮਲੇ ‘ਚ ਲੋਕ ਨਿਰਮਾਣ ਵਿਭਾਗ ਦੇ ਬਿਜਲੀ ਵਿੰਗ ਦੇ ਐਸਡੀਓ ਅਤੇ ਜੇਈ ਸਮੇਤ ਚਾਰ ਵਿਅਕਤੀਆਂ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਇਹ‌ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਪੰਜ ਨਵੇਂ ਵਿਅਕਤੀਆਂ ਨੂੰ ਜਨਰੇਟਰਾਂ ਕੋਲ ਤਾਇਨਾਤ ਕਰ ਦਿੱਤਾ ਹੈ ਤਾਂ ਜੋ ਲਾਈਟਾਂ ਬੰਦ ਹੋਣ ਤੋਂ ਤੁਰੰਤ ਬਾਅਦ ਜਨਰੇਟਰ ਚਾਲੂ ਕੀਤਾ ਜਾ ਸਕੇ। ਇਸ ਤੋਂ ਇਲਾਵਾ ਅਪਰੇਸ਼ਨ ਥੀਏਟਰ ਵਿੱਚ ਯੂਪੀਐਸ ਦੀ ਸਹੂਲਤ ਵੀ ਦਿੱਤੀ ਗਈ ਹੈ। ਲੋਕ ਨਿਰਮਾਣ ਵਿਭਾਗ ਦੇ ਚੀਫ ਇੰਜਨੀਅਰ ਵਿਜੇ ਚੋਪੜਾ ਨੇ ਦੱਸਿਆ ਕਿ ਆਪ੍ਰੇਸ਼ਨ ਥੀਏਟਰ ਵਿੱਚ ਲਾਈਟ ਬੰਦ ਹੋਣ ਦੇ ਮਾਮਲੇ ‘ਤੇ ਐਸਡੀਓ ਅਤੇ ਜੇਈ ਸਮੇਤ ਚਾਰ ਵਿਅਕਤੀਆਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ ਕਿ ਅਜਿਹਾ ਕਿਉਂ ਹੋਇਆ ਹੈ। ਹੁਣ ਦੇਖਣਯੋਗ ਹੋਵੇਗਾ ਕਿ ਸੂਬੇ ਦੇ ਇੱਕ ਵੱਡੇ ਹਸਪਤਾਲ ਵਿੱਚ ਆਪਰੇਸ਼ਨ ਦੌਰਾਨ ਬਿਜਲੀ ਬੰਦ ਹੋਣ ਲਈ ਜ਼ਿੰਮੇਵਾਰੀ ਦੀ ਗਾਜ਼ ਕਿਸ ਅਧਿਕਾਰੀ ਉੱਪਰ ਡਿੱਗੇਗੀ ? ਕੀ ਐਸਡੀਓ ਜੇਈ ਰੈਜੀਡੈਂਟ ਡਾਕਟਰ ਦੇ ਖ਼ਿਲਾਫ਼ ਕਾਰਵਾਈ ਕਰਕੇ ਪੱਲ੍ਹਾ ਝਾੜ ਲਿਆ ਜਾਵੇਗਾ ਜਾਂ ਫਿਰ “ਰਾਣੀ ਆਪਣਾ ਅੱਗਾ ਢੱਕਣ” ਦੀ ਕੋਸ਼ਿਸ਼ ਵੀ ਕਰੇਗੀ।

error: Content is protected !!